ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਪ੍ਰਵਾਨ ਕਰੇ: ਬਾਬਾ ਬਲਬੀਰ ਸਿੰਘ-
ਸ੍ਰੀ ਫਤਿਹਗੜ੍ਹ ਸਾਹਿਬ:-19 ਦਸੰਬਰ -ਕੇਂਦਰ ਸਰਕਾਰ ਵੱਲੋਂ ਕਿਸਾਨੀ ਦੀਆਂ ਮੰਗਾਂ ਨਾ ਮੰਨੇ ਜਾਣ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨ ਲਈ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਪੰਜਵਾਂ ਤਖਤ ਚਲਦਾ ਵਹੀਰ ਦੀ ਅਗਵਾਈ ਵਿੱਚ ਤਰਨਾ ਦਲ ਮਿਸਲ ਸ਼ਹੀਦਾਂ ਦੇ ਮੁਖੀ ਬਾਬਾ ਜੋਗਾ ਸਿੰਘ, ਨਿਹੰਗ ਸਿੰਘ ਫੌਜਾਂ ਨਾਲ ਖਿਨੌਰੀ ਬਾਰਡਰ ਵਿਖੇ ਕਿਸਾਨ ਮੋਰਚਾ ਸਥਾਨ ਤੇ ਉਚੇਚੇ ਤੌਰ ਤੇ ਪੁਜੇ ਅਤੇ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਦੀ ਸੇਹਤ ਬਾਰੇ ਜਾਣਕਾਰੀ ਹਾਸਲ ਕੀਤੀ।
ਕਿਸਾਨ ਸੰਘਰਸ਼ ਮੋਰਚੇ ਦੇ ਮੰਚ ਤੋਂ ਆਪਣੇ ਸੰਬੋਧਨ ਵਿੱਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਰਾਹ ਤੋਂ ਕੁਰਾਹੈ ਪੈ ਰਹੀ ਹੈ ਅਤੇ ਆਪਣੀ ਹੀ ਜਨਤਾ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਆਵਾਮ ਵਿਰੋਧੀ ਕਾਨੂੰਨ ਹਮੇਸ਼ਾਂ ਹੀ ਬਦਅਮਨੀ, ਦੇਸ਼ ਨੂੰ ਪਿਛਾਹ ਖਿਚੂ ਸਾਬਤ ਹੋਏ ਹਨ। ਸਰਕਾਰਾਂ ਦੀਆਂ ਜਬਰੀ ਮਨਮਰਜੀਆਂ ਨਹੀਂ ਚਲ ਸਕਦੀਆਂ। ਉਨ੍ਹਾਂ ਹੋਰ ਸਪੱਸ਼ਟ ਕੀਤਾ ਕਿ ਸਰਕਾਰ ਅਜਿਹੇ ਕਾਨੂੰਨ ਨਾ ਘੜੇ ਜਿਨ੍ਹਾਂ ਵਿਰੁੱਧ ਜਨਤਾ ਨੂੰ ਨਾਫੁਰਮਾਨੀ ਵਰਗੀਆਂ ਲਹਿਰਾਂ ਖੜੀਆਂ ਕਰਨੀਆਂ ਪੈਣ। ਉਨ੍ਹਾਂ ਸਾਰੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੰਦੋਲਨ ਸਹੀ ਸੇਧ ਵੱਲ ਜਾ ਰਿਹਾ ਹੈ ਅਤੇ ਕਿਸਾਨ ਨੇਤਾਵਾਂ ਦੀ ਦੂਰ ਅੰਦੇਸ਼ੀ ਵਾਲੀ ਵਧੀਆਂ ਭੂਮਿਕਾ ਹੈ। ਅਜਿਹੇ ਸੰਘਰਸ਼ਾਂ ਵਿਚੋਂ ਚੰਗੀ ਲੀਡਰਸ਼ਿਪ ਦੇ ਆਸਾਰ ਵੀ ਪੈਦਾ ਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਕੋਈ ਅਜਿਹਾ ਕੰਮ ਨਾ ਕਰੇ ਜਿਸ ਨਾਲ ਹੱਥ ਨਾਲ ਦਿੱਤੀਆਂ ਮੂੰਹ ਨਾਲ ਖੋਹਲਣੀਆਂ ਪੈਣ। ਉਨ੍ਹਾਂ ਕਿਸਾਨ ਸੰਘਰਸ਼ ਮੋਰਚਾ ਫੰਡ ਲਈ ਨਕਦ ਰਾਸ਼ੀ ਅਤੇ ਫੱਲ ਫਰੂਟ ਅਤੇ ਸੁਕੇ ਮੇਵੇ ਭੇਂਟ ਕੀਤੇ ਅਤੇ ਹਰ ਤਰਾਂ ਦਾ ਸਹਿਯੋਗ ਦੇਣ ਲਈ ਭਰੋਸਾ ਦਿਤਾ। ਉਨ੍ਹਾਂ ਕਿਹਾ ਸ. ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਹੁਤ ਕੀਮਤੀ ਹੈ ਉਨ੍ਹਾਂ ਦੀ ਸੇਹਤ ਠੀਕ ਨਹੀਂ ਹੈ ਸਰਕਾਰਾਂ ਕਿਸਾਨਾਂ ਦੇ ਹੌਸਲਿਆਂ ਦੀ ਪਰਖ ਨਾ ਕਰਨ, ਨਿਹੰਗ ਸਿੰਘ ਦਲ ਪੰਥ ਕਿਸਾਨ ਵਰਗ ਨਾਲ ਡੱਟ ਕੇ ਖੜੇ ਹਨ ਉਨ੍ਹਾਂ ਡੱਲੇਵਾਲ ਦੀ ਸੇਹਤਯਾਬੀ ਤੇ ਕਿਸਾਨ ਸੰਘਰਸ਼ ਦੀ ਚੜ੍ਹਦੀਕਲਾ ਦੀ ਕਾਮਨਾ ਕੀਤੀ।
ਇਸ ਸਮੇਂ ਉਨ੍ਹਾਂ ਨਾਲ ਬਾਬਾ ਜੱਸਾ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਰਣਜੋਧ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਲਛਮਣ ਸਿੰਘ, ਬਾਬਾ ਗੁਰਮੁਖ ਸਿੰਘ, ਸ. ਬਲਦੇਵ ਸਿੰਘ ਸਿਰਸਾ ਆਦਿ ਹਾਜ਼ਰ ਸਨ।