Headlines

ਪਾਕਿਸਤਾਨੀ ਪੰਜਾਬ ਵਿਚ ਗੁਰਮੁਖੀ ਵਿਚ ਪੁਸਤਕਾਂ ਦੀ ਪ੍ਰਕਾਸ਼ਨਾ

ਲਾਹੌਰ-1947 ਤੋਂ ਬਾਅਦ ਲਹਿੰਦੇ ਪੰਜਾਬ ਵਿੱਚ ਗੁਰਮੁਖੀ ਪੰਜਾਬੀ ਸਿੱਖਿਆ ਪ੍ਰਣਾਲੀ ਦਾ ਲਗਭਗ ਅੰਤ ਹੀ ਹੋ ਗਿਆ ਸੀ। ਪੰਜਾਬ ਤੋਂ ਬਾਹਰ ਸਰਹੱਦੀ ਸੂਬੇ ਅਤੇ ਕਬਾਇਲੀ ਇਲਾਕਿਆਂ ਵਿੱਚ ਕਾਫੀ ਸਿੱਖ ਪਰਿਵਾਰ ਰਹਿ ਰਹੇ ਸਨ। 1971-72 ਵਿੱਚ ਪਠਾਣਾਂ ਨੇ ਉਨ੍ਹਾਂ ਨੂੰ ਏਨਾ ਤੰਗ ਕੀਤਾ ਕਿ ਪਹਾੜਾਂ ਤੋਂ ਲਹਿ ਕੇ ਸਿੱਖ ਪਰਿਵਾਰ ਪਿਸ਼ੌਰ  ਸ਼ਹਿਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਸਥਿੱਤ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਜਨਮ ਸਥਾਨ ਦੇ ਨੇੜੇ ਆ ਟਿਕੇ। ਪਿਸ਼ੌਰ ਵਿੱਚ ਦਸਮ ਪਾਤਸ਼ਾਹ ਜੀ ਦੇ ਇਕ ਪਿਆਰੇ ਸਿੰਘ ਭਾਈ ਜੋਗਾ ਸਿੰਘ ਜੀ ਨਾਲ ਸਬੰਧਤ ਗੁਰਦੁਆਰਾ ਜੋਗਾ ਸਿੰਘ ਜੀ ਵਿੱਚ ਪੰਜਾਬੀ ਸਕੂਲ ਬਣ ਗਿਆ। ਏਸੇ ਤਰ੍ਹਾਂ ਹੀ ਸ੍ਰੀ ਨਨਕਾਣਾ ਸਾਹਿਬ ਵਿਖੇ ਪਾਂਧੇ ਦੇ ਇਤਿਹਾਸਕ ਗੁਰਦੁਆਰੇ ਨੇੜੇ ਸਿੱਖ ਬਾਲਾਂ ਬਾਲੜੀਆਂ ਨੂੰ ਗੁਰਮੁਖੀ ਪੰਜਾਬੀ ਸਿੱਖਿਆ ਦੇਣ ਲਈ ਅਤੇ ਪਵਿੱਤਰ ਗੁਰਬਾਣੀ ਦੇ ਲੜ ਲਾਉਣ ਲਈ 1947 ਤੋਂ ਬਾਅਦ ਲਹਿੰਦੇ ਪੰਜਾਬ ਦਾ ਪਹਿਲਾ ਪੰਜਾਬੀ ਸਕੂਲ ਸਥਾਪਤ ਕਰ ਦਿੱਤਾ ਗਿਆ। ਚੇਤੇ ਰਹੇ ਕਿ ਇਹ ਉਹੀ ਗੁਰਧਾਮ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਣ ਲਈ ਭੇਜਿਆ ਗਿਆ ਸੀ ਅਤੇ ਬਾਲਕ ਗੁਰੂ ਸਾਹਿਬ ਉਸ ਪਾਂਧੇ ਨੂੰ ਹੀ ਪੜ੍ਹਾ ਕੇ ਆ ਗਏ ਸਨ।
ਇਸ ਸਮੇਂ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖਾਂ ਦੇ ਅਨੇਕਾਂ ਵਿੱਦਿਅਕ ਅਦਾਰੇ ਗੁਰਮੁਖੀ ਪੰਜਾਬੀ ਪੜ੍ਹਾਈ ਲਿਖਾਈ ਦਾ ਚਾਨਣਾ ਵੰਡ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਨਨਕਾਣਾ ਸਾਹਿਬ ਸਭ ਤੋਂ ਉੱਤਮ ਕਾਰਜ ਨਿਭਾ ਰਹੀ ਹੈ।
ਮੇਰੀ ਜਿੰਦਗੀ ਦੀ ਇਕ ਵੱਡੀ ਰੀਝ ਸੀ ਕਿ  ਲਹਿੰਦੇ ਪੰਜਾਬ ਵਿੱਚ ਗੁਰਮੁਖੀ ਵਿੱਚ ਪੰਜਾਬੀ ਪੜ੍ਹਾਈ ਲਿਖਾਈ ਸ਼ੁਰੂ ਹੋਣ ਦੇ ਨਾਲ ਇਕ ਵਾਰ ਫਿਰ ਇਸ ਲਿੱਪੀ ਵਿੱਚ ਸਾਹਿਤਕ ਅਤੇ ਜਾਣਕਾਰੀ ਭਰਪੂਰ  ਕਿਤਾਬਾਂ ਵੀ ਛਪ ਸਕਣ। ਗੁਰਮੁਖੀ ਵਿੱਚ ਕੰਪਿਊਟਰ ਕੰਪੋਜ਼ਿੰਗ ਦਾ ਯੁੱਗ ਸ਼ੁਰੂ ਹੋਇਆ ਤਾਂ 1991 ਵਿੱਚ ਇਹ ਸੁਵਿਧਾ ਪ੍ਰਾਪਤ ਕਰ ਕੇ ਮੈਨੂੰ ਹੀ ਪੱਛਮੀ ਪੰਜਾਬ ਦੀ ਪਹਿਲੀ ਗੁਰਮੁਖੀ ਪੁਸਤਕ ਪ੍ਰਕਾਸ਼ਤ ਕਰਨ ਦਾ ਮਾਣ ਮਿੱਲਿਆ। ਹੁਣ ਤਾਂ ਇਥੇ ਹੋਰ ਵੀ ਅਨੇਕਾਂ ਛਾਪਕ ਅਦਾਰੇ ਗੁਰਮੁਖੀ ਕਿਤਾਬਾਂ ਛਾਪ ਰਹੇ ਹਨ।

ਰਿਪੋਰਟ-ਇਲਿਆਸ ਘੁੰਮਣ

Leave a Reply

Your email address will not be published. Required fields are marked *