ਓਟਵਾ ( ਦੇ ਪ੍ਰ ਬਿ)- ਕੈਨੇਡਾ ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਵੱਲੋਂ ਕੰਮ ‘ਤੇ ਵਾਪਸੀ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ, ਕੰਪਨੀ ਨੇ ਕਿਹਾ ਹੈ ਕਿ ਕੈਨੇਡਾ ਪੋਸਟ ਵਲੋਂ ਮੰਗਲਵਾਰ, 17 ਦਸੰਬਰ ਨੂੰ ਸਵੇਰੇ 8 ਵਜੇ ਕੰਮ ਮੁੜ ਸ਼ੁਰੂ ਹੋਵੇਗਾ।
ਲੇਬਰ ਮੰਤਰੀ ਸਟੀਵਨ ਮੈਕਕਿਨਨ ਨੇ ਸ਼ੁੱਕਰਵਾਰ ਨੂੰ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਨੂੰ ਨਿਰਦੇਸ਼ ਦਿੱਤੇ ਸਨ ਕਿ ਜੇਕਰ ਸਾਲ ਦੇ ਅੰਤ ਤੋਂ ਪਹਿਲਾਂ ਕੋਈ ਸੌਦਾ ਸੰਭਵ ਨਹੀਂ ਹੁੰਦਾ ਤਾਂ 55,000 ਪਿਕਟਿੰਗ ਕਰਮਚਾਰੀਆਂ ਨੂੰ ਕੰਮ ‘ਤੇ ਵਾਪਸ ਜਾਣ ਦਾ ਆਦੇਸ਼ ਦਿੱਤਾ ਜਾਵੇ।
ਵੀਕਐਂਡ ‘ਤੇ ਦੋ ਦਿਨਾਂ ਦੀ ਸੁਣਵਾਈ ਤੋਂ ਬਾਅਦ, ਕੈਨੇਡਾ ਪੋਸਟ ਨੇ ਕਿਹਾ ਕਿ ਬੋਰਡ ਨੇ ਤੈਅ ਕੀਤਾ ਹੈ ਕਿ ਕਰਾਊਨ ਕਾਰਪੋਰੇਸ਼ਨ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਵਿਚਕਾਰ ਗੱਲਬਾਤ ਰੁਕ ਗਈ ਹੈ।
ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਲੇਬਰ ਬੋਰਡ ਨੇ ਯੂਨੀਅਨ ਕੰਟਰੈਕਟਸ ਨੂੰ ਮਈ ਤੱਕ ਵਧਾ ਦਿੱਤਾ ਹੈ ਤਾਂ ਜੋ ਸੌਦੇਬਾਜ਼ੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਵਾਧੂ ਸਮਾਂ ਦਿੱਤਾ ਜਾ ਸਕੇ।
ਇਸ ਦੌਰਾਨ, ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਹ ਸਮੂਹਿਕ ਸਮਝੌਤਿਆਂ ਦੀ ਮਿਆਦ ਪੁੱਗਣ ਤੋਂ ਅਗਲੇ ਦਿਨ ਤੱਕ, ਪੰਜ ਪ੍ਰਤੀਸ਼ਤ ਤਨਖਾਹ ਵਾਧੇ ਨੂੰ ਲਾਗੂ ਕਰਨ ਲਈ ਯੂਨੀਅਨ ਨਾਲ ਸਹਿਮਤ ਹੋ ਗਿਆ ਹੈ।
ਯੂਨੀਅਨ ਨੇ ਕੰਮ ਮੁੜ ਸ਼ੁਰੂ ਕਰਨ ਬਾਰੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ।