ਨਵੀ ਦਿੱਲੀ ( ਦਿਓਲ)-ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਤੇ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਦਾ ਗੁਰੂ ਗ੍ਰਾਮ ਦੇ ਇਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉੁਹ 89 ਸਾਲਾਂ ਦੇ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਓਮ ਪ੍ਰਕਾਸ਼ ਚੌਟਾਲਾ ਨੂੰ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਬਿਨਾਂ ਦੇਰੀ ਦੇ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਚੌਟਾਲਾ ਨੇ ਦੁਪਹਿਰੇ 12 ਵਜੇ ਮੇਦਾਂਤਾ ਹਸਪਤਾਲ ਵਿਚ ਆਖਰੀ ਸਾਹ ਲਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਣੇ ਹੋਰਨਾਂ ਆਗੂਆਂ ਨੇ ਓਮ ਪ੍ਰਕਾਸ਼ ਚੌਟਾਲਾ ਦੇ ਅਕਾਲ ਚਲਾਣੇ ਉੱਤੇ ਦੁੱਖ ਜਤਾਇਆ ਹੈ। ਚੌਟਾਲਾ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਦੋ ਪੁੱਤਰ ਤੇ ਤਿੰਨ ਧੀਆਂ ਹਨ। ਉਨ੍ਹਾਂ ਦੀ ਪਤਨੀ ਸਨੇਹ ਲਤਾ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ।
ਚੌਟਾਲਾ ਦਾ ਜਨਮ 1 ਜਨਵਰੀ 1935 ਨੂੰ ਹੋਇਆ ਸੀ ਅਤੇ ਉਹ ਦੇਸ਼ ਦੇ 6ਵੇਂ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੁੱਤਰ ਸਨ। ਉਨ੍ਹਾਂ ਦਾ ਸਿਆਸੀ ਸਫ਼ਰ ਹਰਿਆਣਾ ਦੀ ਰਾਜਨੀਤੀ ਵਿੱਚ ਮੀਲ ਪੱਥਰ ਸਾਬਤ ਹੋਇਆ। ਚੌਟਾਲਾ ਪਹਿਲੀ ਵਾਰ 2 ਦਸੰਬਰ 1989 ਤੋਂ 22 ਮਈ 1990 ਤੱਕ ਮੁੱਖ ਮੰਤਰੀ ਰਹੇ। ਉਹ ਕੌਮੀ ਪੱਧਰ ਉੱਤੇ ਐੱਨਡੀਏ ਅਤੇ ਤੀਸਰੇ ਮੋਰਚੇ ਦਾ ਹਿੱਸਾ ਵੀ ਰਹੇ। ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਤੇ ਆਈਏਐੈੱਸ ਅਧਿਕਾਰੀ ਸੰਜੀਵ ਕੁਮਾਰ ਨੂੰ ਸਾਲ 2000 ਦੇ ਸਿੱਖਿਆ ਭਰਤੀ ਘੁਟਾਲੇ ’ਚ ਦੋੋਸ਼ੀ ਠਹਿਰਾਣੇ ਜਾਣ ਮਗਰੋਂ 2013 ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਤਿਹਾੜ ਜੇਲ੍ਹ ਵਿਚ ਸਭ ਤੋਂ ਬਜ਼ੁਰਗ ਕੈਦੀ ਦੇ ਰੂਪ ਵਿਚ ਉੱਥੇ ਰਹੇ। ਬਾਅਦ ਵਿਚ ਚੌਟਾਲਾ ਨੂੰ 2021 ਵਿਚ ਕੋਵਿਡ-19 ਮਹਾਮਾਰੀ ਦੇ ਚਲਦਿਆਂ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਸੀ। ਓਮ ਪ੍ਰਕਾਸ਼ ਚੌਟਾਲਾ ਦਾ ਛੋਟਾ ਪੁੱਤਰ ਅਭੈ ਸਿੰਘ ਚੌਟਾਲਾ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦਾ ਸੀਨੀਅਰ ਆਗੂ ਹੈ, ਜਦੋਂ ਕਿ ਵੱਡਾ ਪੁੱਤਰ ਤੇ ਸਾਬਕਾ ਐੱਮਪੀ ਅਜੈ ਸਿੰਘ ਚੌਟਾਲਾ ਜਨਨਾਇਕ ਜਨਤਾ ਪਾਰਟੀ(ਜੇੇਜੇਪੀ) ਦੇ ਮੁਖੀ ਹਨ। ਦਸੰਬਰ 2018 ਵਿਚ ਪਰਿਵਾਰਕ ਫੁੱਟ ਤੋਂ ਬਾਅਦ ਇਸ ਪਾਰਟੀ ਦਾ ਜਨਮ ਹੋਇਆ ਸੀ। ਅਭੈ ਦਾ ਬੇਟਾ ਅਰਜੁਨ ਹਰਿਆਣਾ ਤੋਂ ਵਿਧਾਇਕ ਹੈ ਜਦਕਿ ਅਜੇ ਚੌਟਾਲਾ ਦੇ ਪੁੱਤਰ ਦੁਸ਼ਯੰਤ ਅਤੇ ਦਿਗਵਿਜੈ ਜੇਜੇਪੀ ਨੇਤਾ ਹਨ।