Headlines

ਹਾਸ ਵਿਅੰਗ -ਦੋ ਧੱਧਿਆਂ ਦੇ ਚੜ੍ਹ ਗਏ ਧੱਕੇ         

ਮੰਗਤ ਕੁਲਜਿੰਦ-

 ਦੋ ਧੱਧਿਆ ਦੀ ਧੱਕਾਮੁੱਕੀ ਨੇ ਲੋਕਾਂ ਨੂੰ ਵਖਤ ਹੀ ਪਾ ਛੱਡਿਆ: ਦੇਖੋ ਨਾਧੱਧਾ..ਧੂੰਆਂ ਜਾਣੀਕਿ ਨਰ ਅਤੇ ਧੱਧਾ…ਧੁੰਦ ਜਾਣੀਕਿ ਮਾਦਾ।ਦੋਨਾਂ ਦਾ ਮਿਲਣ ਕੀ ਹੋਇਆ ਉੱਤਰੀ ਭਾਰਤ ਦੇ ਪੰਜਾਬ ਅਤੇ ਇਸ ਦੇ ਆਸੇ ਪਾਸੇ ਦੇ ਰਾਜਾਂ ਉਪਰ ਵੱਸਦੇ ਲੋਕਾਂ ਦੀ ਧੌਣ ਤੇ ਗੋਡਾ ਰੱਖਿਆ ਗਿਆ ਜਿਹੜੇ ਦੂਜਿਆਂ ਦੀ ਧਰਣ ਟਿਕਾਣੇ ਰੱਖਣ ਦੀ ਪਹੁੰਚ ਰੱਖਦੇ ਸਨ ਆਪਣੀ ਧਰਣ ਨੂੰ ਸੰਭਾਲਣ ਦੇ ਆਹਰੇ ਲੱਗੇ ਹੋਏ ਹਨ। ਵਿਚਾਰੀ ਧੁੰਦ ਤਾਂ ਰੱਬ ਤੋਂ ਮਿਲੇ ਆਪਣੇ ਸਮੇਂ-ਅਕਤੂਬਰ ਨਵੰਬਰ ਦੇ ਮਹੀਨੇ ਚਾਂਈਂ ਚਾਈਂ ਆਈ ਸੀ- ਧੂਣੀਆਂ ਦੇ ਮਜ਼ੇ ਦੇਣ। ਆਉਂਦਿਆਂ ਹੀ ‘ਅਚਿੰਤੇ ਬਾਜ਼ ਪਏ’ ਦੇ ਕਹਿਣ ਵਾਂਗੂੰ ਰੋਣਾ-ਧੋਣਾ ਪੱਲੇ ਪੈ ਗਿਆ।ਧੂਹ ਘਸੀਟ ਸ਼ੁਰੂ ਹੋ ਗਈਧੱਕੜ ਧੂੰਏਂ ਨੇ ਮੌਕਾ ਹੀ ਨਾ ਦਿੱਤਾ: ਸੋਚਣਸਮਝਣ ਜਾਂ ਭੱਜ ਜਾਣ ਦਾ।ਕੁੱਝ ਕੁ ਆਪਣੇ ਸਮੱਰਥਕਾਂ ਦੀ ਮਿਹਰਬਾਨੀ ਸਦਕਾ ਇਸ ਖਿੱਤੇ ਵਿੱਚ ਪਹਿਲਾਂ ਹੀ ਲਲਕਰੇ ਅਤੇ ਥਾਪੀਆਂ ਮਾਰਦਾ ਮੱਛਰਿਆ ਫਿਰ ਰਿਹਾ ਧੂੰਆਂਮੋਢਿਆਂ ਦੇ ਉਤੋਂ ਦੀ ਥੁੱਕਦਾ ਫਿਰਦਾ ਸੀ।ਵਿਚਾਰੀ ਕੋਮਲ ਜਿਹੀ ਨਰਮ ਨਰਮ ਧੁੰਦ ਅਚਾਨਕ ਹੀ ਇਹਦੀ ਬੁੱਕਲ `ਚ ਆ ਡਿੱਗੀ।ਅਣਕਿਆਸਿਆ ਵਾਪਰ ਜਾਣ `ਤੇ ਭੰਬਲਭੂਸੇ ਪਈ ਵਿਚਾਰੀ ਧੁੰਦ ਨੂੰ ਕੁਝ ਸਮਝਣ ਦਾ ਮੌਕਾ ਹੀ ਨਾ ਮਿਲਿਆ।ਧੂੰਏਂ ਦੀ ਗਲਵੱਕੜੀ `ਚੋਂ ਨਿਕਲਣ ਲਈ  ਪਹਿਲਾਂ ਤਾਂ ਉਸ ਹੱਥ ਪੈਰ ਮਾਰੇਮੁਕਾਬਲਾ ਕੀਤਾਜਦੋਂ ਨਾ ਹੀ ਵੱਸ ਚੱਲਿਆ ਤਾਂ ਆਪਣੇ ਭਰਾ ਮੀਂਹ ਨੂੰ ਆਵਾਜ਼ਾਂ ਮਾਰੀਆਂ:ਭਰਾ ਵੀ ਉਦੋਂ ਅਮਰੀਕਾ ਕੈਨੇਡਾ ਮਟਰਗਸ਼ਤੀ ਕਰਦਾ ਫਿਰਦਾ ਸੀ। ਇੰਦਰ ਦੇਵਤੇ ਨੂੰ ਬੇਨਤੀਆਂ ਕੀਤੀਆਂ ਪਰ ਉਸ ਨੇ ਵੀ ਬੇਵਸੀ ਜ਼ਾਹਰ ਕਰ ਦਿੱਤੀ, “ਬਈ ਭੈਣੇ ਮੈਂ ਕੀ ਕਰਾਂਮੈਂ ਤਾਂ ਭਾਰਤ ਖਿੱਤੇ ਨੂੰ ਮੀਂਹ ਦਾ ਬਹੁਤ ਵੱਡਾ ਹਿੱਸਾ ਦੇਣ ਲੱਗਿਆ ਸੀ ੳਦੋਂ ਇਹ ਜਵਾਬ ਦੇ ਗਏ ਕਿ ਸਾਡੀਆਂ ਨਹਿਰਾਂ ਨਾਲੇ ਦਰਿਆ ਕੂੜੇ ਕਰਕਟ ਨਾਲ ਭਰੇ ਪਏ ਹਨ ਬਾਹਲਾਂ ਮੀਂਹ ਅਸਾਂ ਸੰਭਾਲ ਨਹੀਂ ਸਕਣਾਸਾਨੂੰ ਤਾਂ ਚੋਣਾਂ `ਚੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਦਾਪਾਣੀ ਦੀਆਂ ਛੱਲਾਂ ਨੂੰ ਕਿਵਂੇ ਸੰਭਾਲਾਂਗੇਮਜਬੂਰੀ ਵੱਸ ਮੈਂ ਉਤਰੀ ਪੱਛਮੀ ਦੇਸ਼ਾਂ  ਨੂੰ ਵੱਡਾ ਹਿੱਸਾ ਦੇ ਦਿੱਤਾ। ਉਹਨਾਂ ਨੇ  ਆਪਦੀ ਬੁੱਧੀ ਨਾਲ ਇਸ ਨੂੰ ਇਨਕਮ ਦਾ ਵਸੀਲਾ ਬਣਾ ਲਿਆ ਹੁਣ ਉਹ ਕਿਸੇ ਨੂੰ ਦੇਣਾ ਨਹੀਂ ਚਾਹੁੰਦੇ ਪਰ ਫਿਰ ਵੀ ਮੈਂ ਅਮਰੀਕਾ ਨੂੰ ਬੇਨਤੀ ਕਰਦਾਂ ਜਾਂ ਕੋਈ ਲਾਲਚ ਦਿੰਨਾਂ ਤਾਂ ਕਿ ਥੋਹੜਾ ਮੋਟਾ ਹਿੱਸਾ ਦੇ ਕੇ ਇਕੇਰਾਂ ਤੇਰਾ ਬਚਾਅ ਤਾਂ ਕਰ ਦੇਵੇ।”  ਕੁਝ ਸੋਚ ਸਮਝ ਭਾਰਤ ਨੂੰ ਆਪਣੀ ਭਾਵੀ-ਮੰਡੀ ਮੰਨਦਿਆਂ ਕੁਝ ਹਿੱਸਾ ਜਲਦੀ ਭੇਜਣ ਲਈ ਅਮਰੀਕਾ ਮੰਨ ਤਾਂ ਗਿਆ `ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਪਰ ਡਿਜ਼ੀਟਲ ਦਾ ਯੁੱਗ ਹੁੰਦਿਆਂ ਵੀ ਕੰਮ ਲਾਗੂ ਕਰਨ ਲਈ ਇੱਥੇ ਕਾਗਜ਼ੀ ਕਾਰਵਾਈਆਂ ਦਾ ਸਮੁੰਦਰ ਪਾਰ ਕਰਨਾ ਪੈਂਦਾ ਹੈ। ਬੰਦਾ ਤਾਂ ਭਾਵੇਂ ਮਰ ਜਾਵੇ ਇਹ ਕਾਨੂੰਨ ਤੋਂ ਜ਼ਰਾ ਪਾਸੇ ਨਹੀਂ ਜਾ ਸਕਦੇਬੱਚੇ ਦੀ ਜਨਮ ਘੜੀ ਨੂੰ ਅੱਗੇ ਪਾ ਦੇਣਗੇ ਪਰ  ਕਾਨੂੰਨੀ ਕਾਰਵਾਈ ਹੋਏ ਤੋਂ ਬਿਨਾਂ ਅੱਖ ਵੀ ਨਹੀਂ ਝਪਕਣਗੇ।ਭਾਵੇਂ ਅਮਰੀਕਾ ਨੇ ਕਾਰਵਾਈ ਸ਼ੁਰੂ ਤਾਂ ਕਰ ਦਿੱਤੀ ਸੀ ਪਰ ਮਹਿਸੂਸਿਆ ਗਿਆ ਕਿ ਜਦੋਂ ਨੂੰ ਂਮੀਂਹ ਦਾ ਹਿੱਸਾ ਉਥੇ ਪਹੁੰਚੂ ਉਦੋਂ ਨੂੰ ਤਾਂ ਹੋਰ ਪਾਸਿਉਂ ਆਈਆਂ ਮਾਨਸੂਨਾਂ ਧੂੰਏਂ ਦੀਆਂ ਭਾਜੜਾਂ ਪਾ ਦੇਣਗੀਆਂ।ਫਿਰ ਅਮਰੀਕਾ ਦਾ ਅਹਿਸਾਨ ਲੈਣ ਦੀ ਕੀ ਲੋੜ ਰਹਿਜੂ?

ਧੂੰਏਂਧੁੰਦ ਦੇ ਮਿਲਣ ਤੋਂ ਪੈਦਾ ਹੋਇਆ ‘ਸਮੋਗ’ ਨਰ ਹੈ ਜਾਂ ਮਾਦਾਕੁਝ ਕਿਹਾ ਨਹੀਂ ਜਾ ਸਕਦਾ।ਇਹ ਜ਼ਰੂਰ ਹੈ ਲੱਛਣ ਉਹਦੇ ਸਾਰੇ ਆਪਣੇ ਪਿਉ ਵਾਲੇ ਹੀ ਨੇ। ਲੋਕਾਂ ਦੀਆਂ ਅੱਖਾਂ ਅਤੇ ਚਮੜੀ ਨਾਲ ਛੇੜਛਾੜ  ਕਰਨ `ਚ ਉਸਨੂੰ ਸੁਵਾਦ ਆਉਂਦਾ ਹੈ ਇਸੇ ਲਈ ਤਾਂ ਕਈ ਵੱਡੇ ਵੱਡੇ ਹਸਪਤਾਲਾਂ ਨਾਲ ਚੰਗੀ ਲਿਹਾਜ਼ ਪੁਗਾ ਰਿਹਾ ਹੈ:ਲੋਕਾਂ ਦੇ ਬੈਂਕ ਖਾਤਿਆਂ `ਚੋਂ ਧਨ ਟਰਾਂਸਫਰ ਕਰਨ ਦਾ ਵਸੀਲਾ ਬਣ ਕੇ। ਉਧਰ ਦੇਸ਼ ਦੇ ਰਾਜਨੀਤਕ,ਧਾਰਮਿਕ ਰਹਿਬਰਾਂ  ਨੂੰ ਸੁਨਹਿਰੀ ਮੌਕਾ ਮਿਲ ਗਿਆ:  ਰੌਲਾ ਪਾਉਣਸੰਘਰਸ਼ ਕਰਨ `ਤੇ ਰੋਟੀਆਂ ਸੇਕਣ ਦਾ।

ਲੋਕਾਂ ਦੀ ਕੁਰਲਾਹਟ ਨੂੰ ਸੁਣ ਸੁਣ ਰਾਜਨੀਤਕ ਲੀਡਰਾਂ ਨੂੰ ਯਾਦ ਵੀ ਆ ਗਿਆ ਕਿ ਵੋਟਾਂ ਨੇੜੇ ਈ ਆ ਗਈਆਂ ਨੇਉਹਨਾਂ ਨੂੰ ਡਰ ਵੀ ਲੱਗਣ ਲੱਗ ਪਿਆ ਕਿ ਪਿਛਲੀਆਂ ਪੰਜਾਬ ਦੀਆਂ ਚੋਣਾਂ ਵਾਂਗ ‘ਮੰਥਨ’ ਤੇ ਜਾਣ ਲਈ ਮਜਬੂਰ ਨਾ ਹੋਣਾ ਪੈ ਜਾਏ। ਹੋਰ ਕੁਝ ਨਾ ਸਹੀਰੌਲਾ ਤਾਂ ਪਾਈਏ, ‘ਰੋਕੋ! ਧੂੰਏਂ ਨੂੰ ਰੋਕੋ! ਕਮ ਸੇ ਕਮ ਇਉਂ ਕਹਿਣ ਯੋਗੇ ਤਾਂ ਰਹਾਂਗੇ ਜੀ ਅਸੀਂ ਤਾਂ ਬਹੁਤ ਰੌਲਾ ਪਾਇਆ ਸੀ ਪਰ ਵਿਰੋਧੀਆਂ ਨੇ ਸਾਡੀ ਵਾਹ ਨਹੀਂ ਜਾਣ ਦਿੱਤੀ।’

ਉਂਝ ਕਾਗਜ਼ੀ ਯਤਨ ਵੀ ਆਰੰਭ ਕਰ ਦਿੱਤੇ ਗਏ।ਉੱਚ ਪੱਧਰੀਆਂ ਕਮੇਟੀਆਂ ਬਣਾਈਆਂ ਗਈਆਂਵੱਡੇ ਵੱਡੇ ਵਿਦਵਾਨਾਂ ਦੀਆਂ ਚੈਨਲਾਂ ਉਪਰ ਚੁੰਝਾਂ ਲੜਵਾਈਆਂ ਗਈਆਂ- ਨਤੀਜਾ:-ਸਮੋਗ ਦਾ ਖੁੱਲ੍ਹ ਕੇ ਹੱਸਣਾ…ਹੋਰ ਹੱਸਣਾ……ਅਤੇ ਅੱਤਿਆਚਾਰੀ ਹਾਸੀ ਹੱਸਣਾ।ਕਈ ਆਪਣੇ ਨਜ਼ਦੀਕੀਆਂ ਨੂੰ ਬਾਹਰਲੇ ਦੇਸ਼ਾਂ ਦੇ ਟੂਰਾਂ ਦੇ ਪਰਮਿਟ ਵੀ ਦਿੱਤੇ ਗਏ ਤਾਂ ਕਿ ਉਹ ਉਥੋਂ ਕੋਈ ਹੱਲ ਲੱਭ ਕੇ ਲਿਆਉਣ।ਉੱਚ ਪੱਧਰੀ ਕਮੇਟੀ ਵਿੱਚ ਫੈਸਲਾ ਵੀ ਲਿੱਤਾ ਗਿਆ ਕਿ ਜਿਵੇਂ ਪਿੱਛੇ ਜਿਹੇ ਡੁਬਈ ਵਿੱਚ ਆਰਟੀਫੀਸ਼ੀਅਲ ਮੀਂਹ ਪਵਾਇਆ ਗਿਆ ਉਸੇ ਤਰ੍ਹਾਂ ਇੱਥੇ ਵੀ ਕੋਸ਼ਿਸ਼ ਕੀਤੀ ਜਾਵੇ। ਲੱਗਭੱਗ ਫੈਸਲਾ ਹੋ ਹੀ ਚੱਲਿਆ ਸੀ ਕਿ ਖਬਰ ਆ ਗਈ ਮੀਂਹ ਨਾਲ ਤਾਂ ਡੁਬਈ ਡੁੱਬ ਈ ਚੱਲੀ ਸੀਡੁਬਈ ਹਵਾਈ ਅੱਡਾ ਕਈ ਦਿਨਾਂ ਤੱਕ ਮੁਸਾਫਿਰਾਂ ਦੇ ਕਦਮਾਂ ਨੂੰ ਤਰਸਦਾ ਰਿਹਾ। ਇਸ ਗੱਲੋਂ ਡਰਦਿਆਂ ਇਹ ਫੈਸਲਾ ਵੀ ਧੂਲ ਭਰੇ ਬਸਤੇ ਪਾ ਕੇ ਛੱਡਣਾ ਪਿਆ।ਬੱਸ ਇਹੀ ਸੋਚਿਆ ਗਿਆ ਕਿ ਆਪਣੀ ਪਿਛਲੀ ਰਵਾਇਤ ਨੂੰ ਕਾਇਮ ਰੱਖਦਿਆਂਧੀਰਜ ਰੱਖਿਆ ਜਾਵੇਸਮਾਂ ਸੱਭ ਮੁਸੀਬਤਾਂ ਦਾ ਹੱਲ ਕੱਢ ਦਿੰਦਾ ਹੈ ਜਿਵੇਂ ਅੱਗੇ ਪੰਜਾਬ ਦੇ ਪਾਣੀਆਂ ਦੀ ਵੰਡਚੰਡੀਗੜ ਦੀ ਵੰਡਦੇ ਮਾਮਲੇ ਵਿੱਚ ਰੱਖਿਆ ਧੀਰਜ ਹੁਣ ਵੀ ਕੰਮ ਆ ਹੀ ਰਿਹਾ ਹੈ।ਇਸੇ ਤਰ੍ਹਾਂ ਸਮੋਗ ਵੀ ਇਕ ਦਿਨ ਵਧੀਕੀਆਂ ਕਰ ਕਰ ਕੇ ਆਪੇ ਹੀ ਅੱਕ ਜਾਊ। ਲੋਕਾਂ ਦੇ ਧੀਰਜ ਨੂੰ ਵੇਖ ਸ਼ਰਮ ਦਾ ਮਾਰਿਆ ਆਪ ਹੀ ਆਪਣੀ ਮੌਤੇ ਮਰ ਜੂ।

ਔਖੇ ਹੋਏ ਲੋਕਾਂ ਦੀ ‘ਬਚਾਓ… ਬਚਾਓ’ ਰਾਜਨੀਤਕ ਲੋਕਾਂ ਦੀ ‘ਬੇਵਸੀ’ ਨੂੰ ਕਿਸੇ ਤਣਪੱਤਣ ਨਾ ਲਾ ਸਕੀ। ਧਾਰਮਿਕ ਲੀਡਰਾਂ ਨੂੰ ਯਤਨ ਕਰ ਵੇਖਣ ਦਾ ਮੌਕਾ ਮਿਲਿਆ ਕਿਉਂਕਿ ਉਹਨਾਂ ਨੂੰ ਵੀ ਤਾਂ ਆਪਣੇ ਪ੍ਰੋਗਰਾਮਾਂ ਲਈ ਲੋਕਾਂ ਦੇ ਇਕੱਠ ਦੀ ਜ਼ਰੂਰਤ ਰਹਿੰਦੀ ਹੈ। ਲੋਕ ਤਾਂ ਹੀ ਆ ਸਕਣਗੇ ਜੇ ਸਮੌਗ ਉਹਨਾਂ ਦਾ ਰਸਤਾ ਛੱਡੇਗਾ।

ਉਹਨਾਂ ਸੋਚਿਆਵੱਧ ਤੋਂ ਵੱਧ ਹਵਨ ਕਰਵਾਏ ਜਾਣ। ਕਿਸੇ ਪਾਗਲ ਨੇ ਨਾ-ਸਮਝ ਭਰਿਆ ਸਵਾਲ ਉਠਾ ਦਿੱਤਾ,“ਬਈ ਹਵਨ ਨਾਲ ਵੀ ਤਾਂ ਧੂੰਆਂ ਪੈਦਾ ਹੋਵੇਗਾ।ਪਹਿਲਾਂ ਹੀ ਪਹਿਲੇ  ਧੂੰਏ਼ਂ ਤੋਂ ਡਰੇ ਲੋਕ ਹੋਰ ਡਰ ਜਾਣਗੇ।”

 ਹੁਣ ਇਹਨਾਂ ਕਮਲਿਆਂ ਨੂੰ ਕੌਣ ਸਮਝਾਵੇ ਬਈ ਪਹਿਲਾਂ ਪੈਦਾ ਹੋਇਆ ਧੂੰਆਂ ਜੰਤਰਾਂ ਮੰਤਰਾਂ ਤੋਂ ਰਹਿਤ ਪਾਪੀ-ਧੂੰਆਂ ਹੈ ਅਤੇ ਇੱਥੇ ਪੈਦਾ ਕੀਤਾ ਜਾਣ ਵਾਲਾ ਧੂੰਆਂ ਸ਼ੁਧ ਅਤੇ ਪਵਿੱਤਰ ਧਾਰਮਿਕ-ਧੂੰਆਂ ਹੋਵੇਗਾਇਹ ਪਹਿਲੇ ਧੂੰਏਂ ਦੀ ਗਰਦਨ ਮਰੋੜ ਛੱਡੇਗਾ ਪਰ ਜ਼ਿਆਦਾ ਲੋਕਾਂ ਨੂੰ ਗੱਲ ਜਚੀ ਨਾ। ਕੁਝ ਧਾਰਮਿਕ ਲੋਕਾਂ ਨੂੰ ਵੀ ਲੱਗਿਆ ਜੇ ਪਾਪ ਵਾਲਾ  ਧੂੰਆਂ ਜਿੱਤ ਗਿਆ ਤਾਂ ਉਹਨਾਂ ਦੀ ਮੁਫਤ `ਚ ਫਜ਼ੀਅਤ ਹੋ ਜਾਵੇਗੀ ਇਸ ਲਈ ਬੈਠ ਕੇ ਜੰਤਰ ਮੰਤਰ ਪਾਠ ਕਰਣ ਦਾ ਫਾਰਮੂਲਾ ਅਪਣਾਉਣ ਲੱਗੇ ਤਾਂ ਧਿਆਨ `ਚ ਆਇਆ ਬਈ ਸਮੋਗ ਅਤੇ ਇਹਦਾ ਪਿਉ ਧੂੰਆਂ ਤਾਂ ਅਣਪੜ ਹਨ ਇਹਨਾਂ ਨੂੰ ਸਾਡੇ ਬੋਲੇ ਗਏ ਜੰਤਰ ਮੰਤਰਾਂ  ਦੀ ਸਮਝ ਈ ਨਹੀਂ ਆਉਣੀ ਫਿਰ ਇਹਨਾਂ ਨੇ ਇੱਥੋਂ ਕਦੋਂ ਭੱਜਣੈ?

 ਬੱਸ ਫਿਰ ਤਾਂ ਇਹੀ ਬਿਹਤਰ ਹੈ ਕਿ ਲੋਕਾਂ ਨੂੰ ਧੀਰਜ ਰੱਖਣ ਦਾ ਪਾਠ ਹੀ ਪੜ੍ਹਾਇਆ ਜਾਵੇ।

ਕੁੱਝ ਕੁ ਨਾਰੀਵਾਦੀ ਵਿਦਵਾਨ ਲੇੋਕਾਂ ਨੇ ਇਕ ਹੋਰ ਵੀ ਹੱਲ ਦੱਸਿਆ ਕਿ ਭੈਣ ਧੁੰਦ ਮਾਦਾ ਹੈ `ਤੇ ਅਕਸਰ ਹੀ ਮਾਦਾ ਨਰਮ ਦਿਲ ਹੁੰਦੀਆਂ ਹਨਛੇਤੀ ਮੰਨ ਜਾਂਦੀਆਂ ਨੇ- ਕੇਵਲ ਖੁਸ਼ਾਮਦ ਦੀ ਲੋੜ ਹੈ।ਆਉ ਆਪਾਂ ਸਾਰੇ ਰਲ ਕੇ ਉਸਦੀ ਭਜਨ ਬੰਦਗੀ ਕਰੀਏਉੁਹਦੀ ਸਿਫਤਾਂ ਦੇ ਪੁੱਲ ਬੰਨੀਏਮੱਖਣੀਫਿਕੇਸ਼ਨ ਕਰੀਏ  ਤਾਂ ਕਿ ਉਹ ਖੁਸ਼ ਹੋ ਕੇ ਆਪਣੇ ਪੁੱਤਰ ਸਮੋਗ ਨੁੰ ਝਿੜਕ ਕੇ ਜਾਂ ਪਿਆਰ ਨਾਲ ਸਮਝਾਵੇਧੂੰਏਂ ਦੇ ਕੰਨ ਖਿੱਚੇ ਤਾਂ ਕਿ ਲੋਕ ਕੁਝ ਸੌਖੇ ਹੋ ਸਕਣ।ਪਰ ਬਹੁਤਿਆਂ ਦਾ ਕਹਿਣਾ ਸੀ ਉਸ ਵਿਚਾਰੀ ਦੇ ਕੁਝ ਵੱਸ ਹੀ ਨਹੀਂ। ਉਹ ਤਾਂ ਆਪ ਉਸ ਦੁਖਿਆਰੀ ਔਰਤ ਵਾਂਗ ਬੇਵੱਸ ਹੈ ਜਿਸਦਾ ਮੁੰਡਾ ਅਤੇ ਘਰਵਾਲਾ ਬਦਮਾਸ਼ ਅਤੇ ਅੱਤਿਆਚਾਰੀ ਹੋਣ।

ਇਹ ਵੀ  ਸੋਚਿਆ ਗਿਆ ਕਿ ਕੋਰੋਨੇ ਨੂੰ ਬੁਲਾ ਲਿਆ ਜਾਵੇ  ਪਰ ਇਹ ਵੀ ਸੰਭਵ ਨਾ ਹੋਇਆ ਕਿਉਂਕਿ ਔਰਤਾਂ ਹੀ ਇਸਦੇ ਇਕ ਸੌ ਇਕ ਪ੍ਰਸੈਂਟ ਵਿਰੁੱਧ ਸਨ। ਭਾਵੇਂ ਪਿਛਲਾ ਤਜਰਬਾ ਦੱਸਦਾ ਸੀ ਕਿ ਮਰਦਾਂ ਦੇ ਘਰਾਂ `ਚ ਰਹਿਣ ਕਰਕੇ ਔਰਤਾਂ ਨੂੰ ਰਸੋਈ ਅਤੇ ਘਰ ਦੇ ਕੰਮਾਂ ਤੋਂ ਬਹੁਤ ਰਾਹਤ ਮਿਲੀ ਸੀ ਪਰ ਜਦੋਂ ਅਖੀਰ ਤੇ ਵਿਸ਼ਲੇਸ਼ਣ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਜ਼ਨਾਨੀਆਂ ਨੂੰ ਫਾਇਦੇ ਦੀ ਥਾਂ ਨੁਕਸਾਨ ਵੱਧ ਹੋਇਆ ਕਿਉਂਕਿ ਮਰਦਾਂ ਨੂੰ ਰਸੋਈਆਂ ਦੇ ਕੰਮ ਕਰਨੇ ਪੈ ਗਏ ਸੀਜ਼ਿਆਦਾ ਸਮਾਂ ਰਸੋਈ `ਚ ਰਹਿਣ ਕਰਕੇ ਉਹ ਜ਼ਨਾਨੀਆਂ ਦੇ ਗੁੱਝੇ ਖਜ਼ਾਨਿਆ ਦਾ ਭੇਦ ਪਾ ਗਏ ਇਸ ਤਰਾਂ੍ਹ ਉਹਨਾਂ ਦੀਆਂ ਅਨੇਕਾਂ ਸੀਕਰੇਸੀਆਂ ਹੁਣ ਸੀਕਰੇਸੀਆਂ ਨਾ ਰਹੀਆਂ।ਦੂਸਰਾ ਉਦੋਂ ਤੀਰ-ਤੁੱਕੇ ਟੈਸਟਾਂ ਨਾਲ ਲੋਕ ਧਾਰਨਾ ਬਣ ਗਈ ਸੀ ਕਿ ਸ਼ਰਾਬਾਂ ਤੋਂ ਕੋਰੋਨਾ ਬੜਾ ਡਰਦਾ ਹੈਜਿਸ ਘਰੇ ਚੌਵੀਂ ਘੰਟੇ ਸ਼ਰਾਬ ਦਾ ਸੇਵਨ ਹੁੰਦਾ ਹੈਕੋਰੋਨਾ ਉਸ ਘਰ ਵੱਲ ਝਾਕਦਾ ਵੀ ਨਹੀਂ। ਅਤੇ ਬੰਦਿਆਂ ਨੂੰ ਉਦੋਂ ਪੀਣ ਦਾ ਬਹਾਨਾ ਲੱਭ ਗਿਆ ਸੀ।ਔਰਤਾਂ ਨੂੰ ਡਰ ਸੀ ਕਿਤੇ ਕੋਰੋਨਾ ਦੇ ਬਹਾਨੇ ਮਰਦ ਸ਼ਰਾਬਾਂ ਨੂੰ ਫਿਰ ਸਾਡੀ ਸੌਂਕਣ ਨਾ ਬਣਾ ਲੈਣ।

 ਨਾ ਹੀ ਕਾਰਪੋਰੇਟ ਘਰਾਨੇ ਚਾਹੁੰਦੇ ਸਨ ਕਿ ਕੋਰੋਨਾ ਨੂੰ ਦੁਬਾਰਾ ਬੁਲਾਇਆ ਜਾਵੇ।ਉਹਨਾਂ ਨੂੰ ਡਰ ਸੀ ਕਿ ਉਹਨਾਂ ਦੀ ਪਿਛਲੀ ਅਸਲੀਅਤ ਜ਼ਾਹਰ ਨਾ ਹੋ ਜਾਵੇ।

ਕੁਲ ਮਿਲਾ ਕੇ ਇਕੋ ਹੀ ਹੱਲ ਨਿਕਲਿਆ ‘ਵੇਟ ਐਂਡ ਵਾਚ’ ਦੀ ਨੀਤੀ ਨੂੰ ਹੀ ਅਜੇ ਚਾਲੂ ਰੱਖਿਆ ਜਾਵੇ।ਵੇਖੋ ਉਠ ਕਿਸ ਕਰਵਟ ਬਹਿੰਦੈ ਅਤੇ ਇਹੇ ਧੂੰਆਂ `ਤੇ ਸਮੋਗ ਹੋਰ ਕੀ ਕੀ ਰੰਗ ਵਿਖਾਉਂਦੇ ਨੇ?

   ਮੋ. +91 94177 53892, (ਬਠਿੰਡਾ)              

 ਵੱਟਸਐਪ +1 (425) 286 0163  ਸਿਆਟਲ