Headlines

ਸ਼ਿਆਮ ਬੈਨੇਗਲ ਹੋਣ ਦੇ ਅਰਥ

ਪ੍ਰੋ. ਕੁਲਬੀਰ ਸਿੰਘ–

90 ਸਾਲ 9 ਦਿਨ ਇਸ ਧਰਤੀ ʼਤੇ ਗੁਜ਼ਾਰ ਕੇ ਸ਼ਿਆਮ ਬੈਨੇਗਲ ਫ਼ਿਲਮ ਜਗਤ ਦੇ ਇਤਿਹਾਸ ਵਿਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਾ ਗਏ।  ਉਹ ਦਸੰਬਰ ਮਹੀਨੇ ਇਸ ਦੁਨੀਆਂ ਵਿਚ ਆਏ ਅਤੇ ਦਸੰਬਰ ਮਹੀਨੇ ਹੀ ਤੁਰ ਗਏ। ਉਨ੍ਹਾਂ ਦੇ ਪਿਤਾ ਫੋਟੋਗ੍ਰਾਫ਼ਰ ਸਨ।  ਉਨ੍ਹਾਂ ਤੋਂ ਪ੍ਰਭਾਵਤ ਹੋ ਕੇ ਉਹ ਕੈਮਰੇ ਦੀ ਦੁਨੀਆਂ ਵਿਚ ਪ੍ਰਵੇਸ਼ ਕਰ ਗਏ।  ਅਜੇ 12 ਸਾਲ ਦੇ ਹੀ ਸਨ ਕਿ ਪਿਤਾ ਜੀ ਦੇ ਕੈਮਰੇ ਨਾਲ ਪਹਿਲੀ ਫ਼ਿਲਮ ਬਣਾ ਦਿੱਤੀ।

ਉਨ੍ਹਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਸਮਾਜਕ ਸਰੋਕਾਰਾਂ ਦੀ ਗੱਲ ਕਰਦੇ ਸਨ।  ਸਮਾਜਕ ਮੁੱਦਿਆਂ ʼਤੇ ਫ਼ਿਲਮ ਬਣਾਉਂਦੇ ਸਨ।  ਅੰਕੁਰ, ਜਨੂੰਨ, ਨਿਸ਼ਾਂਤ, ਮੰਥਨ, ਭੂਮਿਕਾ, ਮੰਡੀ, ਜੁਬੈਦਾ ਅਤੇ ਵੈੱਲਕਮ ਟੂ ਸੱਜਨਪੁਰ ਇਸੇ ਸ੍ਰੇਣੀ ਦੀਆਂ ਫ਼ਿਲਮਾਂ ਸਨ। ਭਾਰਤੀ ਫ਼ਿਲਮਾਂ ਨੂੰ ਨਵੀਂ ਦਿਸ਼ਾ ਦੇਣ ਵਿਚ ਸ਼ਿਆਮ ਬੈਨੇਗਲ ਦੀ ਵਿਸ਼ੇਸ਼ ਭੂਮਿਕਾ ਰਹੀ।  ਇਸੇ ਭੂਮਿਕਾ ਤਹਿਤ ਉਨ੍ਹਾਂ ਹਿੰਦੀ ਫ਼ਿਲਮ ਜਗਤ ਨੂੰ ਸ਼ਬਾਨਾ ਆਜ਼ਮੀ, ਦੀਪਤੀ ਨਵਲ, ਨਸੀਰੂਦੀਨ ਸ਼ਾਹ, ਕੁਲਭੂਸ਼ਨ ਖਰਬੰਦਾ, ਸਮਿਤਾ ਪਾਟਿਲ, ਓਮਪੁਰੀ ਵਰਗੇ ਨਵੇਂ ਅਦਾਕਾਰ ਦਿੱਤੇ। ਪਦਮ ਸ੍ਰੀ ਅਤੇ ਪਦਮ ਭੂਸ਼ਨ ਸਮੇਤ ਅਨੇਕਾਂ ਪੁਰਸਕਾਰ, ਮਾਣ ਸਨਮਾਨ ਉਨ੍ਹਾਂ ਨੂੰ ਮਿਲੇ।

1970-80 ਦੇ ਦਹਾਕਿਆਂ ਵਿਚ ਸ਼ਿਆਮ ਬੈਨੇਗਲ ਦੀਆਂ ਫ਼ਿਲਮਾਂ ਦੀ ਚਾਰੇ ਪਾਸੇ ਚਰਚਾ ਸੀ। ਇਕ ਪਾਸੇ ਹਲਕੀਆਂ ਫੁਲਕੀਆਂ ਮਨੋਰੰਜਕ ਫ਼ਿਲਮਾਂ ਬਣ ਰਹੀਆਂ ਸਨ ਦੂਸਰੇ ਪਾਸੇ ਇਨ੍ਹਾਂ ਦੇ ਬਰਾਬਰ ਗਹਿਰ ਗੰਭੀਰ, ਅਰਥ ਭਰਪੂਰ ਤੇ ਸਮਾਜਕ ਸਰੋਕਾਰਾਂ ਨਾਲ ਜੁੜੀਆਂ ਫ਼ਿਲਮਾਂ ਬਣਾ ਕੇ ਸ਼ਿਆਮ ਬੈਨੇਗਲ ਨੇ ਸੱਭ ਦਾ ਧਿਆਨ ਖਿੱਚਿਆ।ਉਹ ਅਨੁਸ਼ਾਸਨ ਵਿਚ ਰਹਿ ਕੇ ਫ਼ਿਲਮਾਂ ਬਨਾਉਣ ਵਾਲੇ ਫ਼ਿਲਮਕਾਰ ਸਨ।  ਕਲਾਕਾਰ ਨੂੰ ਆਪਣੇ ਕਿਰਦਾਰ ਵਿਚ ਉਤਰਨ ਦਾ ਪੂਰਾ ਮੌਕਾ, ਪੂਰਾ ਸਮਾਂ ਦਿੰਦੇ ਸਨ ਪਰ ਹਰੇਕ ਨੂੰ ਹਦਾਇਤ ਹੁੰਦੀ ਸੀ ਕਿ ਸ਼ੂਟਿੰਗ ਤੋਂ ਪਹਿਲਾਂ ਚੰਗੀ ਤਰ੍ਹਾਂ ਹੋਮਵਰਕ ਕਰਕੇ ਆਉਣ। ਉਨ੍ਹਾਂ ਦੁਆਰਾ ਤਿਆਰ ਕੀਤੇ ਟੈਲੀਵਜ਼ਨ ਲੜੀਵਾਰ ʽਭਾਰਤ ਏਕ ਖੋਜʼ ਅਤੇ ਯਾਤਰਾ ਬੜੇ ਅਰਥ ਭਰਪੂਰ ਸਨ ਅਤੇ ਬੜੇ ਚਰਚਿਤ ਹੋਏ ਸਨ।

ਹੈਦਰਾਬਾਦ ਫ਼ਿਲਮ ਸੁਸਾਇਟੀ ਦੀ ਸਥਾਪਨਾ ਕਰਕੇ ਉਨ੍ਹਾਂ ਆਪਣੇ ਸ਼ਾਨਦਾਰ ਫ਼ਿਲਮ ਸਫ਼ਰ ਦੀ ਸ਼ੁਰੂਆਤ ਕੀਤੀ।  ਜਨੂੰਨ ਜਿਹੀਆਂ ਫ਼ਿਲਮਾਂ ਨੇ ਉਨ੍ਹਾਂ ਦੀ ਸਮਝ ਤੇ ਸਮਰੱਥਾ ਨੂੰ ਉਜਾਗਰ ਕੀਤਾ।  ਉਨ੍ਹਾਂ ਨੇ ਰੰਗਮੰਚ ਪਿਛੋਕੜ ਵਾਲੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਫ਼ਿਲਮਾਂ ਵਿਚ ਬਾਖੂਬੀ ਵਰਤਿਆ ਤੇ ਉਭਾਰਿਆ।

ਸ਼ਿਆਮ ਬੈਨੇਗਲ ਨੂੰ ਲਕੀਰ ਤੋਂ ਹਟ ਕੇ ਫ਼ਿਲਮਾਂ ਬਨਾਉਣ ਦਾ ਜਨੂੰਨ ਸੀ ਅਤੇ ਇਸੇ ਜਨੂੰਨ ਨਾਲ ਉਨ੍ਹਾਂ 50 ਸਾਲ ਤੋਂ ਵੀ ਲੰਮਾ ਫ਼ਿਲਮੀ ਸਫ਼ਰ ਤੈਅ ਕੀਤਾ।  ਇਕ ਵਾਰ ਇੰਦਰਾ ਗਾਂਧੀ ਨੇ ਉਨ੍ਹਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਸੀ, ʽʽਉਨ੍ਹਾਂ ਦੀਆਂ ਫ਼ਿਲਮਾਂ ਇਨਸਾਨੀਅਤ ਨੂੰ ਆਪਣੇ ਮੂਲ ਰੂਪ ਵਿਚ ਤਲਾਸ਼ਦੀਆਂ ਹਨ।ʼʼ  ਸਤਿਯਾ ਜੀਤ ਰੇਅ ਦੇ ਜਾਣ ਬਾਅਦ ਸ਼ਿਆਮ ਬੈਨੇਗਲ ਨੇ ਉਨ੍ਹਾਂ ਦੀ ਵਿਰਾਸਤ ਨੂੰ ਬਾਖੂਬੀ ਸੰਭਾਲਿਆ।  ਹੁਣ ਸ਼ਿਆਮ ਬੈਨੇਗਲ ਦੀ ਵਿਰਾਸਤ ਨੂੰ ਕੌਣ ਸੰਭਾਲੇਗਾ ਇਹ ਵੱਡਾ ਸਵਾਲ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਸ਼ੋਕ-ਸੰਦੇਸ਼ ਵਿਚ ਲਿਖਿਆ ਹੈ, ʽʽਸ੍ਰੀ ਸ਼ਿਆਮ ਬੈਨੇਗਲ ਜੀ ਦੇ ਜਾਣ ʼਤੇ ਬਹੁਤ ਦੁੱਖ ਹੋਇਆ।  ਉਨ੍ਹਾਂ ਦੀ ਕਹਾਣੀ ਕਹਿਣ ਦੀ ਕਲਾ ਨੇ ਭਾਰਤੀ ਸਿਨੇਮਾ ʼਤੇ ਗਹਿਰਾ ਪ੍ਰਭਾਵ ਪਾਇਆ।  ਉਨ੍ਹਾਂ ਦੇ ਕੰਮ ਨੂੰ ਹਮੇਸ਼ਾ ਸਰਾਹਿਆ ਜਾਂਦਾ ਰਹੇਗਾ।ʼʼ

ਸ਼ਿਆਮ ਬੈਨੇਗਲ ਨੇ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ʼਤੇ ਸਥਾਪਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।  ਉਨ੍ਹਾਂ ਦੀ ਇਸ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।  ਉਨ੍ਹਾਂ ਦੀ ਪਹਿਚਾਣ ਅਲੱਗ ਸੋਚ ਅਲੱਗ ਧਾਰਾ ਦੇ ਸਿਨੇਮਾ ਨੂੰ ਮੁਖ ਧਾਰਾ ਦੇ ਸਿਨੇਮਾ ਨਾਲ ਜੋੜਨ ਕਰਕੇ ਹੈ।  ਉਹ ਹਿੰਦੀ ਸਿਨੇਮਾ ਨੂੰ ਪਾਪੂਲਰ ਸਿਨੇਮਾ ਤੋਂ ਸਾਰਥਕ ਸਿਨੇਮਾ ਵੱਲ ਲੈ ਗਏ।

2007 ਵਿਚ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ ਅਤੇ ਪੰਜ ਵਾਰ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਨਵਾਜਿਆ ਗਿਆ। 14 ਦਸੰਬਰ 2024 ਨੂੰ ਉਨ੍ਹਾਂ ਨੇ ਆਪਣਾ 90ਵਾਂ ਜਨਮ ਦਿਨ ਮਨਾਇਆ ਜਿਸ ਵਿਚ ਸ਼ਬਾਨਾ ਆਜ਼ਮੀ, ਕੁਲਭੂਸ਼ਨ ਖਰਬੰਦਾ, ਨਸੀਰੂਦੀਨ ਸ਼ਾਹ, ਦਿਵਿਆ ਦੱਤਾ, ਰਜਿਤ ਕਪੂਰ, ਕਨਾਲ ਕਪੂਰ ਸ਼ਾਮਲ ਹੋਏ ਸਨ।  ਇਸ ਮੌਕੇ ਦੀ ਇਕ ਬੜੀ ਪਿਆਰੀ ਤਸਵੀਰ ਸ਼ਬਾਨਾ ਆਜ਼ਮੀ ਨੇ ਸੋਸ਼ਲ ਮੀਡੀਆ ʼਤੇ ਸਾਂਝੀ ਕੀਤੀ ਸੀ।

ਅੱਜ ਜਦ ਉਹ ਸਾਡੇ ਦਰਮਿਆਨ ਨਹੀਂ ਰਹੇ ਤਾਂ ਮੰਡੀ ਤੋਂ ਲੈ ਕੇ ਕਲਯੁਗ ਤੱਕ ਦਾ ਉਨ੍ਹਾਂ ਦਾ ਲੰਮਾ ਫ਼ਿਲਮੀ ਸਫ਼ਰ ਅੱਖਾਂ ਅੱਗੋਂ ਲੰਘ ਗਿਆ।

Leave a Reply

Your email address will not be published. Required fields are marked *