Headlines

ਸੰਪਾਦਕੀ- ਟਰੰਪ ਦੀਆਂ ਕੈਨੇਡਾ ਨੂੰ ਧਮਕੀਆਂ ਦਾ ਜਵਾਬ….

ਸੁਖਵਿੰਦਰ ਸਿੰਘ ਚੋਹਲਾ-

ਡੋਨਾਲਡ ਟਰੰਪ ਵਲੋਂ ਅਮਰੀਕਾ ਦਾ ਮੁੜ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਦ ਉਹਨਾਂ ਵਲੋਂ ਕੀਤੀਆਂ ਜਾ ਰਹੀਆਂ ਟਿਪਣੀਆਂ ਅਕਸਰ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਉਹਨਾਂ ਦੀਆਂ ਕੁਝ ਟਿਪਣੀਆਂ ਜਿਹਨਾਂ ਵਿਚ ਯੂਕਰੇਨ-ਰੂਸ ਦੀ ਜੰਗ ਨੂੰ 24 ਘੰਟਿਆਂ ਵਿਚ ਬੰਦ ਕਰਵਾਉਣ, ਇਜਰਾਈਲ-ਫਲਸਤੀਨ ਵਿਚ ਸ਼ਾਂਤੀ ਲਈ ਪ੍ਰਸਤਾਵ, ਈਰਾਨ ਨਾਲ ਜੰਗ ਤੇ ਸਵਾਲ, ਅਮਰੀਕਾ ਵਿਚ ਵੱਡੇ ਪੱਧਰ ਤੇ ਗੈਰ-ਕਨੂੰਨੀ ਪਰਵਾਸੀਆਂ ਨੂੰ ਬਾਹਰ ਦਾ ਰਸਤਾ ਵਿਖਾਉਣ, ਜਨਮ ਆਧਾਰਿਤ ਸਿਟੀਜਨਸ਼ਿਪ ਦੇ ਕਨੂੰਨ ਨੂੰ ਬਦਲਣਾ, ਵਰਚੂਅਲ ਕਲਾਸਾਂ ਨੂੰ ਬੰਦ ਕਰਨ, ਅਬੋਰਸ਼ਨ ਤੇ ਰੋਕ ਅਤੇ ਅਮਰੀਕਾ ਨਾਲ ਸਹਿਮਤੀ ਨਾ ਰੱਖਣ ਵਾਲੇ ਮੁਲਕਾਂ ਦੇ ਉਤਪਾਦਾਂ ਉਪਰ ਭਾਰੀ ਟੈਕਸ ਲਗਾਉਣ ਦਾ ਵਿਸ਼ੇਸ਼ ਜਿਕਰ ਹੈ। ਟਰੰਪ ਵਲੋਂ ਆਪਣੀਆਂ ਟਿਪਣੀਆਂ ਤੇ ਬਿਆਨਾਂ ਵਿਚ ਕੈਨੇਡਾ ਵਲੋਂ ਨਿਰਯਾਤ ਕੀਤੀਆਂ ਜਾਂਦੀਆਂ ਵਸਤਾਂ ਉਪਰ ਵੀ 25 ਫੀਸਦੀ ਦਾ ਭਾਰੀ ਟੈਕਸ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਅਗਰ ਕੈਨੇਡਾ ਆਪਣੀ ਸਰਹੱਦ ਉਪਰ ਗੈਰ ਕਨੂੰਨੀ ਪਰਵਾਸੀਆਂ ਅਤੇ ਡਰੱਗ ਦੇ ਵਪਾਰ ਨੂੰ ਠੱਲ ਨਹੀਂ ਪਾਉਂਦਾ ਜਾਂ ਉਸਦੇ ਖਿਲਾਫ ਪੁਖਤਾ ਇੰਤਜਾਮ ਨਹੀ ਕਰਦਾ ਤਾਂ ਇਸਦਾ ਖਮਿਆਜਾ ਉਸਨੂੰ ਭਾਰੀ ਟੈਕਸ ਦੇ ਰੂਪ ਵਿਚ ਭਰਨਾ ਪਵੇਗਾ। ਟਰੰਪ ਵਲੋਂ ਕੈਨੇਡਾ ਉਪਰ ਭਾਰੀ ਟੈਕਸ ਲਗਾਏ ਜਾਣ ਦੇ ਬਿਆਨ ਨੂੰ ਪਹਿਲਾਂ ਤਾਂ ਉਹਨਾਂ ਦੀ ਆਦਤ ਦੇ ਹਿੱਸੇ ਵਜੋਂ ਲਿਆ ਗਿਆ ਪਰ ਉਹਨਾਂ ਵਲੋਂ ਬਾਕਾਇਦਾ ਇਸ ਬਿਆਨ ਨੂੰ ਦੁਹਰਾਏ ਜਾਣ ਤੇ ਕੈਨੇਡੀਅਨ ਸਿਆਸਤ ਵਿਚ ਇਕ ਹਲਚਲ ਜਿਹੀ ਮੱਚ ਗਈ। ਉਹਨਾਂ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਉਹਨਾਂ ਨੂੰ ਤੁਰੰਤ ਮਿਲਣ ਦੌੜੇ। ਫਲੋਰੀਡਾ ਵਿਚ ਉਹਨਾਂ ਨਾਲ ਡਿਨਰ ਕੀਤਾ ਤੇ ਕੈਨੇਡਾ ਦੀ ਚਿੰਤਾ ਬਾਰੇ ਉਹਨਾਂ ਨੂੰ ਦੱਸਿਆ। ਇਸ ਮੀਟਿੰਗ ਉਪਰੰਤ ਲੱਗਦਾ ਸੀ ਕੈਨੇਡਾ ਦਾ ਮਸਲਾ ਹੱਲ ਹੋ ਗਿਆ ਹੈ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਕ ਸਿਆਣੇ ਨੀਤੀਵਾਨ ਵਜੋਂ ਕੈਨੇਡੀਅਨਾਂ ਦੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ। ਪਰ ਇਸ ਮੀਟਿੰਗ ਉਪਰ ਟਰੰਪ ਦੀ ਸੋਸ਼ਲ ਮੀਡੀਆ ਉਪਰ ਟਿਪਣੀ ਫਿਰ ਦਿਖਾਈ ਦਿੱਤੀ। ਟਰੂਡੋ ਨੇ ਇਸ ਟਿਪਣੀ ਨੂੰ ਫਿਰ ਗੰਭੀਰਤਾ ਨਾਲ ਲਿਆ ਤੇ ਉਹ ਦੂਸਰੀ ਵਾਰ ਟਰੰਪ ਨੂੰ ਮਿਲਣ ਪੁੱਜੇ। ਸਰੋਤਾਂ ਮੁਤਾਬਿਕ ਭਾਵੇਂਕਿ ਟਰੰਪ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਚਿੰਤਾ ਨਾ ਕਰਨ ਦੀ ਗੱਲ ਕਹੀ ਤੇ ਭਰੋਸਾ ਜਿਤਾਇਆ ਕਿ ਉਹ ਜਦੋਂ ਮਰਜੀ ਉਸ ਨਾਲ ਫੋਨ ਤੇ ਗੱਲ ਕਰ ਲਿਆ ਕਰਨ। ਪਰ ਇਸ ਮੁਲਾਕਾਤ ਉਪਰੰਤ ਟਰੰਪ ਵਲੋਂ ਕੀਤੀ ਗਈ ਇਕ ਹੋਰ ਟਿਪਣੀ ਵਿਚ ਉਹਨਾਂ ਨੇ ਪ੍ਰਧਾਨ ਮੰਤਰੀ ਟਰੂਡੋ ਦਾ ਮਜਾਕ ਉਡਾਉਣ ਵਿਚ ਕੋਈ ਕਸਰ ਨਹੀ ਛੱਡੀ। ਉਹਨਾਂ ਆਪਣੀ ਟਿਪਣੀ ਵਿਚ ਟਰੂਡੋ ਨੂੰ ਅਮਰੀਕਾ ਦੀ 51 ਵੀਂ ਸਟੇਟ ਦੇ ਗਵਰਨਰ ਜਨਰਲ ਵਜੋਂ ਸੰਬੋਧਨ ਕੀਤਾ। ਉਹਨਾਂ ਦੀ ਇਸ ਟਿਪਣੀ ਨੇ ਜਿਥੇ ਕੈਨੇਡੀਅਨ ਸਿਆਸੀ ਹਲਕਿਆਂ ਨੂੰ ਪ੍ਰੇਸ਼ਾਨ ਕੀਤਾ ਉਥੇ ਮੀਡੀਆ ਵਿਚ ਇਕ ਚਰਚਾ ਵੀ ਛੇੜ ਦਿੱਤੀ ਕਿ ਕੀ ਕੈਨੇਡਾ ਨੂੰ ਅਮਰੀਕਾ ਦੀ ਇਕ ਸਟੇਟ ਬਣ ਚਾਹੀਦਾ ਹੈ ਜਾਂ ਨਹੀਂ। ਵਿਸ਼ਵ ਰਾਜਨੀਤੀ ਵਿਚ ਕੈਨੇਡਾ ਭਾਵੇਂਕਿ ਅਮਰੀਕਾ ਦਾ ਸਭ ਤੋਂ ਨੇੜਲਾ ਭਾਈਵਾਲ ਹੈ ਤੇ ਦੋਵੇਂ ਮੁਲਕ ਇਕ ਦੂਸਰੇ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹਨ ਪਰ ਇਸਦੇ ਨਾਲ ਕੈਨੇਡਾ ਇਕ ਪ੍ਰਭੂਸੱਤਾ ਸੰਪੰਨ ਆਜਾਦ ਮੁਲਕ ਹੈ ਜੋ ਆਪਣੇ ਰਾਜਸੀ, ਵਪਾਰਕ ਤੇ ਲੋਕ ਮਸਲਿਆਂ ਦੇ ਨਾਲ ਆਪਣੇ ਲੋਕਾਂ ਦੀ ਭਲਾਈ ਤੇ ਬੇਹਤਰੀ ਲਈ ਵਚਨਬੱਧ ਹੈ। ਦੋਵਾਂ ਮੁਲਕਾਂ ਵਿਚਾਲੇ ਅਰਬਾਂ ਦਾ ਵਪਾਰ ਹੈ। ਇਕ ਦੂਸਰੇ ਦੇ ਵਪਾਰਕ ਸਬੰਧ ਇਤਨੇ ਮਜ਼ਬੂਤ ਹਨ ਕਿ ਕਾਰੋਬਾਰੀਆਂ ਨੂੰ ਇਕ ਦੂਸਰੇ ਮੁਲਕ ਵਿਚ ਕਾਰੋਬਾਰ ਕਰਨ ਲਈ ਕੋਈ ਵੱਖਰੇ ਉਚੇਚ ਦੀ ਲੋੜ ਨਹੀਂ। ਵਪਾਰਕ ਸਬੰਧਾਂ ਤੋਂ ਬਿਨਾਂ ਦੋਵਾਂ ਮੁਲਕਾਂ ਦੇ ਸਮਾਜਿਕ ਸਬੰਧ ਵੀ ਬਹੁਤ ਮਜ਼ਬੂਤ ਹਨ। ਦੋਵਾਂ ਮੁਲਕਾਂ ਦੇ ਲੋਕਾਂ ਨੂੰ ਇਕ ਮਾਂ ਦੇ ਦੋ ਪੁੱਤ ਆਖਿਆ ਜਾਂਦਾ ਹੈ ਤੇ ਦੋਹਰੀ ਨਾਗਰਿਕਤਾ ਦਾ ਸਨਮਾਨ ਹੈ। ਪਰ ਮੁੜ ਚੁਣੇ ਗਏ ਰਾਸ਼ਟਰਪਤੀ ਟਰੰਪ ਦੀਆਂ ਕੈਨੇਡਾ ਦੇ ਹਿੱਤਾਂ ਦੇ ਖਿਲਾਫ ਕੀਤੀਆਂ ਟਿਪਣੀਆਂ ਨੇ ਪਹਿਲੀ ਵਾਰ ਇਹ ਅਹਿਸਾਸ ਕਰਵਾਇਆ ਹੈ ਕਿ ਜਿਵੇਂ ਅਮਰੀਕਾ, ਕੈਨੇਡਾ ਨੂੰ ਇਕ ਆਜਾਦ ਤੇ ਪ੍ਰਭੂਸੱਤ ਸੰਪੰਨ ਮੁਲਕ ਵਜੋਂ ਮਾਣਤਾ ਦੇਣ ਤੋਂ ਇਨਕਾਰੀ ਹੈ।

ਟਰੰਪ ਵਲੋਂ ਕੈਨੇਡੀਅਨ ਉਤਪਾਦਾਂ ਉਪਰ 25 ਪ੍ਰਤੀਸ਼ਤ ਟੈਕਸ ਲਗਾਏ ਜਾਣ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਟਰੂਡੋ ਵਲੋਂ ਪ੍ਰੀਮੀਅਰਾਂ ਦੀ ਇਕ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿਚ ਇਸ ਨਵੀਂ ਮੁਸੀਬਤ ਨਾਲ ਨਿਪਟਣ ਦੇ ਸਲਾਹ ਮਸ਼ਵਰੇ ਨਾਲ ਪਾਰਟੀ ਪੱਧਰ ਤੋਂ ਉਪਰ ਉਠਕੇ ਕੈਨੇਡੀਅਨ ਏਕਤਾ ਦੀ ਗੱਲ ਹੋਈ। ਮੀਟਿੰਗ ਦੌਰਾਨ ਗੈਰ ਕਨੂੰਨੀ ਪਰਵਾਸ ਨੂੰ ਨੱਥ ਪਾਉਣ ਦੇ ਨਾਲ ਡਰੱਗ ਵਪਾਰ ਨੂੰ ਰੋਕਣ ਲਈ ਸਰਹੱਦ ਉਪਰ ਵਧੇਰੇ ਪੇਸ਼ਬੰਦੀਆਂ ਤੇ ਸੁਰੱਖਿਆ ਦੀ ਚਰਚਾ ਦੇ ਨਾਲ ਪ੍ਰੀਮੀਅਰਾਂ ਤੋਂ ਸੁਝਾਅ ਵੀ ਮੰਗੇ ਗਏ। ਚੰਗੀ ਗੱਲ ਹੈ ਕਿ ਪ੍ਰੀਮੀਅਰਾਂ ਨੇ ਆਪਣੇ ਸੁਝਾਅ ਦੇ ਨਾਲ ਫੈਡਰਲ ਸਰਕਾਰ ਨਾਲ ਇਸ ਮੁੱਦੇ ਉਪਰ ਇਕਮੁੱਠਤਾ ਜਾਹਰ ਕੀਤੀ ਹੈ। ਪਰ ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਸੁਝਾਅ ਕਾਫੀ ਸਖਤ ਰਿਹਾ। ਉਹਨਾਂ ਦੇ ਸੁਝਾਅ ਵਿਚ ਕੁਝ ਦਮ ਵੀ ਹੈ। ਅਜਿਹਾ ਨਹੀ ਹੈ ਕਿ ਕੈਨੇਡੀਅਨ ਵਪਾਰ ਕੇਵਲ ਅਮਰੀਕੀ ਨੀਤੀਆਂ ਉਪਰ ਨਿਰਭਰ ਹੈ। ਕੈਨੇਡਾ ਜਿਥੇ ਖਣਿਜ ਤੇ ਹੋਰ ਬੇਸ਼ਕੀਮਤੀ ਧਾਤੂ ਵਿਸ਼ਵ ਭਰ ਵਿਚ ਨਿਰਯਾਤ ਕਰਦਾ ਹੈ ਉਥੇ ਹਾਈਡਰੋ ਪਾਵਰ ਦਾ ਵੱਡਾ ਉਤਪਾਦਕ ਹੋਣ ਕਾਰਣ ਅਮਰੀਕਾ ਵਰਗੇ ਮੁਲਕਾਂ ਦੇ ਕਰੋੜਾਂ ਘਰਾਂ ਨੂੰ ਚਾਨਣ ਨਾਲ ਵੀ ਭਰਦਾ ਹੈ। ਕੈਨੇਡੀਅਨ ਸੂਬੇ ਓਨਟਾਰੀਓ, ਕਿਊਬੈਕ ਤੇ ਬ੍ਰਿਟਿਸ਼ ਕੋਲੰਬੀਆ ਵਲੋਂ ਅਮਰੀਕਾ ਨੂੰ ਲੱਖਾਂ ਮੈਗਾਵਾਟ ( ਲਗਪਗ 50 ਮਿਲੀਅਨ ਮੈਗਾਵਾਟ) ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਪ੍ਰੀਮੀਅਰਾਂ ਦੀ ਮੀਟਿੰਗ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਨੇ ਟਰੰਪ ਦੀਆਂ ਧਮਕੀਆਂ ਦਾ ਸਖਤੀ ਨਾਲ ਜਵਾਬ ਦੇਣ ਦੀ ਸੂਰਤ ਵਜੋਂ ਅਮਰੀਕਾ ਨੂੰ ਜਾਣ ਵਾਲੀ ਬਿਜਲੀ ਨੂ ਕੱਟ ਲਗਾਉਣ ਦੀ ਗੱਲ ਕਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਵੇਂਕਿ ਇਹ ਕਦਮ ਬਹੁਤ ਸਖਤ ਹੋ ਸਕਦਾ ਹੈ ਪਰ ਉਹਨਾਂ ਲਈ ਉਨਟਾਰੀਓ ਤੇ ਕੈਨੇਡਾ ਦੇ ਹਿੱਤ ਪਹਿਲਾਂ ਹਨ। ਉਂਜ ਕੈਨੇਡਾ ਸਰਕਾਰ ਨੇ ਟਰੰਪ ਦੀਆਂ ਟਿਪਣੀਆਂ ਤੇ ਬਿਆਨਾਂ ਦੇ ਖਿਲਾਫ ਇਕ ਇਸ਼ਤਿਹਾਰੀ ਮੁਹਿੰਮ ਚਲਾਉਣ ਨੂੰ ਵੀ ਮਨਜੂਰੀ ਦਿੱਤੀ ਹੈ ਤਾਂਕਿ ਅਮਰੀਕੀ ਲੋਕ ਖੁਦ ਹੀ ਟਰੰਪ ਦੀਆਂ ਪੁਆੜੇ ਪਾਊ ਨੀਤੀਆਂ ਦਾ ਵਿਰੋਧ ਕਰਨ। ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਅਮਰੀਕੀ ਲੋਕਾਂ ਵਲੋਂ ਡੈਮੋਕਰੇਟ ਉਮੀਦਵਾਰ ਕਮਲਾ ਹੈਰਿਸ ਦੀ ਥਾਂ ਟਰੰਪ ਦੀ ਚੋਣ ਉਪਰ ਵੀ ਅਫਸੋਸ ਪ੍ਰਗਟ ਕੀਤਾ ਹੈ। ਬਹੁਗਿਣਤੀ ਕੈਨੇਡੀਅਨ ਸਿਆਸਤਦਾਨਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੌਰਾਨ ਕਮਲਾ ਹੈਰਿਸ ਨੂੰ ਹੀ ਵਧੇਰੇ ਸਮਰਥਨ ਦਿੱਤਾ ਸੀ। ਟਰੰਪ ਦਾ ਕੈਨੇਡਾ ਖਿਲਾਫ ਗੁੱਸਾ ਸਮਝਿਆ ਜਾ ਸਕਦਾ ਹੈ। ਨਵੇਂ ਸਾਲ ਦੀ 20 ਜਨਵਰੀ ਨੂੰ ਟਰੰਪ ਨੇ ਆਪਣਾ ਕਾਰਜਭਾਰ ਸੰਭਾਲ ਲੈਣਾ ਹੈ। ਕੈਨੇਡੀਅਨ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਟਰੰਪ ਆਪਣੇ ਬਿਆਨਾਂ  ਮੁਤਾਬਿਕ ਕੁਝ ਵੀ ਕਰ ਸਕਦਾ ਹੈ। ਅਮਰੀਕਾ ਨਾਲ ਆਪਣੇ ਵਪਾਰਕ ਤੇ ਸਮਾਜਿਕ ਸਬੰਧਾਂ ਵਿਚ ਸਮਤੋਲ ਰੱਖਣ ਲਈ ਕੈਨੇਡਾ ਸਰਕਾਰ ਨੂੰ ਅਦਲੇ ਬਦਲੇ ਦੀ ਥਾਂ ਕੋਈ ਠੋਸ ਕੂਟਨੀਤੀ ਅਪਨਾਉਣ ਦੀ ਲੋੜ ਹੈ।