Headlines

ਯੂਨਾਈਟਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ ਦਾ ਗਠਨ

ਕਸ਼ਮੀਰ ਸਿੰਘ ਧਾਲੀਵਾਲ ਸਰਬਸੰਮਤੀ ਨਾਲ ਚੇਅਰਮੈਨ ਤੇ ਸਪੋਕਸਮੈਨ ਚੁਣੇ ਗਏ-

ਵੱਖਵਾਦੀ ਤਾਕਤਾਂ ਦੇ ਵਿਰੋਧ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਮੌਡਰੇਟ ਸੁਸਾਇਟੀਆਂ ਦਾ ਵੱਡਾ ਉਦਮ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਬੀਤੇ ਦਿਨ ਖ਼ਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਿਖੇ ਮੌਡਰੇਟ ਸਿੱਖ ਅਤੇ ਹਿੰਦੂ ਸੁਸਾਇਟੀਆਂ ਦੀ ਇਕ ਭਰਵੀਂ ਤੇ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਲਗਭਗ 20 ਗੁਰਦੁਆਰਿਆਂ ਤੇ ਮੰਦਿਰਾਂ ਦੇ ਨੁਮਾਇੰਦੇ ਸ਼ਾਮਿਲ ਹੋਏ । ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਵਲੋਂ ਬੁਲਾਈ ਗਈ ਇਸ ਮੀਟਿੰਗ ਵਿਚ ਸੁਸਾਇਟੀਆਂ ਦੇ ਪੁੱਜੇ ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਮੀਟਿੰਗ ਦੇ ਏਜੰਡੇ ਦੀਆਂ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਸਰਬਸੰਮਤੀ ਨਾਲ ਯੁਨਾਈਟਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਨਾਮ ਦੀ ਜਥੇਬੰਦੀ ਦੇ ਗਠਨ ਦਾ ਐਲਾਨ ਕਰਦਿਆਂ ਕਸ਼ਮੀਰ ਸਿੰਘ ਧਾਲੀਵਾਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਤੇ ਮੁੱਖ ਬੁਲਾਰਾ ਚੁਣਿਆ ਗਿਆ। ਮੀਟਿੰਗ ਦੌਰਾਨ ਕੈਨੇਡਾ ਵਿਚ ਵੱਖਵਾਦੀ ਤੇ ਧਰਮ ਦੇ ਨਾਮ ਤੇ ਫੁੱਟਪਾਊ ਤਾਕਤਾਂ ਦੀ ਸਖਤ ਨਿੰਦਾ ਕਰਦਿਆਂ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਅਹਿਦ ਕੀਤਾ ਗਿਆ। ਇਸ ਮੌਕੇ ਪਾਸ ਕੀਤੇ ਗਏ ਮਤਿਆਂ ਵਿਚ ਕੈਨੇਡਾ ਵਿਚ ਵਸਦੇ ਹਿੰਦੂ ਸਿਖ ਭਾਈਚਾਰੇ ਵਿਚਾਲੇ ਏਕਤਾ ਬਣਾਈ ਰੱਖਣ ਅਤੇ ਗੁਰੂ ਘਰਾਂ ਤੇ ਮੰਦਿਰਾਂ ਦੇ ਬਾਹਰ ਵਿਖਾਵਿਆਂ ਤੇ ਰੋਸ ਮੁਜਾਹਰਿਆਂ ਦੀ ਖਿਲਾਫਤ ਦਾ ਫੈਸਲਾ ਕਰਦਿਆਂ ਯੁਨਾਈਟਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੀ 20 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਕਸ਼ਮੀਰ ਸਿੰਘ ਧਾਲੀਵਾਲ ਦਾ ਨਾਮ ਖਾਲਸਾ ਦੀਵਾਨ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਵਲੋਂ ਪੇਸ਼ ਕੀਤਾ ਗਿਆ ਜਿਸਦੀ ਤਾਈਦ ਰਣਜੀਤ ਸਿੰਘ ਹੇਅਰ ਵਲੋਂ ਕੀਤੀ ਗਈ ਤੇ ਹਾਜ਼ਰ ਨੁਮਾਇੰਦਿਆਂ ਨੇ ਹੱਥ ਖੜੇ ਕਰਕੇ ਪ੍ਰਧਾਨਗੀ ਚੋਣ ਅਤੇ ਹੋਰ ਮਤਿਆਂ ਨੂੰ ਪ੍ਰਵਾਨਗੀ ਦਿੱਤੀ।

ਇਸ ਮੌਕੇ ਮੁੱਖ ਬੁਲਾਰਿਆਂ ਵਿਚ ਵਿਚ ਜਰਨੈਲ ਸਿੰਘ ਭੰਡਾਲ, ਗਿਆਨੀ ਹਰਕੀਰਤ ਸਿੰਘ, ਪਰਸ਼ੋਤਮ ਗੋਇਲ, ਬਲਵੰਤ ਸਿੰਘ ਸੰਘੇੜਾ, ਸੁਰਿੰਦਰ ਸਿੰਘ ਜੱਬਲ, ਪ੍ਰੀਤ ਸੰਧੂ, ਕੁਲਵੰਤ ਸਿੰਘ ਢੇਸੀ, ਕੁਲਦੀਪ ਸਿੰਘ, ਮਲਕੀਤ ਸਿੰਘ ਧਾਮੀ, ਬਲਜਿੰਦਰ ਸਿੰਘ ਬੈਂਸ, ਹਰਜੀਤ ਸੋਹਪਾਲ, ਗੋਪਾਲ ਲੋਹੀਆ, ਸਤੀਸ਼ ਕੁਮਾਰ, ਰਮੇਸ਼ ਬਖਸ਼ੀ, ਨਿਰਮਲ (ਨੋਰਮ) ਸੰਘਾ ਨੇ ਸੰਬੋਧਨ ਕਰਦਿਆਂ ਐਸੋਈਸ਼ੇਨ ਦੇ ਗਠਨ ਅਤੇ ਪਾਸ ਕੀਤੇ ਮਤਿਆਂ ਦੀ ਪ੍ਰਸੰਸਾ ਕਰਦਿਆਂ ਐਸੋਸੀਏਸ਼ਨ ਦਾ ਦਾਇਰਾ ਪੂਰੇ ਨਾਰਥ ਅਮਰੀਕਾ ਤੱਕ ਵਧਾਉਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਹਰੇਕ ਬੁਲਾਰੇ ਨੇ ਕਿਹਾ ਕਿ ਇਸ ਐਸੋਸੀਏਸ਼ਨ ਦਾ ਗਠਨ ਸਮੇਂ ਦੀ ਵੱਡੀ ਜ਼ਰੂਰਤ ਸੀ ਅਤੇ ਸਾਰਿਆਂ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਤੇ ਸਮੁੱਚੀ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਆਉਣ ਵਾਲੇ ਕੁਝ ਕੁ ਦਿਨਾਂ ਵਿਚ ਕੋਰ ਕਮੇਟੀ ਦੀ ਮੀਟਿੰਗ ਬੁਲਾਕੇ ਐਸੋਸੀਏਸ਼ਨ ਦੀ ਮਜ਼ਬੂਤੀ ਤੇ ਮਕਸਦ ਦੀ ਕਾਮਯਾਬੀ ਲਈ ਵਿਚਾਰਾਂ ਕੀਤੀਆਂ ਜਾਣਗੀਆਂ। ਕਸ਼ਮੀਰ ਸਿੰਘ ਧਾਲੀਵਾਲ ਅਤੇ ਕੁਲਦੀਪ ਸਿੰਘ ਥਾਂਦੀ ਨੇ ਸਾਰੇ ਨੁੰਮਾਇਦਿਆਂ ਦਾ ਪਹੁੰਚਣ ਤੇ ਧੰਨਵਾਦ ਕੀਤਾ।

ਜਿਕਰਯੋਗ ਹੈ ਕਿ ਨਵੰਬਰ ਮਹੀਨੇ ਕੈਨੇਡਾ ਦੇ ਗੁਰੂ ਘਰਾਂ ਤੇ ਮੰਦਿਰਾਂ ਵਿਚ ਭਾਰਤੀ ਕੌਂਸਲ ਵਲੋਂ ਕੌਂਸਲਰ ਸੇਵਾਵਾਂ ਲਈ ਲਗਾਏ ਗਏ ਕੈਂਪਾਂ ਦਾ ਵਿਰੋਧ ਕਰਦਿਆਂ ਖਾਲਿਸਤਾਨੀ ਸਮਰਥਕਾਂ ਵਲੋਂ ਰੋਸ ਮੁਜਾਹਰੇ ਕੀਤੇ ਗਏ ਸਨ। ਬਰੈਂਪਟਨ ਅਤੇ ਸਰੀ ਵਿਚ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਕ ਝੜਪਾਂ ਉਪਰੰਤ ਹਾਲਾਤ ਤਣਾਅਪੂਰਣ ਬਣ ਗਏ ਸਨ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਈ ਹੇਠ ਮੌਡਰੇਟ ਸੁਸਾਇਟੀਆਂ ਦੀ ਇਕ ਹੰਗਾਮੀ ਦੌਰਾਨ ਇਹਨਾਂ ਰੋਸ ਮੁਜਾਹਰਿਆਂ ਦਾ ਵਿਰੋਧ ਕਰਦਿਆਂ ਅਦਾਲਤ ਤੋਂ ਇਹਨਾਂ ਪ੍ਰਦਰਸ਼ਨਾਂ ਖਿਲਾਫ ਆਰਡਰ ਵੀ ਪ੍ਰਾਪਤ ਕੀਤੇ ਗਏ ਸਨ। ਹੁਣ ਭਵਿੱਖ ਵਿਚ ਖਾਲਿਸਤਾਨੀ ਵਿਰੋਧ ਪ੍ਰਦਰਸ਼ਨਾਂ ਤੇ ਰੋਕ ਅਤੇ ਕੈਨੇਡੀਅਨ ਭਾਈਚਾਰਾਕ ਸਾਂਝ ਦੀ ਮਜ਼ਬੂਤੀ ਲਈ ਮੌਡਰੇਟ ਸੁਸਾਇਟੀਆਂ ਵਲੋਂ ਇਸ ਸਾਂਝੀ ਐਸੋਸੀਏਸ਼ਨ ਦਾ ਗਠਨ ਮਹੱਤਵਪੂਰਣ ਤੇ ਵੱਡਾ ਕਦਮ ਸਮਝਿਆ ਜਾਂਦਾ ਹੈ।