Headlines

ਅਮਰੀਕੀ ਲੇਖਕ ਦਰਸ਼ਨ ਸਿੰਘ ਕਿੰਗਰਾ ਦੀ ਪੁਸਤਕ ‘ਪੰਜਾਬੀ ਸਭਿਆਚਾਰ-ਸ੍ਰੋਤ ਤੇ ਸਮੱਗਰੀ’ ਦਾ ਲੋਕ ਅਰਪਣ

ਸਰੀ, 20 ਦਸੰਬਰ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕਾ ਵਸਦੇ ਸਾਹਿਤਕਾਰ ਦਰਸ਼ਨ ਸਿੰਘ ਕਿੰਗਰਾ ਦੀ ਨਵ-ਪ੍ਰਕਾਸ਼ਿਤ ਪੁਸਤਕ ਇੱਥੇ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ, ਸਰੀ ਦੇ ਵਿਹੜੇ ਵਿਚ ਰਿਲੀਜ਼ ਕੀਤੀ ਗਈ। ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਅਦਾ ਕੀਤੀ।

ਇਸ ਮੌਕੇ ਬੋਲਦਿਆਂ ਸੁੱਚਾ ਸਿੰਘ ਕਲੇਰ ਨੇ ਕਿਹਾ ਕਿ ਦਰਸ਼ਲ ਸਿੰਘ ਕਿੰਗਰਾ ਦੀਆਂ ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਪਹਿਲੂਆਂ ਉੱਪਰ ਇਸ ਤੋਂ ਪਹਿਲਾਂ 9 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਸੇ ਲੜੀ ਤਹਿਤ ‘ਪੰਜਾਬੀ ਸਭਿਆਚਾਰ – ਸ੍ਰੋਤ ਤੇ ਸਮੱਗਰੀ’ ਉਨ੍ਹਾਂ ਦੀ ਦਸਵੀਂ ਪੁਸਤਕ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਪੇਂਡੂ ਜੀਵਨ ਵਿਚ ਵਰਤੇ ਜਾਣ ਵਾਲੇ ਸੰਦਾਂ ਅਤੇ ਸਾਧਨਾਂ ਨੂੰ ਲੋਕ ਗੀਤਾਂ, ਬੋਲੀਆਂ, ਕਾਫੀਆਂ ਅਤੇ ਗੁਰਬਾਣੀ ਦੇ ਹਵਾਲਿਆਂ ਨਾਲ਼ ਬਹੁਤ ਹੀ ਖੂਬਸੂਰਤ ਅਤੇ ਦਿਲਚਸਪ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ।

ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਦਰਸ਼ਨ ਸਿੰਘ ਕਿੰਗਰਾ ਵੱਲੋਂ ਪੰਜਾਬੀ ਦੇ ਮਾਣਮੱਤੇ ਅਤੇ ਲੋਪ ਰਹੇ ਸਭਿਆਚਾਰ ਨੂੰ ਵਿੱਲਖਣ ਅੰਦਾਜ਼ ਵਿਚ ਸਾਂਭਣ ਦਾ ਇਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ। ਇਸ ਪੁਸਤਕ ਵਿਚ ਲੇਖਕ ਨੇ ਪੇਂਡੂ ਜੀਵਨ ਨੂੰ ਪੰਜਾਬੀ ਲੋਕਧਾਰਾ, ਲੋਕਗੀਤਾਂ ਅਤੇ ਸਭਿਆਚਾਰ ਦੇ ਇਤਿਹਾਸਕ ਸੰਦਰਭ ਵਿਚ ਬਾਖੂਬੀ ਪੇਸ਼ ਕੀਤਾ ਹੈ। ਸ਼ਾਇਰ ਮੋਹਨ ਗਿੱਲ ਨੇ ਆਖਿਆ ਕਿ ਦਰਸ਼ਲ ਸਿੰਘ ਕਿੰਗਰਾ ਦੇ ਸਭਿਆਚਾਰ ਵੰਨਗੀਆਂ ਵਿਚ ਰੰਗੇ ਲੇਖ ਪਿਛਲੇ 9 ਸਾਲਾਂ ਤੋਂ ‘ਇੰਡੋ ਕੈਨਡੀਅਨ ਟਾਈਮਜ਼’ ਅਖਬਾਰ ਵਿਚ ਲਗਾਤਾਰ ਛਪ ਰਹੇ ਹਨ। ਇਹ ਲੇਖ ਸਭਿਆਚਾਰ ਪ੍ਰਤੀ ਉਨ੍ਹਾਂ ਦੀ ਲਗਨ ਅਤੇ ਖੋਜ ਨੂੰ ਦਰਸਾਉਂਦੇ ਹਨ। ਉਨ੍ਹਾਂ ਦੀ ਇਸ ਲਗਨ ਅਤੇ ਮਿਹਨਤ ਨੂੰ ਸਲਾਮ ਹੈ।

ਜ਼ਿਲੇ ਸਿੰਘ, ਅਮਰੀਕ ਸਿੰਘ ਮਾਨ, ਬਿੱਲਾ ਤੱਖੜ, ਹਰਦਮ ਸਿੰਘ ਮਾਨ ਅਤੇ ਗੁਰਮੀਤ ਸਿੰਘ ਕਾਲਕਟ ਨੇ ਦਰਸ਼ਨ ਸਿੰਘ ਕਿੰਗਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਪੇਂਡੂ ਪੰਜਾਬੀ ਜੀਵਨ ਦੇ ਰਹਿਣ ਸਹਿਣ, ਕੰਮਾਂ ਧੰਦਿਆਂ, ਸਾਧਨਾਂ ਅਤੇ ਅਨੇਕਾਂ ਪੱਖਾਂ ਨੂੰ ਉਜਾਗਰ ਕਰਦੀ ਹੈ ਅਤੇ ਪੰਜਾਬੀ ਸਭਿਆਚਾਰ ਦਾ ਅਹਿਮ ਇਤਿਹਾਸਕ ਦਸਤਾਵੇਜ ਹੈ।

Leave a Reply

Your email address will not be published. Required fields are marked *