Headlines

ਸੰਸਦ ਵਿਚ ਧੱਕਮੁੱਕੀ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਖਿਲਾਫ ਕੇਸ ਦਰਜ

ਨਵੀਂ ਦਿੱਲੀ, 19 ਦਸੰਬਰ ( ਦਿਓਲ)-ਦਿੱਲੀ ਪੁਲੀਸ ਨੇ ਸੰਸਦ ਭਵਨ ਵਿਚ ਹੋਈ ਧੱਕਾਮੁੱਕੀ ਮਾਮਲੇ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਖਿਲਾਫ਼ ਕੇਸ ਦਰਜ ਕੀਤਾ ਹੈ। ਧੱਕਾਮੁੱਕੀ ਦੌਰਾਨ ਦੋ ਭਾਜਪਾ ਐੱਮਪੀਜ਼ ਜ਼ਖ਼ਮੀ ਹੋ ਗਏ ਸਨ। ਭਾਜਪਾ ਦੀ ਸ਼ਿਕਾਇਤ ਉੱਤੇ ਪਾਰਲੀਮੈਂਟ ਸਟਰੀਟ ਪੁਲੀਸ ਥਾਣੇ ਵਿਚ ਦਰਜ ਐੱਫਆਈਆਰ ਵਿਚ ਭਾਰਤੀ ਨਿਆਏ ਸੰਹਿਤਾ ਦੀ ਧਾਰਾ 117 (ਜਾਣਬੁੱਝ ਕੇ ਗੰਭੀਰ ਸੱਟ ਮਾਰਨ), 115 (ਜਾਣਬੁੱਝ ਕੇ ਸੱਟ ਮਾਰਨ), 125 (ਦੂਜਿਆਂ ਦੀ ਨਿੱਜੀ ਸੁਰੱਖਿਆ ਜਾਂ ਜ਼ਿੰਦਗੀ ਖਤਰੇ ਵਿਚ ਪਾਉਣ), 131 (ਅਪਰਾਧਿਕ ਬਲ ਦੀ ਵਰਤੋਂ), 351 ਤੇ 3(5) ਆਇਦ ਕੀਤੀ ਗਈ ਹੈ। ਭਾਜਪਾ ਨੇ ਸ਼ਿਕਾਇਤ ਵਿਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਉੱਤੇ ‘ਸਰੀਰਕ ਹਮਲੇ ਤੇ ਉਕਸਾਹਟ’ ਦੇ ਦੋਸ਼ ਲਾਏ ਸਨ। ਭਾਜਪਾ ਐੱਮਪੀ ਹੇਮਾਂਤ ਜੋਸ਼ੀ ਨੇ ਅਨੁਰਾਗ ਠਾਕੁਰ ਤੇ ਬਾਂਸੁਰੀ ਸਵਰਾਜ ਨੂੰ ਨਾਲ ਲੈ ਕੇ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ। ਉਧਰ ਕਾਂਗਰਸ ਨੇ ਵੀ ਇਸੇ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ।ਭਾਜਪਾ ਦੀ ਮਹਿਲਾ ਐੱਮਪੀ ਨੇ ਰਾਹੁਲ ਗਾਂਧੀ ਉੱਤੇ ‘ਬਦਸਲੂਕੀ’ ਦੇ ਦੋਸ਼ ਲਾਏ ਸਨ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਲੋਕ ਸਭਾ ਵਿਚ ਵਿਰੋੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਮਾਰੇ ਧੱਕਿਆਂ ਕਰਕੇ ਉਸ ਦੇ ਦੋ ਸੰਸਦ ਮੈਂਬਰ (ਮੁਕੇਸ਼ ਰਾਜਪੂਤ ਤੇ ਪ੍ਰਤਾਪ ਚੰਦਰ ਸਾਰੰਗੀ) ਜ਼ਖ਼ਮੀ ਹੋ ਗਏ। ਗਾਂਧੀ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਲਟਾ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਧੱਕੇ ਮਾਰੇ ਗਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਪ੍ਰਦਰਸ਼ਨਕਾਰੀ ਭਾਜਪਾ ਮੈਂਬਰਾਂ ਉੱਤੇ ਉਨ੍ਹਾਂ ਨੂੰ ਧੱਕੇ ਮਾਰਨ ਦਾ ਦੋਸ਼ ਲਾਇਆ ਸੀ। ਖੜਗੇ ਨੇ ਕਿਹਾ ਕਿ ਖਿੱਚ ਧੂਹ ਦੌਰਾਨ ਉਨ੍ਹਾਂ ਦੇ ਗੋਡਿਆਂ ’ਤੇ ਵੀ ਸੱਟ ਲੱਗੀ। ਦੋਵਾਂ ਧਿਰਾਂ ਨੇ ਪਾਰਲੀਮੈਂਟ ਸਟਰੀਟ ਪੁਲੀਸ ਥਾਣੇ ਵਿਚ ਇਕ ਦੂਜੇ ਖਿਲਾਫ਼ ਸ਼ਿਕਾਇਤ ਦਰਜ ਕੀਤੀ ਸੀ। ਉਨ੍ਹਾਂ ਇਕ ਦੂਜੇ ਖਿਲਾਫ਼ ਲੋਕ ਸਭਾ ਤੇ ਰਾਜ ਸਭਾ ਦੇ ਕ੍ਰਮਵਾਰ ਸਪੀਕਰ ਤੇ ਚੇਅਰਮੈਨ ਨੂੰ ਵੀ ਸ਼ਿਕਾਇਤ ਦਿੱੱਤੀ। ਧੱਕਾਮੁੱਕੀ ਦੌਰਾਨ ਜ਼ਖ਼ਮੀ ਹੋਏ ਭਾਜਪਾ ਸੰਸਦ ਮੈਂਬਰਾਂ ਮੁਕੇਸ਼ ਰਾਜਪੂਤ ਤੇ ਪ੍ਰਤਾਪ ਚੰਦਰ ਸਾਰੰਗੀ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਉੱਤੇ ਗੱਲ ਕਰਕੇ ਦੋਵਾਂ ਦੀ ਸਿਹਤ ਬਾਰੇ ਖ਼ਬਰਸਾਰ ਲਈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਅਜੈ ਸ਼ੁਕਲਾ ਨੇ ਕਿਹਾ ਕਿ ਦੋਵਾਂ ਐੱਮਪੀਜ਼ ਦੇ ਸਿਰ ’ਤੇ ਸੱਟਾਂ ਲੱਗੀਆਂ ਹਨ।ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਪੁਲੀਸ ਥਾਣੇ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਸਰੀਰਕ ਹਮਲੇ ਤੇ ਉਕਸਾਉਣ ਲਈ ਰਾਹੁਲ ਗਾਂਧੀ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਹੈ।’’