Headlines

ਅਮਰੀਕੀ ਕਹਾਣੀ ਬਾਰੇ ਸੈਸ਼ਨ  

ਹੇਵਰਡ : ਵਿਸ਼ਵ ਪੰਜਾਬੀ ਸਾਹਿੱਤ ਅਕੈਡਮੀ ਕੈਲੀਫੋਰਨੀਆ ਦੇ ਸਾਲਾਨਾ ਸਮਾਗਮ ਦੇ ਦੂਸਰੇ ਦਿਨ ਅਮਰੀਕੀ ਕਹਾਣੀ ਬਾਰੇ ਸੈਸ਼ਨ ਸੰਚਾਲਕ ਦਾ ਜ਼ਿੰਮਾ ਚਰਨਜੀਤ ਸਿੰਘ ਪੰਨੂ ਦੇ ਹਿੱਸੇ ਆਇਆ। ਉਸ ਨੇ ਸਟੇਜ ਸੰਭਾਲਦੇ ਮੰਚ ਤੇ ਸਸ਼ੋਭਿਤ ਪ੍ਰਧਾਨਗੀ ਮੰਡਲ ਤੇ ਦਰਸ਼ਕਾਂ ਸਰੋਤਿਆ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਸਵਾਗਤ ਕੀਤਾ। ‘ਮੈਂ ਭਾਵੇਂ ਵਰਿਆਮ ਨਹੀਂ ਹਾਂ, ਪਰ ਮੈਂ ਬੰਦਾ ਆਮ ਨਹੀਂ ਹਾਂ’ ਸਭਾ ਦਾ ਆਗਾਜ਼ ਕਰਦੇ ਦੱਸਿਆ ਕਿ ਉਸ ਨੇ ਤੇ ਵਰਿਆਮ ਸੰਧੂ ਨੇ ਕਹਾਣੀ ਲਿਖਣੀ ਲਗ-ਪਗ ਅੱਗੜ ਪਿੱਛੜ ਹੀ ਸ਼ੁਰੂ ਕੀਤੀ ਸੀ ਪਰ ਉਹ ਛੜੱਪੇ ਮਾਰਦਾ w ਨਿਕਲ ਗਿਆ। ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ 1970-71 ਦੇ ਇੱਕ ਕਹਾਣੀ ਦਰਬਾਰ ਵਿਚ ਦਲਬੀਰ ਚੇਤਨ ਨੇ ਦੋਹਾਂ ਦੀਆਂ ਕਹਾਣੀਆਂ ਦਾ ਵੱਖਰੇ ਵੱਖਰੇ ਤਰੀਕੇ ਨਾਲ ਨੋਟਿਸ ਲਿਆ ਸੀ। ਪਹਿਲੇ ਸੈਸ਼ਨ ਵਿਚ ਵਰਿਆਮ ਸੰਧੂ ਨੇ ਕਿਹਾ ਸੀ ਕਿ ਪਰਤਾਪ ਸਿੰਘ ਕੈਰੋਂ ਨੂੰ ਸਾਰੇ ਲੋਕ ਜਾਣਦੇ ਸਨ ਪਰ ਉਹ ਕਿਸੇ ਕਿਸੇ ਨੂੰ ਹੀ ਜਾਣਦਾ ਸੀ। ਚਰਨਜੀਤ ਸਿੰਘ ਪੰਨੂ ਨੇ ਵੀ ਏਸੇ ਟੋਨ ਵਿਚ ਕਿਹਾ ਕਿ ਮੈਂ ਵਰਿਆਮ ਸੰਧੂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਪਰ ਉਹ ਮੈਨੂੰ ਨਹੀਂ ਜਾਣਦਾ।
ਸੰਚਾਲਕ ਨੇ ਅੱਗੇ ਗੱਲ ਤੋਰਦੇ ਕਿਹਾ ਕਿ ਅੱਜਕੱਲ੍ਹ ਸਮੇਂ ਦੀ ਤਰੱਕੀ ਨਾਲ ਹਰੇਕ ਵਿਧਾ ਨੇ ਤਰੱਕੀ ਕੀਤੀ ਹੈ। ਕਹਾਣੀ ਲਿਖਣੀ ਤੇ ਨਾਲ ਕਹਾਣੀ ਪੜ੍ਹਨ ਕਲਾ ਬਾਰੇ ਵੀ ਵਰਕਸ਼ਾਪਾਂ ਲੱਗ ਰਹੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਰਚਨਾ ਆਪ ਬੋਲੇਗੀ, ਇਸ ਨੂੰ ਬੋਲਣ ਦਿਓ ਪਰ ਜੇ ਬੋਲਣ ਤੋਂ ਪਹਿਲਾਂ ਹੀ ਇਸ ਦੀ ਸੰਘੀ ਘੁੱਟ ਦਿਓ ਜਾਂ ਪੁੱਠੀ ਕਰ ਕੇ ਰੱਖ ਦਿਓ ਤਾਂ ਇਹ ਵਿਚਾਰੀ ਕੀ ਕਰੇਗੀ। ਪਿੱਛੇ ਵੇਖੋ! ਵੱਡਾ ਸਾਰਾ ਲੰਬਾ ਬੈਨਰ ਲਟਕਦਾ ਮੇਰੀਆਂ ਦੋ ਦਰਜਨ ਕਿਤਾਬਾਂ ਦਾ! ਧੰਨਵਾਦ ਵਿਪਸਾ ਦਾ ਜਿਸ ਨੇ ਇਹ ਬਣਵਾਇਆ। ਕੱਲ੍ਹ ਸ਼ਾਮ ਤੱਕ ਇਹ ਜਗ੍ਹਾ ਖਾਲੀ ਸੀ, ਮੈਂ ਸਰਸਰੀ ਸਵਾਗਤੀ ਡੈਸਕ ਤੇ ਰੁਕਿਆ ਤਾਂ ਇੱਕ ਫੋਲਡਰ ਨਜ਼ਰੀਂ ਪੈਂਦੇ ਮੈਂ ਖੋਲ੍ਹ ਲਿਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਜੇ ਇਹ ਬਣਵਾਇਆ ਈ ਹੈ ਤਾਂ ਛੁਪਾਇਆ ਕਿਉਂ ਤੇ ਕਿਸ ਨੇ? ਅੱਗੇ ਅਮਰੀਕੀ ਕਹਾਣੀ ਬਾਰੇ ਪੰਜਾਬ ਤੋਂ ਲਿਖਵਾਇਆ ਨਵਾਂ ਖੋਜ ਪਰਚਾ ਸਟੇਜ ਨਹੀਂ ਪੜ੍ਹਿਆ ਜਾ ਸਕਿਆ ਕਿਉਂਕਿ ਵਰਿਆਮ ਸੰਧੂ ਅਨੁਸਾਰ ਲੇਖਕ ਦੀ ਗ਼ੈਰਹਾਜ਼ਰੀ ਵਿਚ ਇਸ ਤੇ ਉੱਠਣ ਵਾਲੇ ਸਵਾਲਾਂ ਦਾ ਕੋਈ ਹੋਰ ਜੁਆਬ ਨਹੀਂ ਦੇ ਸਕਦਾ। ਚੰਗੀ ਗੱਲ ਇਹ ਹੈ ਕਿ ਸਾਰੇ ਹਾਜ਼ਰ ਕਹਾਣੀਕਾਰ ਆਪਣੀ ਆਪਣੀ ਕਹਾਣੀ ਆਪ ਕਹਿਣ। ਉਨ੍ਹਾਂ ਦੇ ਸੁਝਾ ਤੇ ਮੰਚ ਸੰਚਾਲਕ ਨੇ ਮੰਚ ਤੇ ਹਾਜ਼ਰ ਸਭਨਾ ਨੂੰ ਵਾਰੀ ਵਾਰੀ ਦਾਅਵਤ ਦਿੱਤੀ। ਸਟਾਕਟਨ ਤੋਂ ਆਏ ਹਰਜਿੰਦਰ ਪੰਧੇਰ ਜਿਸ ਨੇ ਹੋਰ ਚੋਣਵੇਂ ਮਨਪਸੰਦ ਕਹਾਣੀਕਾਰਾਂ ਦੀਆਂ ਕਈ ਕਿਤਾਬਾਂ ਦੀ ਸੰਪਾਦਨਾ ਵਿਚ ਨਾਂ ਦਰਜ ਕਰਵਾਇਆ ਹੈ ਦਾ ਨੌਂਗਾ ਪਹਿਲਾ ਪਿਆ। ਉਸ ਨੇ ਦੱਸਿਆ ਕਿ ਉਹ ਕੈਲੀਫੋਰਨੀਆ ਸਾਹਿੱਤ ਸਭਾ ਦਾ ਮੁੱਢਲਾ ਮੈਂਬਰ ਸੀ ਤੇ ਉਸ ਤੋਂ ਹੀ ਸੇਧ ਲੈ ਕੇ ਉਸ ਨੂੰ ਕਹਾਣੀ ਦੀ ਚੇਟਕ ਲੱਗੀ। ਕੈਨੇਡਾ ਤੋਂ ਆਏ ਨਾਵਲਕਾਰ ਰਾਜਵੰਤ ਰਾਜ ਨੇ ਦੱਸਿਆ ਕਿ ਉਸ ਨੇ ਕੈਨੇਡਾ ਦੀ ਜ਼ਿੰਦਗੀ ਬਾਰੇ ਕਹਾਣੀ ਲਿਖਣ ਤੋਂ ਸ਼ੁਰੂ ਕਰਕੇ ਵੇਖੇ ਸੁਣੇ ਹੰਢਾਏ ਤਜਰਬੇ ਅਨੁਸਾਰ ਦੋ ਨਾਵਲ ਲਿਖੇ ਹਨ ਤੇ ਹੋਰ ਕਈ ਕੁੱਝ ਲਿਖਣ ਦੀ ਸੰਭਾਵਨਾ ਹੈ। ਗ਼ਦਰੀ ਬਾਬਿਆਂ ਦੀ ਨਗਰੀ ਸਟਾਕਟਨ ਰਹਿੰਦੀ ਹਰਪ੍ਰੀਤ ਕੌਰ ਧੂਤ ਬੜੀ ਪਿਆਰੀ ਕਵਿਤਾ ਵੀ ਕਹਿੰਦੀ ਹੈ ਤੇ ਕਹਾਣੀ ਲਿਖਦੀ ਹੈ, ਨੇ ਦੱਸਿਆ ਕਿ ਉਸ ਦੇ ਤਿੰਨ ਕਾਵਿ ਸੰਗ੍ਰਹਿ ਤੇ ਇੱਕ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਗੁਰਪ੍ਰੀਤ ਧੁੱਗਾ ਪੇਸ਼ੇ ਵੱਲੋਂ ਡਾਕਟਰ ਹੈ ਪਰ ਉਸ ਨੂੰ ਕਵਿਤਾ ਕਹਾਣੀ ਲਿਖਣ ਦਾ ਵੀ ਸ਼ੌਕ ਹੈ। ਉਸ ਦੇ ‘ਚਾਲੀ ਦਿਨ’ ਨੇ ਪਿਛਲੇ ਸਾਲ ਭਰ ਤੋਂ ਹਲਚਲ ਮਚਾ ਰੱਖੀ ਹੈ। ਅਮਰਜੀਤ ਪੰਨੂ ਨੇ ਕਵਿਤਾ ਕਹਾਣੀ ਤੇ ਇੱਕ ਅੰਗਰੇਜ਼ੀ ਨਾਵਲ ‘ਸਪਲਿੰਟਡ ਵਾਟਰ’ ਲਿਖਿਆ ਹੈ ਤੇ ਹੋਰ ਸਫ਼ਰ ਜਾਰੀ ਹੈ। ਅਮਰੀਕੀ ਕਹਾਣੀਆਂ ਦੀ ਕਿਤਾਬ ਵਿਚ ਉਸ ਨੇ ਇੱਕ ਸੰਪਾਦਕ ਵਜੋਂ ਵੀ ਭੂਮਿਕਾ ਨਿਭਾਈ ਹੈ। ਚਰਨਜੀਤ ਸਿੰਘ ਪੰਨੂ ਹੋਰਾਂ ਨੂੰ ਪੇ਼ਸ਼ ਕਰਨ ਦੇ ਵਿਚ ਵਿਚਾਲੇ ਆਪਣੀਆਂ ਟਿੱਪਣੀਆਂ ਨਾਲ ਮਾਹੌਲ ਨੂੰ ਰੋਚਕ ਬਣਾਉਣ ਦੇ ਬਹਾਨੇ ਆਪਣਾ ਵੱਤਰ ਵਾਹੁੰਦਾ ਰਿਹਾ। ਉਸ ਨੇ ਵਰਿਆਮ ਸੰਧੂ ਵੱਲੋਂ ਆਈ ਇੱਕ ਈਮੇਲ ਵਾਲੀ ਕਹਾਣੀ ਦੱਸੀ ਕਿ ਕਿਵੇਂ ਉਸ ਵੱਲੋਂ ਲੰਡਨ ਦੇ ਕਿਸੇ ਹੋਟਲ ਵਿਚ ਬਟੂਆ ਚੋਰੀ ਹੋਣ ਕਾਰਨ ਇੱਕ ਹਜਾਰ ਦਾ ਹੋਟਲ ਬਿੱਲ ਚੁਕਾਉਣ ਵਾਸਤੇ ਮਦਦ ਮੰਗੀ ਗਈ ਸੀ। ਫ਼ੋਨ ਕਰਨ ਤੇ ਸੰਧੂ ਸਾਹਿਬ rਨਾਲ ਸੰਪਰਕ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਦੀ ਈਮੇਲ ਹੈਕ ਕਰ ਕੇ ਕਿਸੇ ਕਾਰੇਹੱਥੇ ਨੇ ਮੇਰੇ ਦੋਸਤਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਸ਼ੁਕਰ ਤੁਸੀਂ ਬਚ ਗਏ। ਚਰਨਜੀਤ ਸਿੰਘ ਪੰਨੂ ਅਨੁਸਾਰ ਇਸ ਸਕੈਮ ਦੁਰਘਟਨਾ ਬਾਰੇ ਉਸ ਦੇ ਕਈ ਲੇਖ ‘ਸਾਵਧਾਨ ਸਕੈਮ’ ਤੇ ਕਹਾਣੀ ‘ਬੋਲ਼ਾ ਬੱਦਲ’ ਦੀ ਉਪਜ ਹੋਈ ਸੀ। ਅਖੀਰ ਤੇ ਚਰਨਜੀਤ ਸਿੰਘ ਪੰਨੂ ਨੇ ਵਰਿਆਮ ਸੰਧੂ ਨੂੰ ਪ੍ਰਧਾਨਗੀ ਭਾਸ਼ਣ ਵਾਸਤੇ ਦਾਅਵਤ ਦਿੱਤੀ। ਨਿੱਕੀ ਜਾਂ ਲੰਬੀ ਕਹਾਣੀ ਬਾਰੇ ਚਰਚਾ ਛੇੜਦਿਆਂ ਉਸ ਨੇ ਆਪਣੀਆਂ ਲੰਬੀਆਂ ਕਹਾਣੀਆਂ ਬਾਰੇ ਭਰਪੂਰ ਜਾਣਕਾਰੀ ਦੁਹਰਾਈ। ਤਿੰਨ ਵਜੇ ਤੱਕ ਚਟਪਟੇ ਮਿਰਚ ਮਸਾਲੇ ਭਰਪੂਰ ਵਰਿਆਮ ਸੰਧੂ ਦੇ ਭਾਸ਼ਣ ਨੇ ਸਰੋਤਿਆਂ ਦੇ ਸਾਹਮਣੇ ਟੇਬਲਾਂ ਤੇ ਪਰੋਸੇ ਮਜ਼ੇਦਾਰ ਲੰਚ ਦੀ ਉਤੇਜਨਾ ਭਟਕਾ ਉਟਕਾ ਦਿੱਤੀ। ਉਸ ਦੀ ਟਿੱਪਣੀ ਕਿ ਕਿਸੇ ਵਿਦਵਾਨ ਜਾਂ ਆਲੋਚਕ ਨੇ ਉਸ ਨੂੰ ਚੰਗੀ ਤਰਾਂ ਸਮਝਿਆ ਨਹੀਂ, ਨਾਲ ਸਰੋਤਿਆਂ ਨੇ ਹਮਦਰਦੀ ਪ੍ਰਗਟਾਈ ਜਿਵੇਂ ਕਹਿੰਦੇ ਹੋਣ ਸੱਚਮੁੱਚ ਹੀ ਬਹੁਤ ਬੇਇਨਸਾਫ਼ੀ ਹੋਈ ਹੈ ਵਿਚਾਰੇ ਨਾਲ! ਕਵਿਤਾ ਕਹਾਣੀਆਂ, ਨਾਵਲ, ਨਾਟਕ, ਸਫ਼ਰਨਾਮੇ ਆਦਿ ਤੀਹ ਪੁਸਤਕਾਂ ਦੇ ਰਚਨਹਾਰ ਮੰਚ ਸੰਚਾਲਕ ਚਰਨਜੀਤ ਸਿੰਘ ਪੰਨੂ ਨੇ ਚੁੱਪ ਹੀ ਭਲੀ ਸਮਝੀ। ਸੁਰਿੰਦਰ ਸੁੰਨੜ ਸਾਹਿਬ ਵਿਚਾਰੇ ਵੀ ਸੁੰਨ ਹੋ ਗਏ ਜਿਨ੍ਹਾਂ ਕਵਿਤਾ ਸੈਸ਼ਨ ਵਿਚ ਪੜ੍ਹੇ ਡਾ. ਮੋਹਣ ਤਿਆਗੀ ਦੇ ਖੋਜ ਪੱਤਰ ਮਗਰੋਂ ਇਤਰਾਜ਼ ਉਠਾਇਆ ਸੀ ਕਿ ਮੈਨੂੰ ਗਿਆਰਾਂ ਕਿਤਾਬਾਂ ਦੇ ਲੇਖਕ ਨੂੰ ਨਹੀਂ ਗੌਲ਼ਿਆ ਗਿਆ! ਸੰਤੋਖ ਮਿਨਹਾਸ ਵੀ ਗਿਲਾ ਕਰਦਾ ਆਪਣਾ ਨਾਂ ਲੱਭਦਾ ਰਹਿ ਗਿਆ। ਇਸ ਭੰਬਲਭੂਸੇ ਨੂੰ ਲਖਵਿੰਦਰ ਜੌਹਲ ਨੇ ਦਖ਼ਲ ਦੇ ਕੇ ਬੜੀ ਸਮਝਦਾਰੀ ਨਾਲ ਨਜਿੱਠਿਆ ਸੀ ਕਿ ਇੱਕ ਪਰਚੇ ਵਿਚ ਅਮਰੀਕਾ ਭਰ ਦੇ ਸਾਰੇ ਨਾਂ ਨਹੀਂ ਲਿਖੇ ਜਾ ਸਕਦੇ, ਇਸ ਲਈ ਹੋਰ ਪਰਚੇ ਲਿਖੇ ਜਾ ਸਕਦੇ ਹਨ। “‘

Leave a Reply

Your email address will not be published. Required fields are marked *