Headlines

ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੇ ਪੰਦਰਾਂ ਸਾਲ ਪੂਰੇ ਹੋਣ `ਤੇ ਜਸ਼ਨਾਂ ਭਰੀ ਸ਼ਾਮ ਮਨਾਈ

ਕੈਲਗਰੀ ( ਜਗਦੇਵ ਸਿੱਧੂ)-ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਨੇ ਆਪਣੀ ਸਥਾਪਨਾ ਦੇ ਪੰਦਰਾਂ ਸਾਲ ਪੂਰੇ ਹੋਣ ਦਾ ਜਸ਼ਨ 13 ਦਸੰਬਰ, 2024 ਨੂੰ ਐੱਜਮੌਂਟ ਕਮਿਊਨਿਟੀ ਸੈਂਟਰ ਵਿਖੇ ਸ਼ਾਨਦਾਰ `ਸਾਲਾਨਾ ਪ੍ਰੀਤੀ-ਭੋਜ` ਵਜੋਂ ਵੱਡੇ ਪੱਧਰ `ਤੇ ਨਿਵੇਕਲੇ ਢੰਗ ਨਾਲ਼ ਮਨਾਇਆ। ਇਸ ਮੌਕੇ ਉਚੇਚੇ ਤੌਰ `ਤੇ ਸ਼ਾਮਲ ਹੋਏ – ਮੁੱਖ ਮਹਿਮਾਨ, ਮੰਤਰੀ ਯਾਸੀਨ ਮੁਹੰਮਦ, ਐਮ.ਐਲ.ਏ. ਗੁਰਿੰਦਰ ਬਰਾੜ, ਮੇਯਰ ਜਿਓਤੀ ਗੌਂਡਿਕ, ਕਾਊਂਸਲਰ ਰਾਜ ਧਾਲ਼ੀਵਾਲ਼, ਰੇਡੀਓ ਰੈੱਡ ਐਫ ਐਮ ਦੇ ਨਿਊਜ਼ ਡਾਇਰੈਕਟਰ-ਹੋਸਟ ਰਿਸ਼ੀ ਨਾਗਰ ਅਤੇ ਵੀਵੋ ਦੀ ਸੀ.ਈ.ਓ. ਸਿੰਥੀਆ ਵਾਟਸਨ, ਵਿਸ਼ੇਸ਼ ਮਹਿਮਾਨ ਕਰੀਅ ਕਬੀਲੇ ਦੇ ਮੂਲਨਿਵਾਸੀ ਸੌਨੀ ਕੈਂਪਬੈੱਲ ਅਤੇ ਟਾਈਸਨ ਮਾਰਟਲ, ਸਿਨੇਰੀਓ 2 ਸਟ੍ਰੈਟਿਜੀ ਦੇ ਐਮ.ਡੀ. ਗ੍ਰੇਗ ਮੈਕਗਲਿਵਰੇ, ਇੰਕਾ ਪ੍ਰਧਾਨ ਸੇਵਾ ਸਿੰਘ ਪ੍ਰੇਮੀ, ਪੰਜਾਬੀ ਅਖ਼ਬਾਰ ਦੇ ਐਡੀਟਰ-ਇਨ-ਚੀਫ਼ ਹਰਬੰਸ ਬੁੱਟਰ, ਪ੍ਰਾਈਮ ਏਸ਼ੀਆ ਟੀ.ਵੀ. ਦੇ ਅਵਨੀਤ ਤੇਜਾ ਅਤੇ ਉੱਘੀ ਸ਼ਖ਼ਸੀਅਤ ਮਾਸਟਰ ਬਚਿੱਤਰ ਸਿੰਘ ਗਿੱਲ। ਸ਼ੁਰੂ ਵਿਚ ਕਰੀਅ ਕਬੀਲੇ ਦੀਆਂ ਰਵਾਇਤੀ ਪੁਸ਼ਾਕਾਂ ਵਿਚ ਸਜੇ ਸੌਨੀ ਅਤੇ ਟਾਈਸਨ ਨੇ ਪਵਿੱਤਰ ਡਰੱਮ (ਡਫਲੀ ਵਰਗੇ) ਵਜਾ ਕੇ ਆਪਣੀ ਭਾਸ਼ਾ ਵਿਚ ਲੋਕਗੀਤ ਗਾ ਕੇ ਰੂਹਾਨੀ ਮਾਹੌਲ ਸਿਰਜ ਦਿੱਤਾ। ਸੁਰਿੰਦਰਜੀਤ ਪਲਾਹਾ ਨੇ  ਐਸੋਸੀਏਸ਼ਨ ਦੇ ਪੰਦਰਾਂ ਸਾਲਾਂ ਦੇ ਵਿਕਾਸ ਦਾ ਲੇਖਾ-ਜੋਖਾ ਸੰਖੇਪ ਵਿਚ ਬਿਆਨ ਕੀਤਾ। ਜਿਓਤੀ ਗੌਂਡਿਕ ਨੇ ਸੰਸਥਾ ਦੇ ਬਾਨੀ ਪ੍ਰਸ਼ੋਤਮ ਭਾਰਦਵਾਜ ਤੇ ਅਜਾਇਬ ਸਿੰਘ ਸੇਖੋਂ ਦੇ ਗੈਰਹਾਜ਼ਰ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਬਾਨੀ ਦਿਲਾਵਰ ਸਮਰਾ ਨੂੰ ਸੰਸਥਾ ਵੱਲੋਂ ਪਲੇਕ ਭੇਟਾ ਕਰ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਅਤੇ ਗੁਰਿੰਦਰ ਬਰਾੜ ਨੇ ਦਸੰਬਰ ਮਹੀਨੇ ਪੈਂਦੇ ਜਨਮ ਦਿਨ ਵਾਲ਼ੇ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਮੁਬਾਰਕਬਾਦ ਦਿੱਤੀ। ਯਾਸੀਨ ਮੁਹੰਮਦ ਨੇ ਐਸੋਸੀਏਸ਼ਨ ਦੇ ਪੰਦਰਾਂ ਵਰ੍ਹੇ ਪੂਰੇ ਹੋਣ `ਤੇ ਵਧਾਈ ਦਿੰਦਿਆਂ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਰਾਜ ਧਾਲ਼ੀਵਾਲ਼, ਸਿੰਥੀਆ ਵਾਟਸਨ, ਰਿਸ਼ੀ ਨਾਗਰ ਅਤੇ ਸੇਵਾ ਸਿੰਘ ਪ੍ਰੇਮੀ ਨੇ ਐੋਸੋਸੀਏਸ਼ਨ ਦੇ ਪੰਦਰਾਂ ਵਰ੍ਹੇ ਪੂਰੇ ਹੋਣ `ਤੇ ਵਧਾਈ ਦਿੰਦਿਆਂ ਇਸ ਦੀਆਂ ਪ੍ਰਾਪਤੀਆਂ ਨੂੰ ਸਲਾਹਿਆ ਅਤੇ ਕੀਮਤੀ ਵਿਚਾਰ ਰੱਖੇ । ਬਚਿੱਤਰ ਸਿੰਘ ਗਿੱਲ ਨੇ ਬਾਬੂ ਰਜਬਅਲੀ ਖ਼ਾਨ ਦਾ ਲੰਮਾ ਛੰਦ ਕਮਾਲ ਦੀ ਯਾਦਦਾਸ਼ਤ ਨਾਲ਼ ਟੱਲੀ ਵਰਗੀ ਆਵਾਜ਼ ਵਿਚ ਗਾ ਕੇ ਅਖਾੜੇ ਦਾ ਰੰਗ ਜਮਾ ਦਿੱਤਾ। ਸੁਖਮੰਦਰ ਗਿੱਲ ਦੀ ਅਲਾਪ ਦੇ ਕੇ ਗਾਈ ਹੀਰ ਮਨਾਂ ਅੰਦਰ ਲਹਿ ਗਈ। ਜਨਾਬ ਮੁਨੱਵਰ ਅਹਿਮਦ ਨੇ ਮੀਆਂ ਮੁਹੰਮਦ ਬਖ਼ਸ਼ ਦੇ ਦੋਹਿੜੇ ਪੇਸ਼ ਕਰ ਕੇ ਸੂਫ਼ੀ ਰੰਗਤ ਚਾੜ੍ਹ ਦਿੱਤੀ। ਵਰਿੰਦਰ ਸੇਠੀ ਅਤੇ ਮਨਜੀਤ ਕੌਰ ਸੇਠੀ ਦੀ ਦੰਪਤੀ ਜੋੜੀ ਨੇ ਦੋ ਸਿਰੇ ਦੀਆਂ ਗ਼ਜ਼ਲਾਂ ਇਉਂ ਗਾਈਆਂ ਕਿ ਜਗਜੀਤ-ਚਿਤਰਾ ਸਿੰਘ  ਰੂਬਰੂ ਹੋ ਗਏ। ਭਜਨ ਸਿੰਘ ਸਾਗੂ ਨੇ ਹਸਾ-ਹਸਾ ਕੇ ਹਾਲ ਗੂੰਜਣ ਲਾ ਦਿੱਤਾ। ਸ਼ਮਿੰਦਰ-ਸੁਰਜੀਤ ਕੰਮੋਹ ਦੀ ਜੋੜੀ ਅਤੇ ਔਰਤਾਂ ਦੀ ਟੀਮ ਨੇ ਲੋਕ-ਗੀਤਾਂ ਉਪਰ ਨਾਚ ਅਤੇ ਕੋਰੀਓਗ੍ਰਾਫੀ ਕਰ ਕੇ ਜਸ਼ਨਾਂ ਦੀ ਸ਼ਾਮ ਨੂੰ ਸਿਖਰ `ਤੇ ਪੁਚਾ ਦਿੱਤਾ। ਹਰਬੰਸ ਬੁੱਟਰ ਅਤੇ ਅਵਨੀਤ ਤੇਜਾ ਨੇ ਸਾਰੀ ਕਾਰਵਾਈ ਨੂੰ ਬੜੀ ਮੁਹਾਰਤ ਨਾਲ਼ ਕੈਮਰਾ-ਬੰਦ ਕੀਤਾ। ਨਾਲ਼ੋ-ਨਾਲ਼ ਚੱਲ ਰਹੀ ਦਾਨ-ਮੁਹਿੰਮ ਬਾਰੇ ਸੁਰਿੰਦਰਜੀਤ ਪਲਾਹਾ ਨੇ ਦੱਸਿਆ ਕਿ ਕੁੱਲ ਮਿਲਾ ਕੇ 10,000 ਡਾਲਰ ਇਕੱਠੇ ਹੋ ਗਏ ਹਨ ਜਿਨ੍ਹਾਂ ਵਿੱਚੋਂ 3,000 ਡਾਲਰ ਡਰਾਪ-ਇਨ ਸੈਂਟਰ ਅਤੇ 7,000 ਡਾਲਰ ਕੈਲਗਰੀ ਫੂਡ ਬੈਂਕ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਪੰਜ ਘੰਟੇ ਚੱਲੇ ਇਸ ਪ੍ਰੇਗਰਾਮ ਦੀ ਕਾਮਯਾਬੀ ਲਈ ਮਹਿਮਾਨਾਂ, ਪ੍ਰਬੰਧਕਾਂ, ਮੀਡੀਆ ਕਰਮੀਆਂ, ਦਾਨੀਆਂ, ਪੇਸ਼ਕਾਰਾਂ ਅਤੇ ਸਮੂਹ ਹਾਜ਼ਰੀਨ (ਕੁੱਲ 134) ਦਾ ਤਹਿ-ਦਿਲੋਂ ਸ਼ੁਕਰੀਆ ਅਦਾ ਕੀਤਾ। ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਜਗਦੇਵ ਸਿੱਧੂ ਨੇ ਨਿਭਾਈ। ਅਖੀਰ ਨੂੰ ਸਾਰਿਆਂ ਨੇ ਸੰਤੁਲਿਤ ਸਵਾਦੀ ਭੋਜਨ ਦਾ ਆਨੰਦ ਮਾਣਿਆਂ।

Leave a Reply

Your email address will not be published. Required fields are marked *