ਅੰਮ੍ਰਿਤਸਰ, 13 ਦਸੰਬਰ ( ਭੰਗੂ )-
ਅਕਾਲ ਤਖ਼ਤ ਵੱਲੋਂ ਲਾਈ ਤਨਖ਼ਾਹ ਪੂਰੀ ਕਰਨ ਮਗਰੋਂ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਇੱਥੇ ਅਕਾਲ ਤਖ਼ਤ ਵਿਖੇ ਤਤਕਾਲੀ ਸਰਕਾਰ ਵੇਲੇ ਹੋਈਆਂ ਭੁੱਲਾਂ-ਚੁੱਕਾਂ ਅਤੇ ਗ਼ਲਤੀਆਂ ਦੀ ਖ਼ਿਮਾ ਯਾਚਨਾ ਦੀ ਅਰਦਾਸ ਕੀਤੀ ਹੈ। ਇਸ ਸਬੰਧ ਵਿੱਚ ਅੱਜ ਸਵੇਰੇ ਸੁਖਬੀਰ ਸਿੰਘ ਬਾਦਲ ਸਮੇਤ ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ ਅਕਾਲ ਤਖ਼ਤ ਵਿਖੇ ਪੁੱਜੇ। ਅਕਾਲ ਤਖ਼ਤ ਵਿਖੇ ਉਨ੍ਹਾਂ ਕੋਲੋਂ ਤਨਖ਼ਾਹ ਪੂਰੀ ਕਰਨ ਸਬੰਧੀ ਸਬੂਤ ਆਦਿ ਲੈ ਕੇ ਤਸਦੀਕ ਕੀਤੀ ਗਈ। ਇਸ ਮਗਰੋਂ ਅਕਾਲ ਤਖ਼ਤ ਵਿਖੇ ਉਨ੍ਹਾਂ ਦੀਆਂ ਭੁੱਲਾਂ-ਚੁੱਕਾਂ ਦੀ ਖਿਮਾ ਯਾਚਨਾ ਸਬੰਧੀ ਅਰਦਾਸ ਕੀਤੀ ਗਈ ਤੇ ਇਸ ਸਬੰਧੀ ਲੋੜੀਂਦਾ ਦਸਤਾਵੇਜ਼ ਵੀ ਸੌਂਪਿਆ ਗਿਆ।
ਇਸ਼ਿਤਹਾਰਾਂ ’ਤੇ ਖਰਚੇ ਪੈਸੇ ਸ੍ਰੋਮਣੀ ਕਮੇਟੀ ਦੇ ਖਾਤੇ ’ਚ ਜਮ੍ਹਾਂ ਕਰਵਾਏ-
ਅੰਮ੍ਰਿਤਸਰ –ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਪੰਜ ਹੋਰ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ’ਤੇ ਮੁਆਫ਼ੀ ਸਬੰਧੀ ਅਰਦਾਸ ਤੋਂ ਪਹਿਲਾਂ ਲਗਪਗ 95 ਲੱਖ ਰੁਪਏ ਦੀ ਰਕਮ ਸ਼੍ਰੋਮਣੀ ਕਮੇਟੀ ਦੇ ਅਕਾਊਂਟ ਵਿਭਾਗ ਵਿੱਚ ਜਮ੍ਹਾਂ ਕਰਵਾਈ ਗਈ ਹੈ। ਇਹ ਉਹ ਰਕਮ ਹੈ, ਜੋ ਡੇਰਾ ਮੁਖੀ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦੇਣ ਸਬੰਧੀ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰਾਂ ਦੇ ਰੂਪ ਵਿੱਚ ਖ਼ਰਚੀ ਗਈ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਹ ਰਕਮ ਜਮ੍ਹਾਂ ਕਰਵਾਉਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਲਗਪਗ 82 ਲੱਖ ਰੁਪਏ ਦੀ ਰਕਮ ਖ਼ਰਚੀ ਗਈ ਸੀ ਜੋ ਵਿਆਜ ਸਣੇ ਇਹ ਇੱਕ ਕਰੋੜ ਦਸ ਲੱਖ ਰੁਪਏ ਬਣਦੀ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੀ ਹਿੱਸੇ ਆਉਂਦੀ 15,78,685 ਰੁਪਏ ਦੀ ਰਕਮ ਜਮ੍ਹਾਂ ਕਰਵਾਉਣੀ ਬਾਕੀ ਹੈ।