ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਸਾਲ 2024 ਦੀ ਆਖ਼ਰੀ ਮਾਸਿਕ ਇਕੱਤਰਤਾ 22 ਦਸੰਬਰ 2024 ਨੂੰ ਕੌਸ਼ਲ ਆਫ਼ ਸਿੱਖ ਆਰਗੇਨਾਈਜੇਸਨਜ਼ (COSO) ਦੇ ਹਾਲ ਵਿਚ ਸੁਰਿੰਦਰ ਗੀਤ ਤੇ ਜਗਦੇਵ ਸਿੱਧੂ ਦੀ ਪ੍ਰਧਾਨਗੀ ਵਿਚ ਹੋਈ। ਇਹ ਇਕੱਤਰਤਾ ਸ਼ਹਾਦਤਾਂ ਦੇ ਸਪਤਾਹ ਨੂੰ ਸਮਰਪਿਤ ਕੀਤੀ ਗਈ ਅਤੇ ਇਸਦਾ ਆਰੰਭ ਵੀ ਜਰਨੈਲ ਤੱਗੜ ਵਲੋਂ ਬੋਲੀਆਂ ਗਈਆਂ ਸਤਰਾਂ ਨਾਲ ਕੀਤਾ ਗਿਆ – – ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ, ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ।
ਸਭਾ ਦੇ ਬਹੁਤ ਸੁਰੀਲੇ ਗਾਇਕ ਸੁਖਮੰਦਰ ਗਿੱਲ ਨੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਰਬੰਸ ਕੁਰਬਾਨ ਕਰਨ ਦੀ ਗਾਥਾ ਨੂੰ ਵਰਨਣ ਕਰਦਾ ਇਕ ਗੀਤ ਪੇਸ਼ ਕਰਕੇ ਵੈਰਾਗਮਈ ਮਾਹੌਲ ਸਿਰਜ ਦਿੱਤਾ। ਅੱਖਾਂ ਨਮ ਹੋਈਆਂ ਅਤੇ ਸਰਬੰਸ ਦਾਨੀ ਦੀਆਂ ਕੁਰਬਾਨੀਆਂ ਅੱਗੇ ਸ਼ਰਧਾ ਨਾਲ ਸਿਰ ਝੁਕ ਗਏ। ਸਰਦੂਲ ਸਿੰਘ ਲੱਖਾ ਨੇ ‘ਘੁੰਡ-ਚੁਕਾਈ’ ਸਿਰਲੇਖ ਹੇਠਾਂ ਲਿਖੀ ਆਪਣੀ ਕਹਾਣੀ ਸੁਣਾਈ।
ਕਹਾਣੀ ਦੀ ਸ਼ੈਲੀ, ਭਾਸ਼ਾ, ਮੁਹਾਵਰੇ ਅਤੇ ਵਿਸ਼ਾ ਵਸਤੂ ਕਾਬਲੇ ਤਾਰੀਫ਼ ਸਨ। ਕਹਾਣੀ ਸੁਣਾਉਣ ਦਾ ਅੰਦਾਜ਼ ਬਹੁਤ ਹੀ ਵਧੀਆ ਅਤੇ ਨਿਵੇਕਲਾ ਸੀ। ਸਰੋਤਿਆਂ ਵਲੋਂ ਰੱਜਵੀਂ ਦਾਦ ਦਿੱਤੀ ਗਈ। ਸਰਬਜੀਤ ਕੌਰ ਉੱਪਲ ਨੇ ਲੋਕ- ਰੰਗ ਵਿਚ ਰੰਗਿਆ ਗੀਤ ਸੁਣਾਇਆ। ਗੀਤ ਦੇ ਬੋਲ ਸਨ – ਸਾਡੇ ਪਿੰਡ ਵਿਚ ਪਾ ਕੇ ਹੱਟੀ,ਮੋਹ ਲਈ ਬੁਲਬੁਲ ਵਰਗੀ ਜੱਟੀ। ਪ੍ਰੋ. ਬਲਦੇਵ ਸਿੰਘ ਦੁੱਲਟ ਨੇ ਚਮਕੌਰ ਦੀ ਜੰਗ ਦੇ ਇਤਿਹਾਸ ਨੂੰ ਵਰਨਣ ਕਰਦੀ ਬੀਰ-ਰਸੀ ਕਵਿਤਾ ਪੜ੍ਹੀ। ਗੁਰਰਾਜ ਸਿੰਘ ਵਿਰਕ ਨੇ ਕਵਿਤਾ ਰਾਹੀਂ ਢਲਦੀ ਉਮਰ ਵਿਚ ਵੀ ਜਵਾਨ ਰਹਿਣ ਦਾ ਸੁਨੇਹਾ ਦਿੱਤਾ। ਗੂੜ੍ਹੇ ਰੰਗ ਸਾਨੂੰ ਜਵਾਨ ਹੋਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। ਮਨਜੀਤ ਬਰਾੜ ਨੇ ਪਰਵਾਸ ਤੋਂ ਪੈਂਦਾ ਹੁੰਦੀ ਪੀੜਾ ਨੂੰ ਆਪਣੇ ਸ਼ਬਦਾਂ ਰਾਹੀਂ ਪੇਸ਼ ਕੀਤਾ। ਦਰਅਸਲ ਇਹ ਦੁਖਾਂਤ ਅੱਜਕਲ੍ਹ ਅਜਿਹਾ ਭਖਦਾ ਮਸਲਾ ਹੈ ਜਿਸ ਦੀ ਪੀੜ ਕਿਸੇ ਨਾ ਕਿਸੇ ਢੰਗ ਨਾਲ ਹਰ ਪ੍ਰਵਾਸੀ ਹੰਢਾ ਰਿਹਾ ਹੈ। ਉਸ ਦੇ ਗੀਤ ਦੇ ਬੋਲ ਸਨ: ਮੈਂ ਬੰਦ ਦਰਵਾਜ਼ਾ ਬੋਲਦਾਂ/ ਮਨਜੀਤਿਆ / ਕਦੇ ਗੇੜਾ ਮਾਰੀ/ ਇਕ ਦਿਨ ਵੇਚ ਦਏਂਗਾ ਪਿਉ-ਦਾਦਿਆਂ ਦੀ / ਪੂੰਜੀ ਸਾਰੀ ਦੀ ਸਾਰੀ / ਰੁਪਈਆਂ ਦੀਆਂ ਭਰ ਬੋਰੀਆਂ / ਲੈ ਜਾਏਂਗਾ ਮਾਰ ਉਡਾਰੀ! ਸੁਰਿੰਦਰ ਗੀਤ ਨੇ ਇਸ ਹਕੀਕਤ ਦੀ ਤਾਈਦ ਕਰਦਿਆਂ ਕਿਹਾ ਕਿ ਸਭ ਤੋਂ ਔਖਾ ਹੁੰਦਾ ਹੈ ਚਿਰਾਂ ਤੋਂ ਬੰਦ ਪਏ ਘਰ ਦਾ ਕੁੰਡਾ ਖੋਲ੍ਹਣਾ। ਡਿੱਗੀਆਂ ਛੱਤਾਂ ਤੇ ਵਿਹੜੇ ਵਿੱਚ ਉੱਗਿਆ ਗੋਡੇ ਗੋਡੇ ਘਾਹ ਭਰੀਆਂ ਅੱਖਾਂ ਨਾਲ ਵੇਖੀ ਜਾਣਾ ਅਤੇ ਕੁਝ ਨਾ ਕਹਿਣਾ। ਉਸਨੇ ਆਪਣੀ ਤਾਜ਼ਾ ਭਾਰਤ-ਫੇਰੀ ਸਮੇਂ ਹੋਈਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਤੋਹਫ਼ਾ’ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਹੋਣ ਤੇ ਆਪਣੇ ਮਨ ਦੀ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਅੰਗਰੇਜ਼ੀ ਅਨੁਵਾਦ ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਲੋਕ-ਅਰਪਣ ਹੋਣਾ ਅਤਿਅੰਤ ਮਾਣ ਵਾਲੀ ਗੱਲ ਹੈ। ਇਸ ਪੁਸਤਕ ਤੇ ਪ੍ਰੋ. ਰਾਜ ਕੁਮਾਰ, ਪ੍ਰੋ. ਅਨਿਲ ਕੁਮਾਰ ਅਤੇ ਉੱਘੇ ਨਾਮਵਰ ਲੇਖਕ ਮਾਧੋਪੁਰੀ ਨੇ ਬਹੁਤ ਪ੍ਰਭਾਵਸ਼ਾਲੀ ਟਿਪਣੀਆਂ ਕੀਤੀਆਂ। ਇਸ ਤੋਂ ਇਲਾਵਾ ਸੁਰਿੰਦਰ ਗੀਤ ਨੇ ਆਪਣੀਆਂ ਤਿੰਨ ਛੋਟੀਆਂ ਨਜ਼ਮਾਂ ਪੇਸ਼ ਕੀਤੀਆਂ। ਜਗਦੇਵ ਸਿੱਧੂ ਨੇ ਦੱਸਿਆ ਕਿ ਸੁਰਿੰਦਰ ਗੀਤ ਦੁਆਰਾ ਰਚੇ ਸਾਹਿਤ ਬਾਰੇ ਚੋਟੀ ਦੇ ਵਿਦਵਾਨ ਲੇਖਕਾਂ/ ਆਲੋਚਕਾਂ ਦੀਆਂ ਪੰਜ ਪੁਸਤਕਾਂ ਦਾ ਛਪਣਾ ਲੇਖਿਕਾ ਦੀ ਆਸਾਧਾਰਣ ਪ੍ਰਾਪਤੀ ਹੈ। ਉਸਦਾ ਕਾਵਿ-ਸੰਗ੍ਰਹਿ ‘ਸ਼ਬਦ ਸੁਨੱਖੇ’ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ , ਧਰਮਸ਼ਾਲਾ ਅਤੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ, ਰਾਜਸਥਾਨ ਵਿਚ ਸਿਲੇਬਸ (ਐਮ. ਏ .ਪੰਜਾਬੀ) ਦਾ ਹਿੱਸਾ ਹਨ। ਸੁਰਿੰਦਰ ਗੀਤ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਪੰਜਾਬੀ ਸਾਹਿਤ ਸਭਾ ਵੱਲੋਂ ਵਧਾਈ ਦਿੱਤੀ। ਇਸ ਤੋਂ ਇਲਾਵਾ ਜਗਦੇਵ ਸਿੱਧੂ ਨੇ ਮੁਗਲ-ਕਾਲ ਦੇ ਆਰੰਭ ਅਤੇ ਪਤਨ ਨੂੰ ਗੁਰੂ-ਕਾਲ ਦੇ ਆਰੰਭ ਅਤੇ ਵਿਕਾਸ ਨਾਲ ਜੋੜ ਕੇ ਸ਼ਹਾਦਤਾਂ ਨੂੰ ਨਵੇਂ ਪਰਿਪੇਖ ਵਿਚ ਪੇਸ਼ ਕੀਤਾ। ਸਾਲ 2024 ਨੂੰ ਅਲਵਿਦਾ ਅਤੇ ਆਉਂਦੇ ਸਾਲ 2025 ਦੀ ਕਾਮਨਾ ਡਾ. ਗੁਰਮਿੰਦਰ ਸਿੱਧੂ ਦੀਆਂ ਇਨ੍ਹਾਂ ਸਤਰਾਂ ਨਾਲ ਕੀਤੀ— ਨਵਿਆਂ ਵਰ੍ਹਿਆ ਵੇ ਨਵਿਆਂ ਵਾਂਗਰ
ਆਈ, / ਹਾੜਾ ਵੇ ਨਾ ਬੀਤੇ ਦਿਨ ਦੁਹਰਾਈ!
ਮੰਚ ਸੰਚਾਲਨ ਦਾ ਕੰਮ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ। ਅੰਤ ਵਿਚ ਸੁਰਿੰਦਰ ਗੀਤ ਨੇ ਆਉਣ ਵਾਲੇ ਸਾਲ ਲਈ ਸਭ ਨੂੰ ਅਗਾਊਂ ਵਧਾਈਆਂ ਦਿੱਤੀਆਂ । ਸਾਰਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਪੂਰਣ ਸਹਿਯੋਗ ਦੀ ਆਸ ਪ੍ਰਗਟਾਈ। ਜਨਵਰੀ 2025 ਦੀ ਮਹੀਨਾਵਾਰ ਇਕੱਤਰਤਾ 26 ਜਨਵਰੀ ਨੂੰ ਹੋਵੇਗੀ।