Headlines

ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਚੌਕਸੀ ਵਰਤਣ ਦੀ ਸਲਾਹ

ਨਵੀਂ ਦਿੱਲੀ, 13 ਦਸੰਬਰ ( ਦਿਓਲ)-

ਕੈਨੇਡਾ ਵਿਚ ਪਿਛਲੇ ਹਫ਼ਤੇ ਤਿੰਨ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਮਗਰੋਂ ਵਿਦੇਸ਼ ਮੰਤਰਾਲੇ ਨੇ ਇਕ ਐਡਵਾਈਜ਼ਰੀ ਵਿਚ ਕੈਨੇਡਾ ਰਹਿੰਦੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਵਿਚ ਨਫ਼ਰਤੀ ਅਪਰਾਧ ਤੇ ਅਪਰਾਧਿਕ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਕਰਕੇ ਨਿੱਘਰਦੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਭਾਰਤੀ ਨਾਗਰਿਕ ਤੇ ਵਿਦਿਆਰਥੀ ਚੌਕਸ ਰਹਿਣ। ਅਧਿਕਾਰਤ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਇਸ ਵੇਲੇ 4 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਿਛਲੇ ਹਫ਼ਤੇ ਕੈਨੇਡਾ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਮਗਰੋਂ ਓਟਵਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਕੈਨੇਡੀਅਨ ਅਥਾਰਿਟੀਜ਼ ਕੋਲ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਰੱਖਿਆ ਹੈ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਲਈ ਕੈਨੇਡਾ ਵਿਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਭਲਾਈ ਸਭ ਤੋਂ ਉੱਤੇ ਹੈ। ਜੈਸਵਾਲ ਨੇ ਕਿਹਾ ਕਿ ਪਿਛਲੇ ਹਫ਼ਤੇ ਤਿੰਨ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਤਿੰਨ ਭਾਰਤੀ ਵਿਦਿਆਰਥੀ ਕਤਲ ਕਰ ਦਿੱਤੇ ਗਏ। ਅਸੀਂ ਇਸ ਭਿਆਨਕ ਦੁਖਾਂਤ ਤੋਂ ਗ਼ਮਗੀਨ ਹਾਂ ਜਦੋਂ ਕੈਨੇਡਾ ਵਿਚ ਸਾਡੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਸੀਂ ਪੀੜਤ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕਰਦੇ ਹਾਂ।