Headlines

ਸੰਪਾਦਕੀ-ਅਲਵਿਦਾ ਮਹਾਨ ਅਰਥ ਸ਼ਾਸਤਰੀ ਡਾ ਮਨਮੋਹਣ ਸਿੰਘ ਜੀ…

ਸਾਲ 2004 ਤੋਂ 2014 ਤੱਕ ਲਗਾਤਾਰ 10 ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਡਾ ਮਨਮੋਹਨ ਸਿੰਘ ਬੀਤੀ 26 ਦਸੰਬਰ ਨੂੰ 92 ਸਾਲ ਦੀ ਲੰਬੀ ਆਯੂ ਭੋਗਦਿਆਂ ਅਕਾਲ ਚਲਾਣਾ ਕਰ ਗਏ।ਉਹਨਾਂ ਦੇ ਕਾਰਜਕਾਲ ਦੌਰਾਨ ਭਾਵੇਂਕਿ ਇਕ ਤੋਂ ਬਾਦ ਇਕ ਭ੍ਰਿਸ਼ਟਾਚਾਰ ਤੇ ਕਈ ਸਕੈਂਡਲ ਸਾਹਮਣੇ ਆਏ ਪਰ ਬੁਰੇ ਸਮੇਂ ਵਿਚ ਮੁਲਕ ਦੀ ਡੁਬਦੀ ਬੇੜੀ ਨੂੰ ਪਾਰ ਲਗਾਉਣ ਤੇ ਭਾਰਤ ਨੂੰ ਕੰਗਾਲੀ ਤੋਂ ਦੁਨੀਆਂ ਦੀਆਂ ਵੱਡੀਆਂ ਆਰਥਿਕ ਤਾਕਤਾਂ ਦੀ ਕਤਾਰ ਵਿਚ ਖੜਾ ਕਰਨ ਲਈ ਉਹਨਾਂ ਦੀ ਸੂਝ ਸਿਆਣਪ ਤੇ ਉਦਾਰ ਆਰਥਿਕ ਨੀਤੀਆਂ ਨੂੰ ਹੀ ਮੰਨਿਆ ਜਾਂਦਾ ਹੈ। ਉਹਨਾਂ ਨੂੰ ਕਈ ਵਾਰ ਐਕਸੀਡੈਂਟਲ ਪ੍ਰਧਾਨ ਮੰਤਰੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ  ਪਰ ਉਹਨਾਂ ਦੀ ਪ੍ਰਧਾਨ ਮੰਤਰੀ ਵਜੋਂ ਚੋਣ ਅਜਿਹੇ ਨਾਜੁਕ ਸਮੇਂ ਤੇ ਹੋਈ ਜਿਥੇ ਸਿਆਸੀ ਤਿਕੜਮਬਾਜੀਆਂ ਉਪਰ ਉਹਨਾਂ ਦੀ ਸੂਝ ਸਿਆਣਪ ਭਾਰੂ ਰਹੀ। ਉਹ ਮੁਲਕ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣੇ ਜਿਹਨਾਂ ਦਾ ਚੋਣ ਰਾਜਨੀਤੀ ਵਿਚ ਕੋਈ ਤਜੁਰਬਾ ਨਹੀ ਸੀ ਪਰ ਸਮੇਂ ਦੇ ਹਾਕਮਾਂ ਦੀ ਇਹ ਮਜ਼ਬੂਰੀ ਬਣ ਗਈ ਕਿ ਉਹਨਾਂ ਦੀ ਇਸ ਅਹੁਦੇ ਲਈ ਬੜੇ ਹੀ ਸਤਿਕਾਰ ਤੇ ਅਦਬ ਸਹਿਤ ਚੋਣ ਕੀਤੀ ਗਈ। ਸ਼ਾਇਦ ਭਾਰਤ ਦੇ ਲੋਕਤੰਤਰਿਕ ਇਤਿਹਾਸ ਵਿਚ ਸ਼ਾਇਦ ਇਹ ਵੀ ਅਜਿਹਾ ਸੁਨਹਿਰੀ ਸਮਾਂ ਸੀ ਜਦੋਂ ਬੌਧਿਕਤਾ, ਰਾਜਨੀਤੀ ਵਿਚ ਉਪਰ ਭਾਰੂ ਰਹੀ ਤੇ ਮੁਲਕ ਦੇ ਦੋ ਅਤਿ ਜ਼ਹੀਨ ਆਗੂ-ਇਕ ( ਡਾ ਅਬਦਲ ਕਲਾਮ)  ਮੁਲਕ ਦਾ ਰਾਸ਼ਟਰਪਤੀ ਤੇ ਇਕ ( ਡਾ ਮਨਮੋਹਣ ਸਿੰਘ) ਪ੍ਰਧਾਨ ਮੰਤਰੀ ਬਣੇ।

ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਪੀਵੀ ਨਰਸਿਮਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ 1991 ਵਿਚ ਉਹਨਾਂ ਨੂੰ ਬਿਨਾਂ ਕਿਸੇ ਸਿਆਸੀ ਪਿਛੋਕੜ ਦੇ ਮੁਲਕ ਦਾ ਵਿਤ ਮੰਤਰੀ ਬਣਾਇਆ ਗਿਆ। ਇਹ ਉਹ ਸਮਾਂ ਸੀ ਜਦੋਂ ਮੁਲਕ ਨੂੰ ਵਿਸ਼ਵ ਬੈਂਕ ਤੇ ਹੋਰ ਕੌਮਾਂਤਰੀ ਸੰਸਥਾਵਾਂ ਉਧਾਰ ਦੇਣ ਤੋਂ ਇਨਕਾਰੀ ਸਨ। ਮੁਲਕ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਕਈ ਟਨ ਸੋਨਾ ਗਿਰਵੀ ਰੱਖਣਾ ਪਿਆ ਸੀ। ਉਹਨਾਂ ਵਲੋਂ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਦੀ ਬਦੌਲਤ ਅੱਜ ਭਾਰਤ ਦੁਨੀਆਂ ਦੀਆਂ ਪਹਿਲੀਆਂ 5 ਅਰਥ ਵਿਵਸਥਾਵਾਂ ਵਿਚ ਆਪਣੀ ਥਾਂ ਬਣਾਉਣ ਦੇ ਯੋਗ ਹੋਇਆ ਤੇ ਰਿਜਰਵ ਬੈਂਕ ਨੇ 100 ਟਨ ਦੇ ਕਰੀਬ ਯੂਕੇ ਵਿਚ ਗਿਰਵੀ ਪਿਆ ਭਾਰਤ ਦਾ ਸੋਨਾ ਵਾਪਿਸ ਮੰਗਵਾਇਆ ਹੈ।

ਜਦੋਂ ਉਹ ਪਹਿਲੀ  ਵਾਰ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੀ ਤਰਫੋ 2004 ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਤਾਂ ਕਿਸੇ ਨੂੰ ਉਮੀਦ ਨਹੀ ਸੀ ਕਿ ਸਿਆਸਤ ਵਿਚ ਅਜਿਹਾ ਕੁਝ ਵੀ ਵਾਪਰ ਸਕਦਾ ਹੈ। ਭਾਜਪਾ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 1996 ਵਿਚ 13 ਦਿਨ, 1998-99 ਵਿਚ 13 ਮਹੀਨੇ ਤੇ ਫਿਰ 1999-2004 ਤੱਕ ਪੂਰੇ 5 ਸਾਲ ਦੀ ਸਰਕਾਰ ਉਪਰੰਤ ਭਾਜਪਾ ਦਾ ਸ਼ਾਇਨਿੰਗ ਇੰਡੀਆ ਦਾ ਨਾਅਰਾ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਅੱਗੇ ਠੁਸ ਹੋ ਗਿਆ। ਕਾਇਦੇ ਮੁਤਾਬਿਕ ਪ੍ਰਧਾਨ ਮੰਤਰੀ ਤਾਂ  ਸੋਨੀਆ ਗਾਂਧੀ ਨੇ ਬਣਨਾ ਸੀ ਪਰ ਉਸਦੇ ਵਿਦੇਸ਼ ਮੂਲ ਨੂੰ ਲੈਕੇ ਵੱਡਾ ਬਵਾਲ ਖੜਾ ਹੋ ਗਿਆ। ਕੋਈ ਇਹ ਸੋਚ ਨਹੀ ਸੀ ਸਕਦਾ ਕਿ ਸੋਨੀਆ ਗਾਂਧੀ ਦੁਨੀਆ ਦੇ ਮੰਨ ਪਰਮੰਨੇ ਆਰਥਿਕ ਮਾਹਿਰ ਡਾ ਮਨਮੋਹਣ ਸਿੰਘ ਨੂੰ ਇਸ ਅਹੁਦੇ ਤੇ ਬਿਠਾ ਦੇਵੇਗੀ। ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਉਪਰੰਤ ਭਾਵੇਂਕਿ ਉਹਨਾਂ ਨੂੰ ਸੋਨੀਆ ਗਾਂਧੀ ਦੀ ਕਠਪੁਤਲੀ ਹੀ ਕਿਹਾ ਜਾਂਦਾ ਰਿਹਾ ਪਰ ਉਹਨਾਂ ਵਲੋਂ ਆਰਥਿਕ ਫਰੰਟ ਤੇ ਕੀਤੇ ਗਏ ਫੈਸਲੇ ਅੱਜ ਵੀ ਇਤਿਹਾਸ ਵਿਚ ਮੀਲ ਪੱਥਰ ਹਨ। 2009 ਵਿਚ ਯੂਪੀਏ ਦੀ ਮੁੜ ਜਿੱਤ ਦਾ ਸਿਹਰਾ ਉਹਨਾਂ ਵਲੋ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਦੀ ਨਿਰੰਤਰਤਾ ਤੇ 2008 ਵਿਚ ਅਮਰੀਕਾ ਨਾਲ ਕੀਤਾ ਗਿਆ ਪ੍ਰਮਾਣੂ ਸਮਝੌਤਾ ਵੱਡਾ ਕਾਰਣ ਸਨ ਜਿਸਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ। ਉਹਨਾਂ ਦੇ 10 ਸਾਲ ਦੇ ਕਾਰਜਕਾਲ ਦੌਰਾਨ ਸੂਚਨਾ ਦਾ ਅਧਿਕਾਰ, ਨਿਮਨ ਵਰਗਾਂ ਲਈ 100 ਦਿਨ ਕੰਮ ਦੀ ਗਾਰੰਟੀ ਲਈ ਨਰੇਗਾ ਸਕੀਮ, 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਤੇ ਹਰ ਨਾਗਰਿਕ ਲਈ ਆਧਾਰ ਕਾਰਡ ਵਰਗੇ ਫੈਸਲੇ ਇਤਿਹਾਸਕ ਹਨ। ਉਹਨਾਂ ਦੇ ਇਸੇ ਕਾਰਜਕਾਲ ਦੌਰਾਨ 1.86 ਲੱਖ ਕਰੋੜ  ਦਾ ਕੋਲਾ ਘੁਟਾਲਾ, 1.76 ਲੱਖ ਕਰੋੜ ਦਾ 2 ਜੀ ਸਪੈਕਟਰਮ ਘੁਟਾਲਾ, 3600 ਕਰੋੜ ਦਾ ਚੌਪਰ ਸੌਦਾ ਰਿਸ਼ਵਤ ਕਾਂਡ, ਫੋਜ ਲਈ ਟਾਟਰਾ ਟਰੱਕਾਂ ਦੀ ਖਰੀਦ ਲਈ ਕਮਿਸ਼ਨ ਘੁਟਾਲਾ ਤੇ ਖੱਬੀਆਂ ਪੱਖੀਆਂ ਵਲੋਂ ਸਰਕਾਰ ਤੋ ਹਮਾਇਤ ਵਾਪਿਸ ਲੈਣ ਦੀ ਸੂਰਤ ਵਿਚ ਐਮ ਪੀ ਖਰੀਦਣ ਲਈ ਕੈਸ਼ ਫਾਰ ਵੋਟ ਘੁਟਾਲੇ ਦੀ ਚਰਚਾ ਕਿਸੇ ਤੋਂ ਗੁੱਝੀ ਨਹੀ। ਗਠਜੋੜ ਦੀਆਂ ਸਿਆਸੀ ਮਜ਼ਬੂਰੀਆਂ ਦੇ ਕਾਰਣ ਉਹਨਾਂ ਦੀ ਚੁੱਪ ਉਹਨਾਂ ਨੂੰ ਇਕ ਕਮਜੋਰ ਪ੍ਰਧਾਨ ਮੰਤਰੀ ਐਲਾਨਦੀ ਰਹੀ ਪਰ ਉਹ ਆਪਣਾ ਕੰਮ ਕਰਦੇ ਰਹੇ। ਇਹਨਾਂ ਘੁਟਾਲਿਆਂ ਦੇ ਕਾਰਣ ਹੀ ਭਾਜਪਾ ਦੀ ਅਗਵਾਈ ਹੇਠ ਐਨ ਡੀ ਏ ਨੂੰ ਮੁਲਕ ਦੀ ਵਾਗਡੋਰ ਨਰਿੰਦਰ ਮੋਦੀ ਦੇ ਹੱਥ ਦੇਣ ਦਾ ਮੌਕਾ ਮਿਲਿਆ। ਉਹ ਆਪਣੀਆਂ ਸਿਆਸੀ ਮਜ਼ਬੂਰੀਆਂ ਨੂੰ ਮੰਨਦੇ ਰਹੇ ਪਰ ਇਸਦੇ ਨਾਲ ਹੀ ਉਹਨਾਂ ਦੇ 3 ਜਨਵਰੀ 2014 ਨੂੰ ਪ੍ਰਧਾਨ ਮੰਤਰੀ ਵਜੋਂ ਆਖਰੀ ਪ੍ਰੈਸ ਕਾਨਫਰੰਸ ਦੌਰਾਨ ਕਹੇ ਸ਼ਬਦ ਅੱਜ ਵੀ ਯਾਦ ਕੀਤੇ ਜਾਂਦੇ ਹਨ। ਉਹਨਾਂ ਕਿਹਾ ਸੀ ਨਾਜੁਕ ਪ੍ਰ੍ਸਿਥਤੀਆਂ ਤੇ ਗਠਜੋੜ ਦੀਆਂ ਮਜ਼ਬੂਰੀਆਂ ਕਾਰਣ ਮੈਂ ਆਪਣੇ ਮੰਤਰੀਆਂ ਤੇ ਨਿਅੰਤਰਣ ਨਹੀ ਰੱਖ ਸਕਿਆ ਪਰ ਹਾਲਾਤ ਮੁਤਾਬਿਕ ਜੋ ਸੰਭਵ ਹੋਇਆ ਮੈਂ ਕੀਤਾ, ਸਮਕਾਲੀ ਮੀਡੀਆ ਜਾਂ ਵਿਰੋਧੀਆਂ ਦੇ ਦੋਸ਼ਾਂ ਦੇ ਬਾਵਜੂਦ ਇਤਿਹਾਸ ਮੇਰੇ ਕੰਮ ਦੀ ਤਾਰੀਫ ਜ਼ਰੂਰ ਕਰੇਗਾ।

ਇਕ ਆਮ ਪਰਿਵਾਰ ਵਿਚ ਪੈਦਾ ਹੋਕੇ ਉਚ ਪੱਧਰ ਦੀ ਪੜਾਈ, ਵਿਦੇਸ਼ੀ ਯੂਨੀਵਰਸਿਟੀਆਂ ਵਿਚ ਸਕਾਲਰਸ਼ਿਪ ਤੇ ਫਿਰ ਇਕ ਪ੍ਰੋਫੈਸਰ ਵਜੋਂ ਕੈਰੀਅਰ ਦੀ ਸ਼ੁਰੂਆਤ ਕਰਕੇ ਦੁਨੀਆ ਦੀਆਂ ਮਹਾਨ ਆਰਥਿਕ ਸੰਸਥਾਵਾਂ ਵਿਚ ਅਹਿਮ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਮੁਲਕ ਦਾ ਵਿਤ ਮੰਤਰੀ ਤੇ ਪ੍ਰਧਾਨ ਮੰਤਰੀ ਬਣਨ ਦਾ ਉਹਨਾਂ ਦਾ ਮਾਣਮੱਤਾ ਸਫਰ ਆਮ ਘਰਾਂ ਦੇ ਬੱਚਿਆਂ ਲਈ ਅੱਜ ਵੀ ਪ੍ਰੇਰਨਾ ਸਰੋਤ ਹੈ। ਪਹਿਲੇ ਸਿੱਖ ਪ੍ਰਧਾਨ ਮੰਤਰੀ ਵਜੋਂ ਉਹਨਾਂ ਸਿੱਖ ਭਾਈਚਾਰੇ ਦੇ ਇੱਜਤ ਸਨਮਾਨ ਨੂੰ ਵੀ ਜਿਸ ਬੁਲੰਦੀ ਤੇ ਪਹੁੰਚਾਇਆ, ਆਜਾਦ ਭਾਰਤ ਦੇ ਇਤਿਹਾਸ ਵਿਚ ਹੁਣ ਤੱਕ ਉਹਨਾਂ ਦੇ ਹਿੱਸੇ ਹੀ ਆਇਆ ਹੈ। ਸਿੱਖ ਕਤਲੇਆਮ ਦੀ ਪਾਰਲੀਮੈਂਟ ਵਿਚ ਮੁਆਫੀ ਮੰਗਦਿਆਂ ਉਹਨਾਂ ਨੇ ਕਿਹਾ ਸੀ ਉਹ ਕੇਵਲ ਸਿੱਖ ਭਾਈਚਾਰੇ ਤੋਂ ਹੀ ਨਹੀ ਬਲਕਿ ਪੂਰੇ ਮੁਲਕ ਤੋਂ ਮੁਆਫੀ ਮੰਗਦੇ ਹਨ ਕਿਉਂਕਿ 1984 ਦੇ ਸਿੱਖ ਕਤਲੇਆਮ ਨੇ ਭਾਰਤੀ ਲੋਕਤੰਤਰ ਨੂੰ ਵੀ ਸ਼ਰਮਸ਼ਾਰ ਕੀਤਾ ਹੈ। ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਜਿਥੇ ਕਈ ਇਤਿਹਾਸਕ ਫੈਸਲੇ ਕੀਤੇ ਉਥੇ ਆਪਣੀ ਇਮਾਨਦਾਰੀ ਦੀ ਮਿਸਾਲ ਵੀ ਉਹ ਆਪਣੇ ਸਾਦਾ ਤੇ ਨਿਰਛੱਲ ਚਰਿਤਰ ਵਾਂਗ ਹੀ ਬਣੇ ਰਹੇ।