Headlines

ਬਾਬਾ ਬੁੱਢਾ ਜੀ ਵੰਸ਼ਜ ਪ੍ਰੋ: ਬਾਬਾ ਰੰਧਾਵਾ ਵਲੋਂ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਪੇਂਟਿੰਗ  ਰਿਲੀਜ –

ਅੰਮ੍ਰਿਤਸਰ-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ, ਮਾਤਾ ਗੁਜਰ ਕੌਰ ਜੀ (ਮਾਤਾ ਗੁਜਰੀ ਜੀ) ਅਤੇ ਦਸਵੇਂ ਪਾਤਸ਼ਾਹ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ ਅਸਥਾਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 21 ਦਸੰਬਰ (6 ਪੋਹ) ਤੋਂ ਸ਼ੁਰੂ ਹੋਣ ਵਾਲੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਸ਼ਵ ਵਿਆਪੀ ਧਾਰਮਿਕ ਸਮਾਰੋਹਾਂ ਦੇ ਮੱਦੇਨਜ਼ਰ ਸ਼ਗੁਨ ਆਰਟ ਸਰਹਿੰਦ ਦੀ ਚਿੱਤਰਕਾਰੀ ਮਾਹਿਰ ਬੀਬਾ ਹਰਜਿੰਦਰ ਕੌਰ ਪੁੱਤਰੀ ਗੁਰਚਰਨ ਸਿੰਘ ਤੇ ਰਜਿੰਦਰ ਕੌਰ ਦੇ ਵੱਲੋਂ ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਬਣਾਈ ਪੇਂਟਿੰਗ ਨੂੰ ਜਨਤਕ ਤੌਰ ਤੇ ਜਾਰੀ ਕੀਤਾ ਗਿਆ । ਇਸ ਰਸਮ ਨੂੰ ਬਾਬਾ ਬੁੱਢਾ ਵੰਸ਼ਜ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ, ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਨਿਭਾਇਆ ਗਿਆ । ਇਸ ਦੌਰਾਨ ਪ੍ਰੋ: ਬਾਬਾ ਰੰਧਾਵਾ ਦੇ ਵੱਲੋਂ ਸ਼ਗੁਨ ਆਰਟ ਦੀ ਚਿੱਤਰਕਾਰ ਬੀਬਾ ਹਰਜਿੰਦਰ ਕੌਰ ਨੂੰ ਅਸ਼ੀਸ਼ ਵਜੋਂ ਬਚਨ ਕਹਿੰਦਿਆਂ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਤੇ ਉਸ ਵੱਲੋਂ ਕੀਤੇ ਗਏ ਮਿਸਾਲੀ ਸ਼ੁੱਭ ਕਾਰਜ ਦੀ ਭਰਪੂਰ ਪ੍ਰਸ਼ੰਸ਼ਾ ਵੀ ਕੀਤੀ । ਆਪ ਨੇ ਕਿਹਾ ਕਿ ਅਜੌਕੇ ਦੌਰ ਦੀ ਪੀੜ੍ਹੀ ਨਾਲ ਸਬੰਧਿਤ ਚਿੱਤਰਕਾਰੀ ਮਾਹਿਰ ਬੀਬਾ ਹਰਜਿੰਦਰ ਕੌਰ ਦੇ ਵੱਲੋਂ ਆਪਣੀ ਧਾਰਮਿਕ ਵਿਰਾਸਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ । ਇਸ ਮੌਕੇ ਆਪ ਨੇ ਬੀਬਾ ਹਰਜਿੰਦਰ ਕੌਰ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਧਾਰਮਿਕ ਕਲਾਕ੍ਰਿਤੀਆਂ ਬਣਾਉਣ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਪ੍ਰੋ: ਬਾਬਾ ਰੰਧਾਵਾ ਨੇ ਦੱਸਿਆ ਕਿ 21 ਦਸੰਬਰ (6 ਪੋਹ) ਤੋਂ ਲੈ ਕੇ 29 ਦਸੰਬਰ (14 ਪੋਹ) ਤੱਕ ਸੰਸਾਰ ਭਰ ਦੀਆਂ ਸੰਗਤਾਂ ਵਲੋਂ ਸ਼ਹੀਦੀ ਦਿਹਾੜੇ ਮਨਾਏ ਜਾਣਗੇ । ਪ੍ਰੋ: ਬਾਬਾ ਰੰਧਾਵਾ ਨੇ ਸ਼ਹੀਦੀ ਦਿਹਾੜਿਆਂ ਤੇ ਰੌਸ਼ਨੀ ਪਾਉਂਦਿਆ ਦੱਸਿਆ ਕਿ 21 ਦਸੰਬਰ (6 ਪੋਹ) ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ । 22 ਦਸੰਬਰ (7 ਪੋਹ) ਨੂੰ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪਿਆ । 23 ਦਸੰਬਰ (8 ਪੋਹ) ਨੂੰ ਵੱਡੇ ਸਾਹਿਬਜ਼ਾਦਿਆ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਸਿੰਘਾਂ ਦੀਆਂ ਚਮਕੌਰ ਦੇ ਜੰਗ ਵਿੱਚ ਜੂਝਦਿਆਂ ਸ਼ਹੀਦੀਆਂ ਹੋਈਆਂ । 24 ਦਸੰਬਰ (9 ਪੋਹ) ਨੂੰ ਚਮਕੌਰ ਦੀ ਗੜੀ ਵਿੱਚ ਗੁਰੂ ਜੀ ਦੇ ਹੋਰ ਸਿੱਘਾਂ ਦੀਆਂ ਸ਼ਹੀਦੀਆਂ ਹੋਈਆਂ । 25 ਦਸੰਬਰ (10 ਪੋਹ) ਨੂੰ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹੀਦੀ ਹੋਈ । 26 ਤੇ 27 ਦਸੰਬਰ (11 ਤੇ 12 ਪੋਹ) ਨੂੰ ਛੋਟੇ ਸਾਹਿਬਜਾਦਿਆ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਰਹਿੰਦ ਦੇ ਸੂਬੇ ਵਜ਼ੀਦ ਖਾਨ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ । 28 ਦਸੰਬਰ (13 ਪੋਹ) ਨੂੰ ਦੋਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿਤਾ ਗਿਆ ਅਤੇ ਮਾਤਾ ਗੁਜਰੀ ਜੀ (ਮਾਤਾ ਗੁਜਰ ਕੌਰ ਜੀ) ਵੀ ਠੰਡੇ ਬੁਰਜ ਵਿੱਚ ਸ਼ਹੀਦ ਹੋ ਗਏ ਸਨ । 29 ਦਸੰਬਰ (14 ਪੋਹ) ਨੂੰ ਦੋਵਾਂ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਸਸਕਾਰ ਬਾਬਾ ਟੋਡਰਮਲ ਜੀ ਵਲੋਂ ਮੋਹਰਾਂ ਵਿਛਾਅ ਕੇ ਮੁਲ ਖਰੀਦੀ ਜ਼ਮੀਨ ‘ਤੇ ਕੀਤਾ ਗਿਆ ।        ਪ੍ਰੋ: ਬਾਬਾ ਰੰਧਾਵਾ ਨੇ ਸਮੁੱਚੇ ਸਿੱਖ ਜਗਤ ਨੂੰ ਇੰਨ੍ਹਾਂ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਦਸ਼ਮੇਸ਼ ਪਰਿਵਾਰ ਅਤੇ ਗੁਰੂ ਜੀ ਦੇ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਹੋਕੇ ਨਾਮ ਸਿਮਰਨ ਕਰਕੇ ਸ਼ਹੀਦਾਂ ਦੀਆਂ ਕਰਨੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਆਪ ਜੀ ਨੇ ਸਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਸਫ਼ਰ ਏ ਸ਼ਹਾਦਤ ਦੇ ਹਫਤੇ ਦੇ ਇਤਿਹਾਸ ਬਾਰੇ ਬਾਰੇ ਬੱਚਿਆਂ ਅਤੇ ਨੌਜਵਾਨਾਂ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਨਵੀਂਆਂ ਪੀੜ੍ਹੀਆ ਨੂੰ ਆਪਣੀ ਧਾਰਮਿਕ ਵਿਰਾਸਤ, ਰਹੁਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਦੀ ਜਾਣਕਾਰੀ ਹਾਸਲ ਹੋ ਸਕੇ ।

Leave a Reply

Your email address will not be published. Required fields are marked *