ਵਿਕਟੋਰੀਆ-ਪ੍ਰੀਮੀਅਰ ਡੇਵਿਡ ਏਬੀ ਦਾ ਕਹਿਣਾ ਹੈ ਕਿ ਬੀ.ਸੀ. ਐਨਡੀਪੀ , ਜਿਸ ਕੋਲ ਵਿਧਾਨ ਸਭਾ ਵਿੱਚ ਇੱਕ ਸੀਟ ਦਾ ਬਹੁਮਤ ਹੈ, ਨੇ ਗਰੀਨ ਪਾਰਟੀ ਨਾਲ ਸਿਧਾਂਤਕ ਤੌਰ ‘ਤੇ ਸਮਝੌਤਾ ਕਰ ਲਿਆ ਹੈ। ਇਸ ਸਮਝੌਤੇ ਤਹਿਤ ਗਰੀਨ ਪਾਰਟੀ ਦੇ ਦੋ ਵਿਧਾਇਕ ਅਗਲੇ ਚਾਰ ਸਾਲਾਂ ਲਈ ਸਥਿਰ ਸਰਕਾਰ ਨੂੰ ਯਕੀਨੀ ਬਣਾਉਣ ਲਈ ਐਨ ਡੀ ਪੀ ਨੂੰ ਸਮਰਥਨ ਜਾਰੀ ਰੱਖਣਗੇ। ਉਹਨਾਂ ਨੇ ਕੁਝ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਸ ਵਿਚ ਪਾਰਟੀਆਂ ਮਿਲਕੇ ਕੰਮ ਕਰਨਗੀਆਂ।
ਇਹ ਸਮਝੌਤਾ 2017 ਦੇ ਭਰੋਸੇ-ਅਤੇ-ਸਪਲਾਈ ਸਮਝੌਤੇ ਵਾਂਗ ਹੈ, ਜਿਸ ਨੇ ਬੀ.ਸੀ. ਐਨ.ਡੀ.ਪੀ. ਨੂੰ 16 ਸਾਲ ਬਾਅਦ ਘੱਟ ਗਿਣਤੀ ਸਰਕਾਰ ਦੇ ਰੂਪ ਵਿੱਚ ਰਾਹ ਪੱਧਰਾ ਕੀਤਾ ਸੀ।
ਇਹ ਸਮਝੌਤਾ ਸਰਕਾਰ ਨੂੰ 11 ਖੇਤਰਾਂ ਵਿੱਚ ਨੀਤੀਆਂ ਬਣਾਉਣ ਲਈ ਵਚਨਬੱਧ ਕਰਦਾ ਹੈ ਜਿਸ ਵਿਚ ਸਿਹਤ ਸੰਭਾਲ ਪ੍ਰੋਗਰਾਮ ਤਹਿਤ ਹੈਲਥ ਸੈਂਟਰਾਂ ਦਾ ਵਿਸਥਾਰ ਕੀਤਾ ਜਾਵੇਗਾ। ਸਰਕਾਰ ਮਨੋਵਿਗਿਆਨੀਆਂ ਨੂੰ ਜਨਤਕ ਕਵਰੇਜ ਪ੍ਰਦਾਨ ਕਰਨ ਲਈ ਗ੍ਰੀਨਜ਼ ਅਤੇ ਬੀ ਸੀ ਸਾਈਕੋਲੋਜੀਕਲ ਐਸੋਸੀਏਸ਼ਨ ਨਾਲ ਵੀ ਕੰਮ ਕਰੇਗੀ।