ਵੈਨਕੂਵਰ ( ਦੇ ਪ੍ਰ ਬਿ)- ਬੀਤੇ 14 ਦਸੰਬਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੁਰੂ ਰਵਿਦਾਸ ਸਭਾ ਵੈਨਕੂਵਰ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਹਨਾਂ ਨੇ ਗੁਰੂ ਘਰ ਨਤਮਸਤਕ ਹੁੰਦਿਆਂ ਸੰਸਥਾ ਵਲੋਂ ਸਮਾਜ ਸੇਵੀ ਤੇ ਸਾਂਝੇ ਕੰਮਾਂ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਹਰਜੀਤ ਸੋਹਪਾਲ ਅਤੇ ਸਮੁੱਚੀ ਟੀਮ ਨੇ ਇਸ ਮੌਕੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਗੁਰੂ ਘਰ ਪਹੁੰਚਣ ਤੇ ਜੀ ਆਇਆ ਆਖਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਇਲਾਵਾ ਗੁਰੂ ਘਰ ਦੀ ਕਮੇਟੀ ਦੇ ਮੀਤ ਪ੍ਰਧਾਨ ਰਮੇਸ਼ ਸਰੋਆ, ਮੀਤ ਪ੍ਰਧਾਨ ਸੰਤੋਖ ਜੱਸਲ,ਜਨਰਲ ਸਕੱਤਰ ਅਮਰਜੀਤ ਲੀਹਲ ਅਤੇ ਮਾਇਕਲ ਘੀਹਰਾ,ਕੈਸ਼ੀਅਰ ਰਿੱਕ ਤੂਰਾ, ਕੇਵਲ ਸਿੱਧੂ ਅਤੇ ਬਾਕੀ ਮੈਂਬਰਾਂ ਵਿਚ ਸੁਰਿੰਦਰ ਕਲਸੀ,ਰਾਕੇਸ਼ ਪਤਾਰਾ,ਪਿਆਰਾ ਹੀਰਾ,ਹਰਜਿੰਦਰ ਸਾਹਨੀ,ਕੁਲਦੀਪ ਕੋਲਧਾਰ,ਜਸਵੰਤ ਜੱਸਲ ਹਾਜ਼ਰ ਸਨ।
ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਪਰਮਜੀਤ ਲਾਖਾ, ਪਰਮ ਸਰੋਆ, ਰਕੇਸ਼ ਕੁਮਾਰ ਦਾਦਰਾ, ਸੋਢੀ ਦਦਰਾਲ, ਬਲਵੀਰ ਬੈਂਸ,ਹਰਵਿੰਦਰ ਨਈਅਰ ,ਰਛਪਾਲ ਲਾਖਾ,ਹਰਦੇਵ ਸਰੋਆ,ਜਸਵਿੰਦਰ ਮਹਿਮੀ,ਬਾਲ ਮੁਕੰਦ ਸਿੰਘ ਕੇ ਸੁਰਿੰਦਰ ਘਾਟਦਾ ਵਿਸ਼ੇਸ਼ ਯੋਗਦਾਨ ਰਿਹਾ।
ਪ੍ਰਧਾਨ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਐਮ ਪੀ ਸੁੱਖ ਧਾਲੀਵਾਲ, ਐਮ ਪੀ ਰਣਦੀਪ ਸਰਾਏ, ਟੈਰੀ ਬੀਚ,ਮੇਅਰ ਸਿਟੀ ਆਫ ਬਰਨਬੀ ਮਾਇਕ ਹਰਲੀ ਨੇ ਗੁਰੂ ਘਰ ਮੱਥਾ ਟੇਕਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕੈਨੇਡਾ ਦੀ ਤਰੱਕੀ ਤੇ ਵਿਕਾਸ ਵਿਚ ਪਰਵਾਸੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੋਵਿਡ ਦੌਰਾਨ ਗੁਰੂ ਘਰਾਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਗੁਰੂ ਰਵਿਦਾਸ ਜੀ ਮਹਾਰਾਜ ਵਲੋਂ ਮਾਨੁਖਤਾ ਲਈ ਦਿਖਾਏ ਗਏ ਸੱਚ ਦੇ ਮਾਰਗ ਲਈ ਉਹਨਾਂ ਨੂੰ ਯਾਦ ਕੀਤਾ। ਗੁਰੂ ਘਰ ਦੀ ਕਮੇਟੀ ਵਲੋਂ ਉਹਨਾਂ ਦਾ ਸਿਰੋਪਾ ਪਾਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹ ਆਪਣੇ ਸਾਥੀਆਂ ਸਮੇਤ ਲੰਗਰ ਹਾਲ ਵਿਚ ਵੀ ਗਏ। ਸੰਗਤਾਂ ਨੂੰ ਮਿਲੇ ਤੇ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਉਹਨਾਂ ਸੰਗਤਾਂ ਨਾਲ ਸੈਲਫੀਆਂ ਵੀ ਕਰਵਾਈਆਂ।