ਗਲਤੀ ਮੰਨਦਿਆਂ ਅਕਾਲ ਤਖਤ ਤੇ ਪੇਸ਼ ਹੋਕੇ ਮੁਆਫੀ ਮੰਗੀ-
ਅੰਮ੍ਰਿਤਸਰ ( ਦੇ ਪ੍ਰ ਬਿ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਦਾਨੇ ਸਮਝੇ ਜਾਂਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਵੇਲੇ ਕਸੂਤੇ ਫਸੇ ਦਿਖਾਈ ਦਿੱਤੇ ਜਦੋਂ ਉਹਨਾਂ ਦੀ ਇਕ ਆਡੀਓ ਜਿਸ ਵਿਚ ਉਹ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਭੱਦੀ ਸ਼ਬਦਾਵਾਲੀ ਬੋਲਦੇ ਸੁਣਾਈ ਦਿੰਦੇ ਹਨ, ਸੋਸ਼ਲ ਮੀਡੀਆ ਉਪਰ ਵਾਇਰਲ ਹੋ ਗਈ। ਇਸ ਆਡੀਓ ਵਿਚ ਗੁਰਿੰਦਰ ਸਿੰਘ ਕੋਟਕਪੁਰਾ ਨਾਮ ਦਾ ਇਕ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਕਾਲੀ ਆਗੂਆਂ ਦੇ ਅਸਤੀਫੇ ਤਿੰਨ ਦਿਨਾਂ ਅੰਦਰ ਪ੍ਰਵਾਨ ਕੀਤੇ ਜਾਣ ਸਬੰਧੀ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਗੱਲਬਾਤ ਦੌਰਾਨ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਮ ਦਾ ਜ਼ਿਕਰ ਆਉਣ ਤੇ ਧਾਮੀ ਸਾਹਿਬ ਬੁਰੀ ਤਰਾਂ ਭੜਕ ਪਏ। ਉਹਨਾਂ ਬੀਬੀ ਦੀ ਗੱਲ ਨੂੰ ਬਕਵਾਸ ਦੱਸਣ ਦੇ ਨਾਲ ਇਕ ਮੋਟੀ ਸਾਰੀ ਗੰਦੀ ਗਾਲ ਵੀ ਕੱਢੀ। ਇਸਤੋਂ ਪਹਿਲਾਂ ਕਿ ਉਹ ਗੱਲ ਨੂੰ ਸਾਂਭ ਸਕਦੇ ਪਰ ਉਹਨਾਂ ਵਲੋਂ ਕੱਢੀ ਗਈ ਗਾਲ ਰਿਕਾਰਡ ਹੋਣ ਤੋਂ ਬਾਦ ਵਾਇਰਲ ਹੋ ਗਈ। ਇਹ ਆਡੀਓ ਵਾਇਰਲ ਹੋਣ ਉਪਰੰਤ ਉਹਨਾਂ ਕੋਈ ਸਫਾਈ ਦੇਣ ਦੀ ਬਿਜਾਏ ਆਪਣੀ ਗਲਤੀ ਮੰਨ ਲਈ ਤੇ ਸ੍ਰੀ ਅਕਾਲ ਤਖਤ ਸਾਿਹਿਬ ਵਿਖੇ ਇੱਕ ਪੱਤਰ ਦੇ ਕੇ ਉਨ੍ਹਾਂ ਕੋਲੋਂ ਜਾਣੇ-ਅਨਜਾਣੇ ਵਿੱਚ ਹੋਈ ਗਲਤੀ ਵਾਸਤੇ ਬੀਬੀ ਜਗੀਰ ਕੌਰ ਸਮੇਤ ਸਮੁੱਚੀਆਂ ਔਰਤਾਂ ਕੋਲੋਂ ਮੁਆਫ਼ੀ ਮੰਗੀ ਹੈ। ਐਡਵੋਕੇਟ ਧਾਮੀ ਨੇ ਇਹ ਪੱਤਰ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਮੈਨੇਜਰ ਜਸਪਾਲ ਸਿੰਘ ਨੂੰ ਸੌਂਪਿਆ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਜਾਣੇ-ਅਣਜਾਣੇ ਵਿੱਚ ਅਪਸ਼ਬਦ ਬੋਲੇ ਗਏ ਹਨ, ਜਿਸ ਦੀ ਉਹ ਖਿਮਾ ਯਾਚਨਾ ਕਰਦੇ ਹਨ। ਉਨ੍ਹਾਂ ਮੰਨਿਆਂ ਕਿ ਇੱਕ ਜ਼ਿੰਮੇਵਾਰ ਪੰਥਕ ਅਹੁਦੇ ’ਤੇ ਹੁੰਦਿਆਂ ਉਨ੍ਹਾਂ ਨੂੰ ਅਜਿਹੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਉਨ੍ਹਾਂ ਨੂੰ ਜੋ ਵੀ ਆਦੇਸ਼ ਦਿੱਤਾ ਜਾਵੇਗਾ, ਉਹ ਸਿਰ ਮੱਥੇ ਪ੍ਰਵਾਨ ਕਰਨਗੇ।