ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਅੱਜ ਰੀਲੀਜ਼ ਹੋਈ ਫਿਲਮ-
ਸਰੀ ( ਦੇ ਪ੍ਰ ਬਿ )- ਅੱਜ 13 ਦਸੰਬਰ ਨੂੰ ਵਿਸ਼ਵ ਭਰ ਦੇ ਸਿਨੇਮਿਆਂ ਵਿਚ ਰੀਲੀਜ਼ ਹੋਈ ਪੰਜਾਬੀ ਫਿਲਮ ਵੱਡਾ ਘਰ ਨੂੰ ਪੰਜਾਬੀ ਸਿਨੇਮਾ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਣ ਦੀ ਖਬਰ ਹੈ। ਇਸਤੋਂ ਪਹਿਲਾਂ ਸਰੀ ਦੇ ਸਟਰਾਅਬੇਰੀ ਹਿੱਲ ਸਿਨੇਪਲੈਕਸ ਵਿਖੇ ਫਿਲਮ ਦਾ ਪ੍ਰੀਮੀਅਰ ਸ਼ੋਅ ਬੜੇ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਸ ਮੌਕੇ ਪੁੱਜੇ ਫਿਲਮ ਦੇ ਲੇਖਕ ਤੇ ਨਿਰਮਾਣਕਾਰਾਂ ਨੇ ਮੀਡੀਆ ਤੇ ਹੋਰ ਆਏ ਸੱਜਣਾਂ ਨੂੰ ਜੀ ਆਇਆ ਕਿਹਾ ਤੇ ਫਿਲਮ ਬਣਾਉਣ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ।
ਪੰਜਾਬੀ ਦੇ ਉਘੇ ਗੀਤਕਾਰ ਜਸਵੀਰ ਗੁਣਾਚੌਰੀਆ ਵਲੋ ਇਸ ਫਿਲਮ ਦੀ ਕਹਾਣੀ ਲਿਖੀ ਗਈ ਹੈ। ਇਸ ਮੌਕੇ ਉਹਨਾਂ ਕਿਹਾ ਕਿ ਮੈਂ ਇਸ ਪ੍ਰੋਜੈਕਟ ਤੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ। ਮੇਰੇ ਸਾਥੀ ਪ੍ਰੋਡਿਊਸਰ ਸੰਦੀਪ ਧੰਜਲ (ਲਾਡੀ), ਮਨਜਿੰਦਰ ਸਿੰਘ ਕੰਵਲ (ਰੌਬ ਕੰਵਲ) ਤੇ ਫਿਲਮ ਨਿਰਦੇਸ਼ਕ ਕਮਲਜੀਤ ਸਿੰਘ ਗੋਲਡੀ ਢਿੱਲੋਂ ਵੱਲੋਂ ਬਹੁਤ ਮਿਹਨਤ ਤੇ ਤਨਦੇਹੀ ਨਾਲ ਇਹ ਫਿਲਮ ਬਣਾਈ ਗਈ ਹੈ। ਜੋ ਕਿ ਪੰਜਾਬੀਆਂ ਦੇ ਪ੍ਰਵਾਸ ਦੀ ਸੱਚੀ ਕਹਾਣੀ ਨੂੰ ਪਰਦੇ ਤੇ ਹੂਬਹੂ ਬਿਆਨ ਕਰਦੀ ਹੈ। ਇਹ ਪੰਜਾਬ ਦਾ ਬਹੁਤ ਹੀ ਸੰਜੀਦਾ ਵਿਸ਼ਾ ਹੈ।
ਫਿਲਮ ਵਿੱਚ ਮੁਖ ਭੂਮਿਕਾ ਵਿਚ ਜੋਬਨਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ, ਜੋਤੀ ਅਰੋੜਾ, ਸੁਖਵਿੰਦਰ ਰੋਡੇ ਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ । ਜਸਬੀਰ ਗੁਣਾਚੌਰੀਆ ਨੇ ਲਿਖੇ ਗੀਤਾਂ ਨੂੰ ਬਾਲੀਵੁੱਡ ਦੀ ਪ੍ਰਸਿਧ ਗਾਇਕਾ ਸੁਨਿਧੀ ਚੌਹਾਨ, ਨਛੱਤਰ ਗਿੱਲ, ਸੋਨੂ ਕੱਕੜ , ਮਾਸਟਰ ਸਲੀਮ, ਕੰਵਰ ਗਰੇਵਾਲ, ਗੁਰਸਬਦ, ਜੀ ਖਾਨ ਤੇ ਅਫਸਾਨਾ ਖਾਨ ਨੇ ਪਲੇਬੈਕ ਸਿੰਗਰ ਦੇ ਤੌਰ ਤੇ ਗਾਇਆ ਹੈ। ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫਿਲਮ ਦੇ ਪ੍ਰੀਮੀਅਰ ਸ਼ੋਅ ਉਪਰੰਤ ਦਰਸ਼ਕਾਂ ਨੇ ਫਿਲਮ ਦੇ ਕਲਾਕਾਰਾਂ ਦੇ ਨਿਰਮਾਤਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ। ਵਿਸ਼ੇਸ਼ ਕਰਕੇ ਜਸਵੀਰ ਗੁਣਾਚੌਰੀਆ ਦੇ ਇਸ ਉਦਮ ਨੂੰ ਭਾਰੀ ਸਲਾਹਿਆ ਗਿਆ ਤੇ ਉਹਨਾਂ ਨੂੰ ਪੰਜਾਬੀ ਫਿਲਮ ਖੇਤਰ ਵਿਚ ਸਾਬਿਤ ਕਦਮੀ ਪ੍ਰਵੇਸ਼ ਕਰਨ ਲਈ ਵਧਾਈ ਦਿੱਤੀ।
ਫਿਲਮ ਵੱਡਾ ਘਰ ਦੇ ਕੁਝ ਭਾਵਪੂਰਤ ਦ੍ਰਿਸ਼। ਤਸਵੀਰਾਂ-ਦੇਸ ਪ੍ਰਦੇਸ