ਸਰੀ, 24 ਦਸੰਬਰ (ਹਰਦਮ ਮਾਨ)-ਬੀਤੇ ਐਤਵਾਰ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ, ਨੰਬਰ ਪੰਜ ਰੋਡ, ਰਿਚਮੰਡ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਸ਼ਹੀਦੀ ਦਿਨ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸੰਗਤਾਂ ਨੇ ਭਾਰੀ ਗਿਣਤੀ ਵਿਚ ਗੁਰੂ ਘਰ ਵਿਖੇ ਪਹੁੰਚ ਕੇ ਕੌਮ ਦੇ ਇਹਨਾਂ ਬਹੁਤ ਹੀ ਸਤਿਕਾਰਯੋਗ ਸ਼ਹੀਦਾਂ ਨੂ ਸ਼ਰਧਾਂਜਲੀ ਭੇਂਟ ਕੀਤੀ। ਗੁਰੂ ਘਰ ਦੇ ਕੀਰਤਨੀ ਜਥੇ ਨੇ ਕੀਰਤਨ ਅਤੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਦਸੰਬਰ ਦਾ ਮਹੀਨਾ ਸਿੱਖ ਜਗਤ ਲਈ ਬਹੁਤ ਹੀ ਦੁੱਖ ਭਰੀਆਂ ਯਾਦਾਂ ਵਾਲਾ ਮਹੀਨਾ ਹੈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਇਸ ਮਹੀਨੇ ਸ਼ਹੀਦ ਕਰ ਦਿੱਤੇ ਗਏ ਸਨ। ਚਮਕੌਰ ਦੀ ਗੜ੍ਹੀ ਦੀ ਜੰਗ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਗਏ ਸਨ। ਚਮਕੌਰ ਦੀ ਗੜ੍ਹੀ ਦੀ ਜੰਗ ਦੁਨੀਆਂ ਦੀਆਂ ਬਹੁਤ ਹੀ ਮਹੱਤਵਪੂਰਨ ਜੰਗਾਂ ਵਿਚ ਗਿਣੀ ਜਾਂਦੀ ਹੈ। ਦਸੰਬਰ ਵਿਚ ਹੀ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਹੰਦ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸਨ।
ਸ. ਸੰਘੇੜਾ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਜਿਹਨਾਂ ਪਹਾੜੀ ਰਾਜਿਆਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਦੀ ਜੇਲ੍ਹ ਵਿੱਚੋਂ ਰਿਹਾਅ ਕਰਾਇਆ ਸੀ, ਉਹਨਾਂ ਦੀ ਔਲਾਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਦੁਸ਼ਮਣ ਬਣ ਗਈ ਅਤੇ ਗੁਰੂ ਜੀ ਦੇ ਖ਼ਿਲਾਫ਼ ਔਰੰਗਜੇਬ ਦਾ ਸਾਥ ਦਿੱਤਾ। ਇਸੇ ਹੀ ਤਰ੍ਹਾਂ ਗੁਰੂ ਜੀ ਦੇ ਰਸੋਈਏ ਗੰਗੂ, ਜਿਸ ਦੇ ਬਜ਼ੁਰਗਾਂ ਦੀ ਬੇਨਤੀ ਨੂੰ ਮੰਨਦੇ ਹੋਏ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਸੀ, ਉਸ ਨੇ ਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨਾਲ ਦਗ਼ਾ ਕੀਤਾ। ਗੁਰੂ ਜੀ ਦੇ ਕੁਝ ਪ੍ਰੇਮੀਆਂ ਨੇ ਇਸ ਦੁੱਖ ਭਰੇ ਸਮੇਂ ਬਹੁਤ ਹੀ ਸ਼ਲਾਘਾ ਯੋਗ ਯੋਗਦਾਨ ਵੀ ਪਾਇਆ। ਇਹਨਾਂ ਵਿਚ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਂ, ਮੋਤੀ ਲਾਲ ਮਹਿਰਾ ਅਤੇ ਟੋਡਰ ਮੱਲ ਜੀ ਦੇ ਨਾਮ ਵਰਨਣਯੋਗ ਹਨ। ਇਹ ਸਭ ਸਾਡੇ ਧੰਨਵਾਦ ਦੇ ਪਾਤਰ ਹਨ।
ਅੰਤ ਵਿਚ ਸ. ਸੰਘੇੜਾ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਰਤਨੀ ਜਥੇ, ਲੰਗਰ ਦੀ ਸੇਵਾ ਕਰਨ ਵਾਲੀਆਂ ਬੀਬੀਆਂ, ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।