ਐਡਮਿੰਟਨ (ਗੁਰਪ੍ਰੀਤ ਸਿੰਘ)-ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੋਬਿੰਦ ਸਰਵਰ ਸਕੂਲ ਐਡਮਿੰਟਨ ਵੱਲੋਂ ‘ਸਫਰ-ਏ-ਸ਼ਹਾਦਤ’ ਸਮਾਗਮ, 18 ਦਸੰਬਰ ਤੋਂ 24 ਦਸੰਬਰ ਸਕੂਲ ਦੀ 9897, 34 ਐਵੀਨਿਊ ਸਥਿਤ ਨਵੀਂ ਬਿਲਡਿੰਗ ਵਿੱਚ ਸ਼ਾਮ 4 ਵਜੇ ਤੋਂ 7 ਵਜੇ ਤੱਕ ਚੱਲ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਗੈਲਰੀ ਆਪਣੇ ਆਪ ਵਿੱਚ ਹੀ ਇਕ ਮਿਸਾਲ ਹੈ। ਇਸ ਇਤਿਹਾਸਕ ਪ੍ਰਦਰਸ਼ਨੀ ਵਿਚ ਦਰਸ਼ਕ ਖਾਲਸਾ ਪੰਥ ਦੀ ਸਾਜਨਾ, ਦਸੰਬਰ ਮਹੀਨੇ ਦੀਆਂ ਠੰਡੀਆਂ ਹਵਾਵਾਂ ਦੌਰਾਨ, ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ, ਸਰਸਾ ਨਦੀ, ਵੱਡੇ ਸਾਹਿਬਜ਼ਾਦਿਆਂ ਤੇ ਹੋਰ ਸ਼ਹੀਦ ਸਿੰਘਾਂ ਦੀ ਚਮਕੌਰ ਦੀ ਗੜੀ ‘ਚ ਸ਼ਹਾਦਤ ਅਤੇ ਬੀਬੀ ਸ਼ਰਨ ਕੌਰ ਜੀ ਦੀ ਸ਼ਹਾਦਤ ਬਾਰੇ ਜਾਣਕਾਰੀ ਹਾਸਲ ਕਰਨਗੇ।
ਇਸੇ ਤਰ੍ਹਾਂ ਪ੍ਰਦਰਸ਼ਨੀ ‘ਚ ਅਗੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਗੰਗੂ ਰਸੋਈਏ ਵੱਲੋਂ ਆਪਣੇ ਘਰ ਲੇ ਜਾਣਾ, ਮੋਹਰਾਂ ਚੋਰੀ ਕਰਨਾ ਅਤੇ ਸੂਬੇ ਨੂੰ ਸ਼ਿਕਾਇਤ ਕਰ ਕੇ ਗ੍ਰਿਫਤਾਰ ਕਰਵਾਉਣ ਦੇ ਦ੍ਰਿਸ਼, ਛੋਟੇ ਸਾਹਿਬਜ਼ਾਦਿਆਂ ਦੀ ਕਚਿਹਰੀ ‘ਚ ਪੇਸ਼ੀ, ਨੀਹਾਂ ‘ਚ ਚਿਣਵਾਊਣਾ ਤੇ ਅੰਤ ‘ਚ ਜਲਾਦਾਂ ਹਥੋਂ ਸ਼ਹਾਦਤ ਦਾ ਦ੍ਰਿਸ਼, ਦੀਵਾਨ ਟੋਡਰ ਮੱਲ ਵੱਲੋਂ ਜਮੀਨ ਖਰੀਦਣਾ, ਮੋਤੀ ਲਾਲ ਮਹਿਰਾ ਜੀ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀਵਾੜੇ ਦੇ ਜੰਗਲਾਂ ‘ਚ ਰਾਤ ਕੱਟਣ ਦਾ ਦ੍ਰਿਸ਼ ਸਚਮੁੱਚ ਹੀ ਬਾ ਕਮਾਲ ਹੈ।
ਸਕੂਲ ਦੀ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਇਸ ਮਹੀਨੇ ਦੀ ਗੌਰਵਮਈ ਕਹਾਣੀ ਤੇ ਸ਼ਹੀਦਾਂ ਦੇ ਬਹਾਦਰੀ ਭਰੇ ਬਲਿਦਾਨਾਂ ਨੂੰ ਸਮਝਣ ਲਈ ਸਮੂਹ ਐਡਮਿੰਟਨ ਵਾਸੀਆਂ ਨੂੰ ਬੱਚਿਆਂ ਤੇ ਪਰਿਵਾਰ ਸਮੇਤ ਪਹੁੰਚਣ ਦਾ ਨਿੱਘਾ ਦਿੱਤਾ ਹੈ।