ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਸ਼ਹਿਰ ਵਿੱਚ ਬੀਤੇ ਸ਼ੁੱਕਰਵਾਰ ਨੂੰ ਸਕਿਊਰਿਟੀ ਗਾਰਡ ਵਜੋਂ ਕੰਮ ਕਰਦੇ ਇਕ 20 ਸਾਲਾ ਪੰਜਾਬੀ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਹਰਸ਼ਰਨਦੀਪ ਸਿੰਘ ਅੰਟਾਲ ਵਜੋਂ ਹੋਈ ਹੈ ਜੋ ਕਿ ਲਗਭਗ ਡੇਢ ਸਾਲ ਪਹਿਲਾ ਹੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਹਰਸ਼ਰਨਦੀਪ ਸਿੰਘ ਭਾਰਤ ਦੇ ਹਰਿਆਣਾ ਸੂਬੇ ਦੇ ਅੰਬਾਲਾ ਜ਼ਿਲੇ ਦੇ ਪਿੰਡ ਮੁਟੈੜੀ ਜੱਟਾਂ ਦਾ ਰਹਿਣ ਵਾਲਾ ਸੀ।
ਪੁਲਿਸ ਵੱਲੋਂ ਉਸ ਦੀ ਹੱਤਿਆ ਦੇ ਦੋਸ਼ ‘ਚ ਈਵਾਨ ਰੇਨ (30) ਅਤੇ ਜੂਡਿਥ ਸੌਲਟੌਕਸ (30) ਨਾਂਅ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਦੋਸ਼ੀਆਂ ‘ਤੇ ਪਹਿਲਾਂ ਵੀ ਲੋਕਾਂ ਉਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਜਾ ਚੁੱਕੀ ਹੈ।
ਇਸੇ ਦੌਰਾਨ ਨੌਜਵਾਨ ਦੀ ਮ੍ਰਿਤਕ ਦੇਹ ਦੇ ਲੋਕਾਂ ਨੂੰ ਦਰਸ਼ਨ ਕਰਵਾਏ ਗਏ। ਇਸ ਮੌਕੇ ਫਸਟ ਰਿਸਪਾਂਡਰ ਐਸੋਸੀਏਸ਼ਨ ਦੇ ਜਵਾਨਾਂ ਵਲੋਂ ਮ੍ਰਿਤਕ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਦਰਸ਼ਨ ਕੀਤੇ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਮ੍ਰਿਤਕ ਦਾ ਅੰਤਿਮ ਸੰਸਕਾਰ ਇੰਡੀਆ ਕੀਤਾ ਜਾਣਾ ਹੈ ਜਿਸ ਲਈ ਗੋਫੰਡ ਰਾਹੀਂ ਫੰਡ ਇਕੱਤਰ ਕੀਤਾ ਜਾ ਰਿਹਾ ਹੈ।