Headlines

ਛੇ ਅਤੇ ਸੱਤ ਪੋਹ /  ਕੁਲਵੀਰ ਸਿੰਘ ਡਾਨਸੀਵਾਲ 

ਛੇ ਪੋਹ

********************

ਛੇ ਪੋਹ ਚੜਿਆ ਤੇ ਝੰਡਾ ਗੱਡਤਾ

ਗੁਰਾਂ ਨੇ ਅਨੰਦਪੁਰ ਕਿਲਾ ਛੱਡਤਾ

ਚੰਦਰਾ ਔਰੰਗਾ ਸੀ ਸ਼ੈਤਾਨ  ਹੋ ਗਿਆ

ਸੌਹਾਂ ਖਾ ਕੇ ਪਾਪੀ ਬੇਈਮਾਨ ਹੋ ਗਿਆ

ਗੁਰੂ ਜੀ ਤੇ ਧੋਖੇ ਨਾਲ ,ਧਾਵਾ ਬੋਲਤਾ

ਵਾਹਦਿਆਂ ਨੂੰ ਝੱਟ ,ਮਿੱਟੀ ਵਿੱਚ ਰੋਲਤਾ

ਭਾਈ ਜੈਤਾ ਖੜ ਗਿਆ ,ਹਿੱਕ ਤਾਣ ਕੇ

ਉਦੈ ਸਿੰਘ ਡਟ ਗਿਆ ਮੂਹਰੇ ਆਣ ਕੇ

ਬੱਚਿਆਂ ਸਮੇਤ ਗੁਰੂ ,ਅੱਗੇ ਵਧ ਗਏ

ਕੁਝ ਸਿੰਘ ਸੂਰਿਆਂ ਨੂੰ ਪਿੱਛੇ ਛੱਡ ਗਏ

ਸਰਸਾ ਕਿਨਾਰੇ ਜਾ ਕੇ ਡੇਰਾ ਲਾ ਲਿਆ

ਵੈਰੀਆਂ ਨੇ ਪਿੱਛੋਂ ਆ ਕੇ ਘੇਰਾ ਪਾ ਲਿਆ

ਚੱਲ ਰਹੀ ਸੀ ਉੱਪਰੋਂ ਹਨੇਰੀ ਜ਼ੋਰ ਦੀ

ਪੋਹ ਵਾਲੀ ਠੰਢ ਸਿਗੀ ਹੱਡ ਤੋੜਦੀ

ਬੜਾ ਘਮਸਾਨ ਵਾਲਾ ਯੁੱਧ ਛਿੜਿਆ

ਸ਼ੇਰਾਂ ਵਾਂਗੂੰ ਖਾਲਸਾ ਸੀ ,ਜਾ ਭਿੜਿਆ

ਚੰਦਰੀ ਹੋਣੀ ਨੇ ਸਾਰਾ ਕੁਝ ,ਖੋਹ ਲਿਆ

ਸਾਰਾ ਪਰਿਵਾਰ ਖੇਰੂੰ ਖੇਰੂੰ ,ਹੋ ਗਿਆ

ਵਿਰਲਾ ਹੀ ਸਰਸਾ ਦੇ ਵਿੱਚੋਂ ਲੰਘਿਆ

ਤਿੰਨ ਥਾਹੀਂ ਗਿਆ ਪਰਿਵਾਰ ਵੰਡਿਆ

ਪੁੱਤ ਨੂੰ ਨਾ ਮਾਤਾ ਦਾ ਪਿਆਰ ਮਿਲਿਆ

ਮੁੜਕੇ ਨਾ ਫੇਰ ਪਰਿਵਾਰ ਮਿਲਿਆ

ਸਰਸਾ ਦਾ ਪਾਣੀ ਸਭ ਹੂੰਝ ਲੈ ਗਿਆ

ਗੁਰੂ ਤੇ ਪਹਾੜ ਜਿੱਡਾ ,ਕਹਿਰ ਢਹਿ ਗਿਆ

ਜੋੜਦਾ ਇਹ ਛੰਦ ਗਮਗੀਨ ਹੋ ਗਿਆ

ਲਿਖਦਾ ਕਹਾਣੀ ਕੁਲਵੀਰ ਰੋ ਪਿਆ ।

 

               ਸੱਤ ਪੋਹ

************************

ਹੋ ਗਿਆ ਸੀ ਤੀਲਾ ਤੀਲਾ ,ਭਾਵੇਂ  ਪਰਿਵਾਰ ਦਾ

ਕੀਰਤਨ ਸੀ  ਕੀਤਾ ਤੜਕੇ ,ਆਸਾ ਦੀ ਵਾਰ ਦਾ

ਛੋਟੇ ਲਾਲਾਂ ਨੂੰ ਲੈ ਕੇ , ਤੁਰ ਪਏ ਸੀ ਮਾਤਾ ਜੀ

ਚੱਕ ਢੇਰੇ ਪਿੰਡ ਦੇ ਵੱਲ ਨੂੰ , ਮੁੜ ਪਏ ਸੀ ਮਾਤਾ ਜੀ

ਕੁੰਮੇ ਦੀ ਛੰਨ ਵਿੱਚ ਮਾਤਾ ,ਡੇਰਾ ਜਾ ਲਾਇਆ ਸੀ

ਬੀਬੀ ਲੱਛਮੀ ਨੇ ਆ ਕੇ ,ਲੰਗਰ ਛਕਾਇਆ ਸੀ

ਉੱਧਰ ਜੀ ਮਹਿਲ ਗੁਰੂ ਦੇ , ਹੋ ਗਏ ਬੇਹਾਲ ਸੀ

ਮਨੀ ਸਿੰਘ ਦਿੱਲੀ ਵੱਲ ਨੂੰ ,ਤੁਰ ਪਏ ਸੀ ਨਾਲ ਜੀ

ਪੌਂਹਚੇ ਫਿਰ ਕਲਗੀਆਂ ਵਾਲੇ ,ਰੋਪੜ ਦੇ ਲਾਗੇ ਸੀ

ਰਲ ਗਏ ਫਿਰ ਨਾਲ ਗੁਰਾਂ ਦੇ ,ਵੱਡੇ ਸ਼ਹਿਜ਼ਾਦੇ ਸੀ

ਪੈਰ ਜਦ ਨੀਲੇ ਘੋੜੇ,  ਅੱਗੇ  ਧਰ ਦਿੱਤਾ ਸੀ

ਅੱਗ ਵਾਂਗੂੰ ਤਪਦਾ ਭੱਠਾ , ਠੰਡਾ ਕਰ ਦਿੱਤਾ ਸੀ

ਗੜੀ ਚਮਕੌਰ ਦੇ ਵੱਲ ਨੂੰ ,ਚਾਲੇ ਪਾ ਦਿੱਤੇ ਸੀ

ਸਫ਼ਰਾਂ ਨੇ ਪੈਰਾਂ ਦੇ ਵਿੱਚ , ਛਾਲੇ ਪਾ ਦਿੱਤੇ ਸੀ

ਗੁਰੂ ਦੇ ਨਾਲ ਆਖਰੀ,ਚਾਲੀ ਸਿੰਘ ਬਚ ਗਏ ਸੀ

ਲੱਖਾਂ ਦੇ ਮੂਹਰੇ ਯੋਧੇ , ਹਿੱਕਾਂ ਤਣ ਡਟ ਗਏ ਸੀ

ਮੁਗਲਾਂ ਚਮਕੌਰ ਗੜੀ ਨੂੰ,ਘੇਰਾ ਆ ਪਾਇਆ ਸੀ

ਸੱਤ ਪੋਹ ਦੀ ਰਾਤ ਸੀ ਚੰਦਰੀ,ਨੇਹਰਾ ਜਿਹਾ ਛਾਇਆ ਸੀ

ਉਸ ਰਾਤੀਂ ਦਸਮ ਪਿਤਾ ਜੀ,ਸੁੱਤੇ ਨਹੀਂ ਘੁੰਮਦੇ ਰਹੇ

ਸੁੱਤੇ ਪਏ ਸਿੰਘਾਂ ਦੇ ਉਹ , ਮੱਥਿਆਂ ਨੂੰ ਚੁੰਮਦੇ ਰਹੇ

ਪਤਾ ਸੀ ਦਸਮ ਪਿਤਾ ਨੂੰ ,ਪੁੱਤਾਂ ਕੱਲ੍ਹ ਰਹਿਣਾ ਨਹੀਂ

ਆਪਣੇ ਦਸਮੇਸ਼ ਪਿਤਾ ਨੂੰ , ਬਾਪੂ ਮੁੜ ਕਹਿਣਾ ਨੀ

ਧੰਨ ਸੀ ਤੂੰ ਬਾਜਾਂ ਵਾਲਿਆ,ਜਿਗਰਾ ਧੰਨ ਤੇਰਾ ਸੀ

ਸਾਰਾ ਪਰਿਵਾਰ ਵਾਰਤਾ ,ਧੰਨ ਤੇਰਾ ਜੇਰਾ ਸੀ

ਕੋਈ ਵੀ ਵਿੱਚ ਪੁੜਾਂ ਦੇ , ਦੂਜੇ ਲਈ ਪਿਸਦਾ ਨਹੀਂ

ਤੇਰੇ ਜਿਹਾ ਬਾਪੂ ਜੱਗ ਤੇ ,ਮੈਨੂੰ ਕੋਈ ਦਿਸਦਾ ਨਹੀਂ

ਰਹਿਬਰ ਕੁਲਵੀਰ ਸਿਆਂ ਕੋਈ ,ਗੋਬਿੰਦ ਜਿਹਾ ਦਿਸਦਾ ਨਹੀਂ ।

ਕੁਲਵੀਰ ਸਿੰਘ ਡਾਨਸੀਵਾਲ 778 863 2472

Leave a Reply

Your email address will not be published. Required fields are marked *