ਫੈਸਲਾਬਾਦ ਪਾਕਿਸਤਾਨ, 18 ਦਸੰਬਰ -(ਜਗਦੀਸ਼ ਸਿੰਘ ਬਮਰਾਹ )_
ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਭਜਨ ਸਿੰਘ ਬਰਾੜ ਅਤੇ ਉਹਨਾਂ ਦੀ ਟੀਮ ਦੇ ਯਤਨਾਂ ਸਦਕਾ ਤਕਰੀਬਨ 80 ਸਾਲਾਂ ਬਾਅਦ ਵਿਛੜੇ ਪਰਿਵਾਰਾਂ ਦੇ ਜੀਅ ਆਪਸ ਵਿੱਚ ਮਿਲੇ। ਸੰਨ 1900 ਦੇ ਨੇੜੇ ਤੇੜੇ ਦੀ ਗੱਲ ਹੈ ਕਿ ਜਦ ਬਟਾਲਾ ਤਹਿਸੀਲ ਦੇ ਪਿੰਡ ਸਦਾ ਰੰਗ ਦਾ ਇੱਕ ਨੌਜਵਾਨ ਮੱਲਾ ਸਿੰਘ ਬਮਰਾਹ ਜਦ ਫਿਰਦਾ ਤੁਰਦਾ ਲਾਹੌਰ ਪਹੁੰਚਿਆ ਤਾਂ ਕਿਸੇ ਤਰ੍ਹਾਂ ਉਹ ਇਸਾਈ ਮਿਸ਼ਨਰੀਆਂ ਦੇ ਸੰਪਰਕ ਵਿੱਚ ਆ ਗਿਆ ਅਤੇ ਬਾਅਦ ਵਿੱਚ ਉਸਨੇ ਇਸਾਈ ਧਰਮ ਗ੍ਰਹਿਣ ਕਰਕੇ ਆਪਣਾ ਨਾਮ ਨਿਹਾਲ ਦਾਸ ਰੱਖ ਲਿਆ।ਸੰਨ 1902 ਵਿੱਚ ਜਦ ਅੰਗਰੇਜ਼ਾਂ ਨੇ ਲਾਇਲਪੁਰ ਦੀ ਬਾਰ ਵਿੱਚੋਂ ਨਹਿਰ ਕੱਢ ਕੇ ਜਮੀਨਾਂ ਆਬਾਦ ਕੀਤੀਆਂ ਤਾਂ ਅੰਗਰੇਜ਼ ਨੇ ਪੰਜ ਮੁਰੱਬੇ ਜਮੀਨ ਨਿਹਾਲ ਦਾਸ ਨੂੰ ਅਲਾਟ ਕਰਕੇ ਆਪਣਾ ਪਿੰਡ ਵਸਾਉਣ ਲਈ ਮਨਜ਼ੂਰੀ ਦੇ ਦਿੱਤੀ। ਨਿਹਾਲ ਦਾਸ ਦਾ ਪੁੱਤਰ ਸੈਮੂਅਲ 1947 ਤੋਂ ਪਹਿਲਾਂ ਸਾਂਝੇ ਪੰਜਾਬ ਵਿੱਚ ਆਪਣੇ ਪਿੰਡ ਸਦਾ ਰੰਗ ਜਾ ਕੇ ਪਰਿਵਾਰ ਦੇ ਜੀਆਂ ਨੂੰ ਮਿਲਦਾ ਰਿਹਾ ਪਰ ਬਾਅਦ ਵਿੱਚ ਆਉਣਾ ਜਾਣਾ ਬੰਦ ਹੋ ਗਿਆ। ਆਜ਼ਾਦੀ ਤੋਂ ਬਾਅਦ ਦੁਬਾਰਾ ਕਦੇ ਵੀ ਇਸ ਪਰਿਵਾਰ ਦਾ ਆਪਣੇ ਚੜ੍ਹਦੇ ਪੰਜਾਬ ਵਾਲੇ ਪਰਿਵਾਰ ਨਾਲ ਮੇਲ ਨਹੀਂ ਹੋ ਸਕਿਆ। ਪਿਛਲੇ ਸਾਲ ਸੋਸ਼ਲ ਮੀਡੀਆ ਤੇ ਬਮਰਾਹ ਗੋਤ ਦੇ ਮਾਧਿਅਮ ਨਾਲ ਇਸ ਪਰਿਵਾਰ ਦੇ ਬਜ਼ੁਰਗ ਅਤੇ ਸੈਮੁਅਲ ਬਮਰਾਹ ਦੇ ਪੁੱਤਰ ਐਡਵੋਕੇਟ ਜੋਜਫ ਬਮਰਾਹ ਅਤੇ ਅੱਗੇ ਉਹਨਾਂ ਦੇ ਪੁੱਤਰ ਪ੍ਰੋਫੈਸਰ ਜਹਾਂ ਜੇਬ ਬਮਰਾਹ ਦਾ ਸੰਪਰਕ ਸਾਈਂ ਮੀਆ ਮੀਰ ਫਾਊਂਡੇਸ਼ਨ ਦੇ ਰਾਹੀਂ ਆਪਣੇ ਨੇੜਲੇ ਪਰਿਵਾਰਿਕ ਮੈਂਬਰ ਇਸ ਪੱਤਰਕਾਰ ਜਗਦੀਸ਼ ਸਿੰਘ ਬਮਰਾਹ ਨਾਲ ਟੈਲੀਫੋਨ ਤੇ ਹੋ ਗਿਆ। ਹੁਣ ਜਦ ਕਿ ਸਾਈ ਮੀਆਂ ਮੀਰ ਫਾਊਂਡੇਸ਼ਨ ਦਾ ਇਹ ਵਫਦ ਜਿਸ ਵਿੱਚ ਪ੍ਰਧਾਨ ਸਰਦਾਰ ਹਰਭਜਨ ਸਿੰਘ ਬਰਾੜ,ਪ੍ਰੋਫੈਸਰ ਸੁਰਿੰਦਰਪਾਲ ਸਿੰਘ ਮੰਡ ,ਡਾਕਟਰ ਮਨਜੀਤ ਸਿੰਘ ਢਿੱਲੋ ,ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਗਾਜੀਆਣਾ ਅਤੇ ਇਹ ਪੱਤਰਕਾਰ ਪਾਕਿਸਤਾਨ ਦੇ ਦੌਰੇ ਤੇ ਆਏ ਹੋਏ ਹਨ ਤਾਂ ਜਿਲਾ ਟੋਬਾ ਟੇਕ ਸਿੰਘ ਦੇ ਗੋਜਰਾ ਸ਼ਹਿਰ ਦੇ ਵਸਨੀਕ ਉਕਤ ਪਰਿਵਾਰ ਦਾ ਫੈਸਲਾਬਾਦ ਦੇ ਪ੍ਰਸਿੱਧ ਪਾਕਿਸਤਾਨੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਾਮ ਅਬਾਸ ਬੱਟ ਦੇ ਗ੍ਰਹਿ ਵਿਖੇ ਮੇਲ ਸੰਭਵ ਹੋ ਸਕਿਆ। ਤਕਰੀਬਨ 80 ਸਾਲ ਬਾਅਦ ਇਹਨਾਂ ਪਰਿਵਾਰਾਂ ਦੇ ਵਿਛੜੇ ਜੀਅ ਆਪਸ ਵਿੱਚ ਮਿਲਣ ਸਮੇਂ ਖੁਸ਼ੀ ਨਾਲ ਅੱਖਾਂ ਸਿੱਲੀਆਂ ਹੋ ਜਾਣ ਦਾ ਮਾਹੌਲ਼ ਬਣ ਗਿਆ। ਸਾਰੇ ਹੀ ਮੈਂਬਰ ਗਲਵੱਕੜੀਆਂ ਪਾ ਕੇ ਇੱਕ ਦੂਸਰੇ ਨੂੰ ਮਿਲੇ ਅਤੇ ਫਿਰ ਗੱਲਾਂ ਕਰਦਿਆਂ ਛੇ ਸੱਤ ਘੰਟੇ ਕਦੋਂ ਬੀਤ ਗਏ ,ਇਹ ਪਤਾ ਹੀ ਨਾ ਲੱਗਿਆ। ਸ਼ਾਮ ਨੂੰ ਦੋਵਾਂ ਪਾਸਿਆਂ ਤੋਂ ਕੁਝ ਤੋਹਫੇ ਇੱਕ ਦੂਸਰੇ ਨੂੰ ਪ੍ਰਦਾਨ ਕੀਤੇ ਗਏ ਅਤੇ ਮੁੜ ਕੇ ਮਿਲਣ ਦਾ ਵਾਅਦਾ ਕਰਕੇ ਉਹ ਵਾਪਸ ਆਪਣੇ ਘਰ ਨੂੰ ਪਰਤ ਗਏ। ਉਦਾਸ ਮਾਹੌਲ ਵਿੱਚ ਕਿਸੇ ਕਵੀ ਦੀਆਂ ਸਤਰਾਂ “ਹਿਜਰ ਦਾ ਮੌਸਮ ਆਏ ਨਾ ਕਿਸੇ ਦੁਸ਼ਮਣ ਤੇ, ਵਿਛੜੇ ਨਾ ਕੋਈ ਸੱਜਣ ਆਪਣੇ ਸੱਜਣਾਂ ਤੋਂ” ਸ਼ਾਇਦ ਹਵਾ ਵਿੱਚ ਗੂੰਜ ਰਹੀਆਂ ਸਨ। ਇਸ ਮੌਕੇ ਅਬਾਸ ਬੱਟ, ਹੀਰਾ ਬੱਟ ,ਆਸਿਫ ਵਾਹਲਾ,ਨੂਰ ਨੱਬੀ ਰੰਧਾਵਾ ਕਬੱਡੀ ਕੋਚ,ਮੁਬੱਸ਼ਰ,ਮੁਹੰਮਦ ਅਲੀ,ਇਜਾਨ ਵਾਹਲਾ ਆਦਿ ਵੀ ਉਥੇ ਮੌਜੂਦ ਸਨ ।