ਅੰਮ੍ਰਿਤਸਰ ( ਦੇ ਪ੍ਰ ਬਿ)– ਉਘੇ ਸਿੱਖ ਆਗੂ ਤੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਬੀਬਾ ਸਤਵੰਤ ਕੌਰ ਸਪੁੱਤਰੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਸੋਸ਼ਲ ਮੀਡੀਏ ਜਾਂ ਕੁੱਝ ਮੰਦਬੁੱਧੀ ਲੋਕਾਂ ਵੱਲੋਂ ਨਰਾਇਣ ਸਿੰਘ ਚੌੜੇ ਵੱਲੋਂ ਸ ਸੁਖਬੀਰ ਸਿੰਘ ਬਾਦਲ ਤੇ ਕੀਤੇ ਕਾਤਲਾਨਾ ਹਮਲੇ ਨਾਲ ਜੋੜਨ ਦੀ ਕੋਸ਼ਿਸ਼ ਦੀ ਕਰੜੀ ਨਿੰਦਾ ਕੀਤੀ ਹੈ । ਉਹਨਾਂ ਇਥੇ ਇਕ ਬਿਆਨ ਰਾਹੀ ਕਿਹਾ ਹੈ ਕਿ ਨਰਾਇਣ ਸਿੰਘ ਚੌੜੇ ਦੀ ਪਿਛਲੇ ਦਿਨੀ ਬੀਬਾ ਸਤਵੰਤ ਕੌਰ ਨਾਲ ਹੋਈ ਇੱਕ ਅਚਾਨਕ ਮੁਲਾਕਾਤ ਨੂੰ ਸੱਕੀ ਰੰਗਤ ਦੇਣਾ ਵੀ ਇੱਕ ਘਨਿਆਉਣੀ ਸਾਜਿਸ਼ ਹੈ।
ਉਹਨਾਂ ਹੋਰ ਕਿਹਾ ਕਿ ਸ੍ਰੋਮਣੀ ਕਮੇਟੀ ਵੱਲੋਂ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਨੂੰ ਸਤਿਕਾਰ ਭੇਟ ਕਰਨ ਹਿੱਤ ਹੀ ਉਹਨਾਂ ਦੀ ਹੋਣਹਾਰ ਸਪੁੱਤਰੀ ਨੂੰ ਬਤੌਰ ਮੁਲਾਜ਼ਮ ਸੇਵਾ ਦਾ ਮੌਕਾ ਦਿੱਤਾ ਗਿਆ ਜੋ ਸ੍ਰੋਮਣੀ ਕਮੇਟੀ ਨੇ ਆਪਨੇ ਪੰਥਕ ਫ਼ਰਜ਼ ਦੀ ਅਦਾਇਗੀ ਕੀਤੀ ਹੈ।
ਪੰਜਾਬ ਪੁਲਿਸ ਵੱਲੋਂ ਸ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਪ੍ਰਤੀ ਹੋਈ ਕੁਤਾਹੀ ਤੇ ਆਪਣੀਆਂ ਨਾਲਾਇਕੀਆਂ ਨੂੰ ਛੁਪਾਉਣ ਲਈ ਪੁਠੇ ਹੱਥਕੰਡੇ ਵਰਤੋਂ ਕੀਤੀ ਜਾ ਰਹੀ ਹੈ। ਬੀਬਾ ਸਤਵੰਤ ਕੌਰ ਨੂੰ ਬਿਨਾ ਵਜਾ ਥਾਣੇ ਬੁਲਾਕੇ ਪੁੱਛ-ਗਿੱਛ ਕਰਨੀ ਪੰਥ ਵਿੱਚ ਇੱਕ ਨਵੀਂ ਚਰਚਾ ਛੇੜਨ ਤੇ ਫੁੱਟ ਦੇ ਬੀਜ ਬੀਜਣ ਦੀ ਬੜੀ ਗੰਭੀਰ ਸਾਜਿਸ਼ ਹੈ। ਸਿੱਖਾਂ ਨੂੰ ਅਜਿਹੀਆਂ ਪੰਥ ਵਿਰੋਧੀ ਸਾਜਿਸ਼ਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਮੈਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਕਹਿਣਾ ਚਾਹੁੰਦਾ ਕਿ ਪੁਲਿਸ ਰਿਮਾਂਡ ਦੌਰਾਨ ਨਰਾਇਣ ਸਿੰਘ ਚੌੜਾ ਦੀ ਕੀਤੀ ਗਈ ਇੰਟੈਰੋਗੇਸ਼ਨ ਦੀ ਰਿਪੋਰਟ ਦੇ ਉਹ ਤੱਥ ਜਨਤੱਕ ਕੀਤੇ ਜਾਣ ਜਿਸ ਨੂੰ ਆਧਾਰ ਬਣਾਕੇ ਬੀਬਾ ਸਤਵੰਤ ਕੌਰ ਨੂੰ ਥਾਣੇ ਬੁਲਾਕੇ ਪੁੱਛ-ਗਿੱਛ ਕੀਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰੱਤੀਨਿੱਧ ਵੱਜੋਂ ਜਥੇਦਾਰ ਗਿਃ ਰਘਬੀਰ ਸਿੰਘ ਵੱਲੋਂ ਪੰਥਕ ਏਕਤਾ ਲਈ ਬਣਾਈ ਸੱਤ ਮੈਂਬਰੀ ਕਮੇਟੀ ਵਿੱਚ ਬੀਬਾ ਸਤਵੰਤ ਕੌਰ ਦਾ ਨਾਮ ਸ਼ਾਮਿਲ ਕਰਨਾ ਵੀ ਪੰਥ ਵਿਰੋਧੀ ਤਾਕਤਾਂ ਨੂੰ ਹਜ਼ਮ ਨਹੀਂ ਹੋ ਰਿਹਾ। ਉਹਨਾਂ ਸਰਕਾਰ ਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਹੈ।