ਵਿੰਨੀਪੈਗ, 13 ਦਸੰਬਰ ( ਸੁਰਿੰਦਰ ਮਾਵੀ)-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਫੈਡਰਲ ਸਰਕਾਰ ਦੀ ਯੋਜਨਾ ਬਾਰੇ ‘ਸੰਖੇਪ ਜਾਣਕਾਰੀ’ ਸਾਂਝੀ ਕੀਤੀ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਧਮਕੀ ਮੁਤਾਬਕ ਟੈਰਿਫ਼ ‘ਤੇ ਸੰਭਾਵਿਤ ਪ੍ਰਤੀਕ੍ਰਿਆਵਾਂ ‘ਤੇ ਚਰਚਾ ਕੀਤੀ।
ਪਬਲਿਕ ਸੇਫ਼ਟੀ ਮੰਤਰੀ ਡੋਮਿਨਿਕ ਲੇਬਲਾਂਕ ਨੇ ਓਟਵਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਸਰਹੱਦੀ ਯੋਜਨਾ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਬੈਠਕ ਦੌਰਾਨ ਪ੍ਰੀਮੀਅਰਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕੈਨੇਡੀਅਨਾਂ ਨਾਲ ਵੇਰਵੇ ਸਾਂਝੇ ਕੀਤੇ ਜਾਣਗੇ। ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਪ੍ਰੀਮੀਅਰਾਂ ਨਾਲ ਸਰਹੱਦੀ ਯੋਜਨਾ ਦੇ ਵੇਰਵੇ ਸਾਂਝੇ ਕੀਤੇ ਅਤੇ ਹਾਂਪੱਖੀ ਫੀਡ ਬੈਕ ਮਿਲਿਆ।
ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਜੇ ਡੋਨਲਡ ਟਰੰਪ ਕੈਨੇਡੀਅਨ ਵਸਤਾਂ ‘ਤੇ ਭਾਰੀ ਟੈਕਸ ਲਾਉਣ ਦੀ ਧਮਕੀ ਨੂੰ ਅਮਲ ਵਿਚ ਲਿਆਂਦੇ ਹਨ ਤਾਂ ਓਂਟਾਰੀਓ ਅਮਰੀਕਾ ਲਈ ਬਿਜਲੀ ਸਪਲਾਈ ਬੰਦ ਕਰ ਸਕਦਾ ਹੈ। ਫੋਰਡ ਨੇ ਕੁਈਨਜ਼ ਪਾਰਕ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਫੈਡਰਲ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਉਨ੍ਹਾਂ ਵਸਤੂਆਂ ਦੀ ਸੂਚੀ ਤਿਆਰ ਕਰਨਗੇ ਜਿਨ੍ਹਾਂ ‘ਤੇ ਕੈਨੇਡਾ ਜਵਾਬੀ ਟੈਰਿਫ਼ ਲਗਾ ਸਕਦਾ ਹੈ ਅਤੇ ਓਂਟਾਰੀਓ ਸਰਕਾਰ ਵੀ ਅਜਿਹੀ ਸੂਚੀ ਤਿਆਰ ਕਰੇਗੀ। ਉਂਝ ਇਸ ਮਾਮਲੇ ਉਤੇ ਫੋਰਡ ਉਦੋਂ ਇਕੱਲੇ ਪੈਂਦੇ ਨਜ਼ਰ ਆਏ ਜਦੋਂ ਮੁਲਕ ਦੇ ਬਾਕੀ ਬਿਜਲੀ ਉਤਪਾਦਕ ਸੂਬਿਆਂ ਨੇ ਅਜਿਹਾ ਕਰਨ ਤੋਂ ਨਾਂਹ ਕਰਦਿਆਂ ਇਸ ਨੂੰ ਫੋਰਡ ਦੀ ਨਿਜੀ ਸੋਚ ਕਰਾਰ ਦਿੱਤਾ।
ਅਸੀਂ ਕਿਸ ਹੱਦ ਤੱਕ ਜਾਵਾਂਗੇ ਇਹ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਤੱਕ ਜਾਂਦਾ ਹੈ। ਅਸੀਂ ਉਨ੍ਹਾਂ ਦੀ ਬਿਜਲੀ ਨੂੰ ਕੱਟਣ ਦੀ ਹੱਦ ਤੱਕ ਜਾਵਾਂਗੇ। ਡਗ ਫੋਰਡ ਨੇ ਦਲੀਲ ਦਿੱਤੀ ਕਿ ਉਹ ਨਹੀਂ ਚਾਹੁੰਦੇ ਕਿ ਅਜਿਹਾ ਕੁਝ ਹੋਵੇ ਪਰ ਉਨ੍ਹਾਂ ਦਾ ਪਹਿਲਾ ਫ਼ਰਜ਼ ਓਂਟਾਰੀਓ ਵਾਸੀਆਂ ਅਤੇ ਕੈਨੇਡੀਅਨਾਂ ਦੀ ਹਿਫ਼ਾਜ਼ਤ ਕਰਨਾ ਹੈ। ਓਂਟਾਰੀਓ ਦੇ ਪ੍ਰੀਮੀਅਰ ਨੇ ਲੋਕਾਂ ਨੂੰ ਆਪਣੇ ਮੁਲਕ ਵਾਸਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ।
ਅਮਰੀਕਾ ਤੇ ਓਂਟਾਰੀਓ ਦਰਮਿਆਨ ਹੁੰਦਾ ਹੈ 500 ਅਰਬ ਡਾਲਰ ਤੋਂ ਵੱਧ ਦਾ ਵਪਾਰ
ਦੱਸਣਯੋਗ ਹੈ ਕਿ ਇਕੱਲੇ ਓਂਟਾਰੀਓ ਸੂਬੇ ਦਾ ਅਮਰੀਕਾ ਨਾਲ ਵਪਾਰ 500 ਅਰਬ ਡਾਲਰ ਤੋਂ ਵੱਧ ਬਣਦਾ ਹੈ ਅਤੇ ਜੇ ਟੈਕਸ ਦਰਾਂ ਲਾਗੂ ਹੁੰਦੀਆਂ ਹਨ ਤਾਂ ਸਭ ਤੋਂ ਵੱਧ ਅਸਰ ਵੀ ਓਂਟਾਰੀਓ ’ਤੇ ਹੀ ਪਵੇਗਾ। ਡਗ ਫੋਰਡ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਵੱਲੋਂ ਟਰੰਪ ਦੇ ਨੁਮਾਇੰਦਿਆਂ ਨਾਲ ਕੋਈ ਸੰਪਰਕ ਕੀਤਾ ਗਿਆ ਹੈ ਜਾਂ ਨਵੇਂ ਚੁਣੇ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਕੋਈ ਯੋਜਨਾ ਹੈ ਤਾਂ ਡਗ ਫੋਰਡ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਆਇਆ।
ਕੈਨੇਡਾ ਤੋਂ ਅਮਰੀਕਾ ਵਿਚ ਗੈਰਕਾਨੂੰਨੀ ਫੈਂਟਾਨਿਲ ਪਹੁੰਚਣ ਬਾਰੇ ਟਰੰਪ ਦੇ ਦਾਅਵਿਆਂ ਵਿਚ ਸਬੂਤਾਂ ਦੀ ਘਾਟ ਦੇ ਬਾਵਜੂਦ ਕੈਨੇਡਾ ਨੇ ਸਰਹੱਦੀ ਸੁਰੱਖਿਆ ਵਧਾਉਣ ਦਾ ਅਹਿਦ ਕੀਤਾ ਹੈ। ਇਹ ਸਪਸ਼ਟ ਨਹੀਂ ਹੋਇਆ ਕਿ ਕੀ ਫੋਰਡ ਸਾਰੇ ਕੈਨੇਡੀਅਨ ਸੂਬਿਆਂ ਬਾਰੇ ਗੱਲ ਕਰ ਰਹੇ ਸਨ ਜੋ ਅਮਰੀਕਾ ਨੂੰ ਊਰਜਾ ਨਿਰਯਾਤ ਨੂੰ ਰੋਕਣਗੇ ਜਾਂ ਇਕੱਲੇ ਓਂਟਾਰੀਓ ਬਾਰੇ ਗੱਲ ਕਰ ਰਹੇ ਸਨ। ਪਰ ਫੋਰਡ ਦੇ ਇੱਕ ਬੁਲਾਰੇ ਗ੍ਰੇਸ ਲੀ ਨੇ ਦੱਸਿਆ ਕਿ ਇਹ ਨੁਕਤਾ ਟਰੂਡੋ ਅਤੇ ਸੂਬਾਈ ਪ੍ਰੀਮੀਅਰਾਂ ਵਿਚਕਾਰ ਹੋਈ ਮੁਲਾਕਾਤ ਵਿੱਚ ਚੁੱਕਿਆ ਗਿਆ ਸੀ। ਲੀ ਨੇ ਦੱਸਿਆ ਕਿ ਓਂਟਾਰੀਓ ਨੇ 2023 ਵਿੱਚ ਅਮਰੀਕਾ ਵਿੱਚ 15 ਲੱਖ ਘਰਾਂ ਨੂੰ ਬਿਜਲੀ ਦਿੱਤੀ ਸੀ ਅਤੇ ਓਂਟਾਰੀਓ ਮਿਸ਼ੀਗਨ, ਮਿਨੀਸੋਟਾ ਅਤੇ ਨਿਊਯਾਰਕ ਨੂੰ ਬਿਜਲੀ ਦੀ ਭਾਰੀ ਬਰਾਮਦ ਕੀਤੀ।