Headlines

ਕਿੰਝ ਆਖਾਂ ਨਵਾਂ ਵਰ੍ਹਾ ਮੁਬਾਰਕ –

ਗੁਰਨੈਬ ਸਾਜਨ-
ਸਮਾਂ ਬੜਾ ਬਲਵਾਨ ਹੁੰਦਾ ਹੈ ਰਵਾਨਗੀ ਅਤੇ ਲਗਾਤਾਰਤਾ ਇਸ ਦੀ ਵਿਲੱਖਣਤਾ ਹੈ। ਰੁਕਣਾ ਜਾਂ ਇੰਤਜ਼ਾਰ ਕਰਨਾ ਇਸ ਦੇ ਹਿੱਸੇ ਨਹੀਂ ਆਇਆ ਆਪਣੀ ਗਤੀ ਨਾਲ ਚਲਦਿਆਂ ਨਵਾਂ ਸਾਲ ਹਰ ਸਾਲ ਕੌੜੀਆਂ ਮਿੱਠੀਆਂ ਯਾਦਾਂ ਛਡਦਾ ਸਾਡੇ ਕੋਲੋਂ ਰੁਖਸਤ ਹੋ ਜਾਂਦਾ ਹੈ ਅਤੇ ਨਵੇਂ ਵਰ੍ਹੇ ਦਾ ਸੂਰਜ ਆਪਣੀਆਂ ਸੋਨ ਸੁਨਹਿਰੀ ਕਿਰਨਾਂ ਬਿਖੇਰਦਾ ਸਾਡੀਆਂ ਬਰੂਹਾਂ ਤੇ ਦਸਤਕ ਦੇਣ ਆ ਜਾਂਦਾ ਹੈ।
ਹਰ ਇੱਕ ਦੀ ਤਮੰਨਾ ਹੁੰਦੀ ਹੈ ਕਿ ਨਵਾਂ ਵਰ੍ਹਾ ਖੁਸ਼ੀਆਂ ਖੇੜੇ ਲੈ ਕੇ ਆਵੇ। ਹਰ ਸਾਲ ਪਹਿਲੀ ਜਨਵਰੀ ਨੂੰ ਕੁਝ ਲੋਕਾਂ ਲਈ ਨਵਾਂ ਵਰ੍ਹਾ ਆਉਂਦਾ ਹੈ ਅਤੇ ਕੁੱਝ ਦੀ ਜਿੰਦਗੀ ਦਾ ਇੱਕ ਸਾਲ ਘਟ ਜਾਂਦਾ ਹੈ ਆਉਣਾ ਤੇ ਜਾਣਾ ਮਨੁੱਖ ਦੀ ਸਕਾਰਤਮਕ ਅਤੇ ਨਕਾਰਾਤਮਕ ਸੋਚਣੀ ਦਾ ਪ੍ਰਤੀਕ ਹੈ। ਸਮਾਂ ਆਪਣੀ ਤੋਰ ਨਿਰੰਤਰ ਪਿਆ ਤੁਰਦਾ ਰਹਿੰਦਾ ਹੈ ,ਵਕਤ ਦੀ ਰਵਾਨਗੀ ਤੇ ਮਸਤ ਚਾਲ ਨੂੰ ਕੋਈ ਵੀ ਡੱਕ ਨਹੀਂ ਸਕਦਾ।ਸਮੇਂ ਦੀ ਧੂੜ ਹੇਠ ਬਹੁਤ ਕੁਝ ਦੱਬਿਆ ਵੀ ਜਾਂਦਾ ਤੇ ਨਵੇਂ ਦੇ ਨਾਲ ਬਹੁਤ ਕੁਝ ਸਵੇਰ ਦੀ ਤਰੇਲ ਦੀਆਂ ਬੂੰਦਾਂ ਵਾਂਗ ਚਮਕਣ ਵੀ ਲੱਗਦਾ ਹੈ ।ਨਵੇਂ ਵਰ੍ਹੇ ਪਹਿਲਾਂ ਵਾਲੇ ਸਮਿਆਂ ਵਿੱਚ ਚਿੱਠੀਆਂ ਗ੍ਰੀਟਿੰਗ ਕਾਰਡ ਆਪਣੇ ਮਿੱਤਰ ਸੁਨੇਹੀਆਂ ਰਿਸ਼ਤੇਦਾਰਾਂ ਨੂੰ ਭੇਜੇ ਜਾਂਦੇ ਸਨ, ਪਰ ਹੁਣ ਸਮੇਂ ਦੀ ਚਾਲ ਨੇ ਸਭ ਕੁਝ ਬਦਲਕੇ ਰੱਖ ਦਿੱਤਾ ਹੈ। ਇੰਟਰਨੈਟ ਦਾ ਯੁੱਗ ਹੋਣ ਕਾਰਨ ਨਵੀਆਂ ਤਕਲੀਕਾਂ ਨੇ ਨਵੇਂ ਸਾਲ ਦੇ ਸੁਨੇਹੇ ਨੂੰ ਪਲਾਂ ਵਿੱਚ ਹੀ ਇੱਕ ਦੂਜੇ ਦੇ ਦਿਲਾਂ ਉੱਪਰ ਦਸਤਕ ਦੇ ਦਿੱਤੀ ਹੈ। ਮੋਬਾਈਲਾਂ ਉੱਪਰ ਇੰਟਰਨੈਟ ਜਰੀਏ ਹਰ ਕੋਈ ਵਿਅਕਤੀ ਆਪਣੇ ਮਿੱਤਰ ਸਨੇਹੀਆਂ ਨੂੰ ਨਵਾਂ ਸਾਲ ਮੁਬਾਰਕ ਦੇ ਸੁਨੇਹੇ ਭੇਜ ਰਿਹਾ ਹੈ। ਤੇ ਸਾਰੇ ਮੈਸਜਾਂ ਵਿੱਚ ਨਵੇਂਂ ਵਰ੍ਹੇ ਦੀਆਂ ਵਧਾਈਆਂ ਸ਼ੁਭਕਾਮਨਾਵਾਂ ਹੋਣ ਆਉਣ ਵਾਲੇ ਸਾਲ ਵਾਸਤੇ ਸਾਰਿਆਂ ਨੇ ਇੱਕ ਦੂਜੇ ਦੀ ਤਰੱਕੀ ਖੁਸ਼ਹਾਲੀ ਸਿਹਤਯਾਬੀ ਤੇ ਖੁਸ਼ੀਆਂ ਖੇੜੇ ਮੰਗੇ ਹਨ ।ਨਵੇਂ ਸਾਲ ਦੇ ਐਸਐਮਐਸ, ਈਮੇਲ ਵਿੱਚ ਲੰਘੇ ਵਰੇ ਦਾ ਸੰਤਾਪ ਹੰਢਾ ਚੁੱਕੇ ਲੋਕਾਂ ਦਾ ਜ਼ਿਕਰ ਕਿਤੇ ਵੀ ਨਹੀਂ ਦੀਹਦਾ । ਕਿਸੇ ਉਸ ਕੰਜਕ ਦਾ ਹਾਉਕਾ ਨਹੀਂ ਜੋ ਬਲਾਤਕਾਰ ਦੀ ਸ਼ਿਕਾਰ ਹੋਈ ਹੈ ਕਿਸੇ ਵਿੱਚ ਵੀ ਉਸ ਬਾਪ ਦਾ ਜ਼ਿਕਰ ਨਹੀਂ ਜਿਹੜਾ ਆਪਣੀ ਧੀ ਦੀ ਅਸਮਤ ਬਚਾਉਣ ਲਈ ਮਾਰਿਆ ਗਿਆ। ਕਿਸੇ ਵੀ ਸੁਨੇਹੇ ਵਿੱਚ ਬਲਾਤਕਾਰ ਦੀਆਂ ਸ਼ਿਕਾਰ ਹੋਈਆਂ ਮਸੂਮ ਬਾਲੜੀਆਂ ਦਾ ਜ਼ਿਕਰ ਤੱਕ ਵੀ ਨਹੀਂ ਹੈ।ਕਿਸੇ ਵੀ ਸੁਨੇਹੇ ਵਿੱਚ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ ਗਿਆ। ਵੈਸੇ ਨਵਾਂ ਵਰ੍ਹਾ ਮਨਾਉਣ ਦਾ ਅਸਲੀ ਮਕਸਦ ਤਾਂ ਇਸ ਚਿੰਤਨ ਵਿੱਚ ਲੁਕਿਆ ਹੈ ਕਿ ਜੀਵਨ ਜਿਆਦਾ ਜਿਉਣ ਵਿੱਚ ਨਹੀਂ ਘੱਟ ਜਿਉਂਕੇ ਜਿਆਦਾ ਕੰਮ ਕਰਨ ਵਿੱਚ ਹੈ। ਵੈਸੇ ਵੀ ਨਵਾਂ ਵਰ੍ਹਾ ਉਹਨਾਂ ਲੋਕਾਂ ਲਈ ਹੀ ਆਉਂਦਾ ਹੈ ਜਿਹੜੇ ਆਰਥਿਕ, ਸਮਾਜਿਕ ਪੱਖੋਂ ਖੁਸ਼ਹਾਲ ਹਨ। ਉਹਨਾਂ ਲੋਕਾਂ ਵੱਲ ਵੀ ਨਜ਼ਰ ਮਾਰੋ ਜਿਨ੍ਹਾਂ ਲਈ ਨਵਾਂ ਵਰ੍ਹਾ ਪੁਰਾਣਾ ਵਰ੍ਹਾ ਕੋਈ ਮਾਅਣੇ ਨਹੀਂ ਰੱਖਦਾ। ਉਹਨਾਂ ਦੇ ਜੀਵਨ ਵਿੱਚ ਜੰਮਣਾ ਤੇ ਮਰਨਾ ਇੱਕ ਅਜਿਹੀ ਕਿਰਿਆ ਹੈ ਜਿਹੜੀ ਉਹਨਾਂ ਨਾਲ ਜ਼ਬਰਦਸਤੀ ਬੀਤੀ ਇੱਕ ਘਟਨਾ ਹੈ। ਉਮਰ ਭਰ ਦੀਆਂ ਮੰਦਹਾਲੀਆਂ, ਗੈਰ ਮਨੁੱਖੀ ਜੀਵਨ ਅਤੇ ਤੰਗੀਆਂ ਤੁਰਸੀਆਂ ਥੋੜਾਂ ਦੇ ਲੁੱਟੇ ਪੁੱਟੇ ਇਹ ਲੋਕ ਨਵੇਂ ਵਰ੍ਹੇ ਤੇ ਕੀ ਚਿੰਤਨ ਕਰਦੇ ਹਨ ਕੀ ਸੰਦੇਸ਼ ਦਿੰਦੇ ਹਨ ਅਤੇ ਲੈਂਦੇ ਹਨ ਇਹੀ ਕਿ ਇਸ ਵੇਲੇ ਉਹਨਾਂ ਦੀ ਜੂਨ ਕੁਝ ਸੁਧਰ ਜਾਵੇ ਕੋਈ ਬਹੁੜੇ ਉਹਨਾਂ ਦੀ ਤਕਦੀਰ ਬਦਲਣ ਵਾਲਾ ਤਾਂ ਜੋ ਵਿਕਾਸ ਦੀ ਮਨੁੱਖੀ ਪ੍ਰਵਿਰਤੀ ਵੱਸ ਉਹ ਵੀ ਇਸ ਤਰੱਕੀ ਤੇ ਵਿਕਾਸ ਦਾ ਨਜ਼ਾਰਾ ਦੇਖ ਸਕਣ। ਵੈਸੇ ਨਵੇਂ ਵਰ੍ਹੇ ਦੀ ਆਮਦ ਦਾ ਇੰਤਜ਼ਾਰ ਦਸੰਬਰ ਦਾ ਮਹੀਨਾ ਚੜਦਿਆਂ ਹੀ ਸ਼ੁਰੂ ਹੋ ਜਾਂਦਾ ਹੈ। ਦਸੰਬਰ ਮਹੀਨੇ ਦਾ ਇੱਕ ਇੱਕ ਦਿਨ ਪੁੱਠੀ ਗਿਣਤੀ ਅਖਵਾਉਂਦਾ ਹੈ। ਉਂਝ ਤਾਂ ਸਾਡੇ ਦੇਸ਼ ਵਿੱਚ ਵੱਖ-ਵੱਖ ਮਹੀਨਿਆਂ ਤੋਂ ਸਾਲ ਸ਼ੁਰੂ ਹੁੰਦੇ ਹਨ, ਜਿਵੇਂ ਚੇਤਰ ਮਹੀਨੇ ਤੋਂ ਸ਼ੁਰੂ ਹੋਇਆ ਸਾਲ ਦੇਸੀ ਅਖਵਾਉਂਦਾ ਹੈ ਅਤੇ ਵੈਸਾਖ ਮਹੀਨੇ ਤੋਂ ਸ਼ੁਰੂ ਹੋਇਆ ਸਾਲ ਜੋ ਖਾਲਸਾ ਪੰਥ ਦੀ ਸਾਜਨਾ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਨਾਨਕਸ਼ਾਹੀ ਅਤੇ ਹਿਜਰੀ ਸਾਲ ਵੀ ਸ਼ੁਰੂ ਹੁੰਦੇ ਹਨ ਤੇ ਖਤਮ ਹੁੰਦੇ ਰਹਿੰਦੇ ਹਨ। ਪਰ ਈਸਵੀ ਸੰਨ
 ਇਕ ਜਨਵਰੀ ਤੋਂ ਸ਼ੁਰੂ ਹੋ ਕੇ 31 ਦਸੰਬਰ ਤੱਕ ਚੱਲਦਾ ਹੈ। 52 ਹਫਤੇ ਜਾਂ 365 ,1/4  ਦਿਨਾਂ ਦਾ ਸਫਰ ਤੈਅ ਕਰਕੇ ਇੱਕ ਸਾਲ ਆਪਣੀ ਮੰਜਿਲ ਤੇ ਪਹੁੰਚ ਜਾਂਦਾ ਹੈ ਅਤੇ ਕੌੜੀਆਂ ਮਿੱਠੀਆਂ ਯਾਦਾਂ ਦੇ ਨਾਲ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਜਾਂਦਾ ਹੈ,।
 ਨਵਾਂ ਵਰ੍ਹਾ ਹਰ ਇੱਕ ਮਨੁੱਖ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਇਹ ਸਾਡੀ ਦਿਲੀ ਤਮੰਨਾ ਹੁੰਦੀ ਹੈ। ਮਨੁੱਖ ਨੂੰ ਸੁਖੀ ਰਹਿਣ ਲਈ ਇੱਕ ਸਮਾਜ ਦੀ ਲੋੜ ਹੁੰਦੀ ਹੈ ਸਮਾਜ ਸੁੱਖਾਂ ਦੀ ਖਾਣ ਹੈ ਕਿਉਂਕਿ ਸਮਾਜ ਹੀ ਉਹ ਇਕਾਈ ਹੈ ਜੋ ਕੁਦਰਤ ਦਾ ਨਿਯਮ ਜੀਓ ਤੇ ਜੀਣ ਦਿਓ ਮਨੁੱਖ ਜਿਉਣਾ ਤਾਂ ਚਾਹੁੰਦਾ ਹੈ ਪਰ ਜਿਉਣ ਨਹੀਂ ਦੇਣਾ ਚਾਹੁੰਦਾ। ਗਰੀਬਾਂ ਦੇ ਬੱਚੇ ਨਵੇਂ ਵਰ੍ਹੇ ਕੜਕਦੀ ਠੰਢ ਵਿੱਚ ਸਿਰੋਂ ਪੈਰੋਂ ਨੰਗੇ ਠੁਰ ਠੁਰ  ਕਰਦੇ ਸੜਕਾਂ ਉੱਪਰ ਭੀਖ ਮੰਗ ਰਹੇ ਨੇ, ਅਮੀਰਾਂ ਦੇ ਬੱਚੇ ਵੀ ਗਰਮ ਏ ਸੀ ਕਮਰਿਆਂ ਵਿੱਚ ਗਰਮ ਕੱਪੜੇ ਪਾ ਕੇ ਸਾਹੀ ਠਾਠ ਬਾਠ ਦੀ ਜ਼ਿੰਦਗੀ ਜੀਅ ਰਹੇ ਹਨ। ਗਰੀਬ ਖੁੱਲੇ ਸਮਾਨ ਹੇਠ ਦਿਨ ਕਟੀ ਕਰ ਰਹੇ ਹਨ, ਗਰੀਬ ਇਲਾਜ ਖੁਣੋਂ ਤੜਫ ਰਿਹਾ ਹੈ ।ਗਰੀਬ ਨੂੰ ਸਿਰ ਢੱਕਣ ਜੋਗੀ ਝੁੱਗੀ ਨਹੀਂ ਜੁੜਦੀ ਅਮੀਰਾਂ ਦੇ ਡੌਗੀ ਮਹਿੰਗੇ ਗਰਮ ਸੋਫਿਆਂ ਉੱਪਰ ਬੈਠੇ ਨਿੱਘ ਮਾਣ ਰਹੇ ਹਨ। ਆਪਣੇ ਹੱਕ ਮੰਗਣ ਵਾਲਿਆਂ ਨੂੰ ਪੰਜਾਬ ਵਿੱਚ ਸਰਕਾਰਾਂ ਕਹਿ ਦਿੰਦੀਆਂ ਖਬਰਦਾਰ ਪੰਜਾਬ ਚ ਹੱਕ ਮੰਗਣਾ ਮਨਾਂ ਹੈ, ਪੁਲਿਸ ਵੱਲੋਂ ਕੁੱਟਮਾਰ ਕਰਕੇ ਉਹਨਾਂ ਦਾ ਮੂੰਹ ਬੰਦ ਕੀਤਾ ਜਾਂਦਾ ਹੈ। ਜੋ ਬੇਰੁਜ਼ਗਾਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦਾ ਹੈ। ਉਹਨਾਂ ਨੂੰ ਥਾਣਿਆਂ ਵਿੱਚ ਰੋਲਿਆ ਜਾਂਦਾ ਹੈ, ਗੰਦੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਜਾਂਦੀਆਂ ਹਨ ਕਈਆਂ ਨੂੰ ਪੁਲਿਸ ਦੇ ਤਸ਼ੱਦਦ ਦਾ
 ਸਾਹਮਣਾ ਵੀ ਕਰਨਾ ਪੈਂਦਾ ਹੈ। ਸਿਰਾਂ ਦੀਆਂ ਚੁੰਨੀਆਂ ਤੇ ਦਸਤਾਰਾਂ ਸੜਕਾਂ ਤੇ ਰੁਲ ਰਹੀਆਂ ਹਨ।ਮਾਂ ਦੀ ਕੁੱਖ ਵਿੱਚ ਧੀਆਂ ਜਨਮ ਲੈਣ ਤੋਂ ਪਹਿਲਾਂ ਹੀ ਮਰ ਰਹੀਆਂ ਨੇ ਰੱਬ ਦਾ ਰੂਪ ਡਾਕਟਰ ਚੰਦ ਛਿੱਲੜਾਂ ਬਦਲੇ ਕਸਾਈ ਦਾ ਰੂਪ ਧਾਰਨ ਕਰੀ ਬੈਠਾ ਹੈ। ਮਾਂ ਦੀ ਕੁੱਖ ਕਬਰਸਤਾਨ ਬਣ ਚੁੱਕੀ ਹੈ । ਕਿਉਂ ਆਖਾਂ ਨਵਾਂ ਸਾਲ ਮੁਬਾਰਕ ਜਮੀਨ ਦੇ ਟੁਕੜੇ ਪਿੱਛੇ ਭਰਾ ਦਾ ਭਰਾ ਕਤਲ ਕਰ ਰਿਹਾ ਹੈ।ਪੰਜਾਬ ਵਿੱਚ ਚਿੱਟੇ ਦਾ ਕਹਿਰ ਅਜੇ ਵੀ ਨਹੀਂ ਰੁਕਿਆ  ਚਿੱਟੇ ਦੇ ਕਹਿਰ ਕਾਰਨ  ਮਾਵਾਂ ਦੇ ਪੁੱਤ ਸਿਵਿਆਂ ਦੀ ਰਾਖ ਬਣ ਕੇ ਰਹਿ ਗਏ ਹਨ। ਚਿੱਟੇ ਦੀ ਵੱਧ ਡੋਜ ਵਿੱਚ ਖੰਡਰ ਨੁਮਾ ਇਮਾਰਤਾਂ ਵਿੱਚ ਨੌਜਵਾਨ ਪੁੱਤਾਂ ਦੀਆਂ ਲਾਸਾਂ ਮਿਲ ਰਹੀਆਂ ਹਨ। ਫੇਰ ਕਿਵੇਂ ਆਖਾਂ ਮੈਂ ਨਵਾਂ ਸਾਲ ਮੁਬਾਰਕ। ਜਿਹੜੇ ਪੰਜਾਬ ਵਿੱਚ ਕਿਸੇ ਸਮੇਂ ਦੁੱਧ ਦੀਆਂ ਨਦੀਆਂ ਵਗਦੀਆਂ ਸਨ, ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦੈਂਤ ਦੇ ਨਾਲ ਨਾਲ ਮੋਬਾਇਲ ਦੇ ਦੈਂਤ ਨੇ ਵੀ ਨਿਗਲ ਲਿਆ ਹੈ।  ਕੰਮ ਕਰਕੇ ਕੋਈ ਰਾਜ਼ੀ ਨਹੀਂ , ਜਿਹੜੇ ਪੁੱਤ ਨੇ ਬਾਪੂ ਦਾ ਸਹਾਰਾ ਬਣਨਾ ਸੀ। ਜਿਮੀਦਾਰਾਂ ਦੇ ਸਾਰੀ ਜ਼ਿੰਦਗੀ ਸੀਰੀ ਰਹੇ ਪਿਓ ਦਾ ਪੁੱਤ ਕਦੋਂ ਸਮਝੇਗਾ ਕਿ ਕਿਸੇ ਦਾ ਗੁਲਾਮ ਰਹਿਣਾ ਕਿੰਨਾ ਔਖਾ ਹੁੰਦਾ ਹੈ। ਉਹ ਆਪਣੇ ਬਾਪੂ ਵੱਲ ਨਜ਼ਰ ਕਿਉਂ ਨਹੀਂ ਮਾਰਦਾ ਜੋ ਜਿਮੀਦਾਰਾਂ ਦੇ ਸੀਰਪੁਣੇ ਕਰਕੇ ਆਪਣੇ ਪਰਿਵਾਰ ਦਾ ਪੇਟ ਮਸਾਂ ਪਾਲਦਾ ਰਿਹਾ ਹੈ। ਬਾਪੂ ਸਾਰਾ ਦਿਨ ਕੰਮ ਦਾ ਥੱਕਿਆ ਮੰਜੇ ਤੇ ਡਿੱਗਦਾ ਹੀ ਸੌਂ ਜਾਂਦਾ ਹੈ ਪਰ ਸਪੂਤ ਅੱਧੀ ਰਾਤ ਡਿੱਕ ਡੋਲੇ ਖਾਂਦਾ ਘਰ ਵੜਦਾ ਹੈ। ਪਰ ਫਿਰ ਵੀ ਮਾਂ ਪੁੱਤ ਦੇ ਕਰਜੇ ਕੱਜਦੀ ਕਹਿੰਦੀ ਹੈ ਕਿ ਮੇਰੇ ਪੁੱਤ ਨੂੰ ਗਵਾਂਢੀਆਂ ਦੇ ਮੁੰਡੇ ਨੇ ਵਿਗਾੜ ਦਿੱਤਾ। ਇਹ ਤਾਂ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਲਾਉਂਦਾ । ਫਿਲਮਾਂ ਵਾਲਿਆਂ ਨੇ ਆਪਣੀਆਂ ਫਿਲਮਾਂ ਵਿੱਚ ਜੱਟ ਨੂੰ ਵੈਲੀ ਨਸੇੜੀ ਅੱਯਾਸ ਦਿਖਾ ਕੇ ਚੰਗੀ ਕਮਾਈ ਕੀਤੀ ਹੈ ਜੱਟ ਦਾ ਪੁੱਤ ਨਸ਼ਿਆਂ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ , ਕਾਰਪੋਰੇਟ ਘਰਾਣੇ ਜਮੀਨਾਂ ਹੜੱਪ ਰਹੇ ਹਨ, ਮਹਿੰਗੀਆਂ ਜਮੀਨਾਂ ਵੇਚ ਕੇ ਮਹਿੰਗੀਆਂ ਗੱਡੀਆਂ, ਅਸਲਾ, ਮੋਟਰ ਉੱਪਰ ਇਹਨਾਂ ਏਸੀ ਵੀ ਲਵਾ ਲਏ ਨੇ, ਕੰਨੀ ਨੱਤੀਆਂ ਮਹਿੰਗੇ ਮੋਟਰ ਸਾਈਕਲ, ਕਾਲਜਾਂ ਵਿੱਚ ਕੁੜੀਆਂ ਦਾ ਪਿੱਛਾ ਕਰਦਾ ਫਿਲਮ ਵਿਚਲਾ ਜੱਟ ਕਿੱਥੇ ਹੈ ਪੰਜਾਬ ਵਿੱਚ ਇਹ ਸਿਰਫ ਗਾਇਕਾਂ ਦੇ ਗੀਤਾਂ ਦੇ ਵੀਡੀਓ ਫ਼ਿਲਮਾਂਕਣ ਅਤੇ ਫਿਲਮਾਂ ਦੇ ਸੀਨਾਂ ਵਿੱਚ ਹੀ ਰਹਿ ਗਿਆ ਹੈ। ਅਸਲ ਵਿੱਚ  ਪੰਜਾਬ ਦੇ ਕਿਸੇ ਪਿੰਡ ਚ ਕਿਤੇ ਵੀ ਨਹੀਂ ਦੀਂਹਦਾ। ਯੂਨਾਨੀ ਵਿਦਵਾਨ ਅਰਸਤੂ ਨੇ ਸਦੀਆਂ ਪਹਿਲਾਂ ਕਿਹਾ ਸੀ ਕਿ ਮਨੁੱਖ ਇਕ ਸਮਾਜਿਕ ਜੀਵ ਹੈ ਅਤੇ ਸਮਾਜ ਤੋਂ ਬਿਨਾਂ ਇਹ ਜਿਉਂਦਾ ਨਹੀਂ ਰਹਿ ਸਕਦਾ। ਧਰਤੀ ਨੂੰ ਬਚਾਉਣਾ ਮਨੁੱਖ ਦੀ ਪਹਿਲੀ ਜ਼ਿੰਮੇਵਾਰੀ ਹੈ ।ਕਿੱਥੇ ਬਚਾ ਰਹੇ ਆਂ ਅਸੀਂ ਧਰਤੀ ਅਤੇ ਵਾਤਾਵਰਨ, ਧਰਤੀ ਨੂੰ ਬੰਜਰ ਬਣਾ ਰਹੇ ਹਾਂ ਇੱਕ ਸਾਲ ਵਿੱਚ ਤਿੰਨ ਤਿੰਨ ਫਸਲਾਂ ਲੈ ਰਹੇ ਹਾਂ ਫਸਲਾਂ ਉੱਪਰ ਅੰਧਾਧੁੰਦ ਕੀਟਨਾਸ਼ਕ ਦਵਾਈਆਂ ਤੇ ਫਸਲਾਂ ਤੋਂ ਵੱਧ ਝਾੜ ਲੈਣ ਲਈ ਰੇਹਾਂ ਦਾ ਇਸਤੇਮਾਲ ਕਰਕੇ ਧਰਤੀ ਮਾਂ ਦੀ ਕੁੱਖ ਨੂੰ ਬੰਜਰ ਬਣਾਇਆ ਜਾ ਰਿਹਾ ਹੈ।
ਵਾਤਾਵਰਨ ਨੂੰ ਬਚਾਉਣ ਦੀ ਥਾਂ ਹਰੇ ਭਰੇ ਰੁੱਖਾਂ ਨੂੰ ਹਰ ਛੇ ਮਹੀਨੇ ਬਾਅਦ ਫ਼ਸਲ ਦਾ ਰਹਿੰਦ ਖੂੰਹਦ ਸਾੜਨ ਦੇ ਬਹਾਨੇ ਅੱਗਾਂ ਲਾਈਆਂ ਜਾ ਰਹੀਆਂ ਨੇ ਰੁੱਖ ਲਗਾਏ ਘੱਟ ਜਾ ਰਹੇ ਨੇ ਤੇ ਸਾੜੇ ਤੇ ਵੱਢੇ ਵੱਧ ਜਾ ਰਹੇ ਨੇ। ਬਿਰਧ ਆਸ਼ਰਮਾਂ ਵਿੱਚ ਮਾਪੇ ਰੋ ਰਹੇ ਹਨ। ਜਿਹਨਾਂ ਬੱਚਿਆਂ ਨੂੰ ਖੂਨ ਦੇ ਘੁੱਟ ਪਿਆ ਕੇ ਮਾਪਿਆਂ ਨੇ ਪਾਲਿਆ ਪੜ੍ਹਾਇਆ ਲਿਖਾਇਆ ਉੱਚ ਅਹੁਦੇ ਉੱਪਰ ਪਹੁੰਚਾਇਆ। ਉਹੀ ਪੁੱਤਰ ਉੱਚ ਅਹੁਦਿਆਂ ਤੇ ਪਹੁੰਚ ਕੇ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਰਹੇ ਹਨ।  ਕੀਹਨੂੰ ਆਖਾਂ ਨਵਾਂ ਸਾਲ ਮੁਬਾਰਕ ਤੇ ਕਿਉਂ ਆਖਾਂ।
ਦੇਸ਼ ਦਾ ਅੰਨਦਾਤਾ ਹਰਿਆਣਾ ਦੇ ਬਾਰਡਰਾਂ ਤੇ  ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਈ ਮਹੀਨਿਆਂ ਤੋਂ ਡਟਿਆ ਹੋਇਆ ਹੈ। ਪੋਹ ਦੀਆਂ ਰਾਤਾਂ ਵਿੱਚ ਸੜਕਾਂ ਦੇ ਆਸੇ ਪਾਸੇ ਤੰਬੂ ਅਤੇ ਟਰਾਲੀਆਂ ਵਿੱਚ ਕੱਕਰ ਭਰੀਆਂ ਰਾਤਾਂ ਗੁਜ਼ਾਰ ਰਿਹਾ ਹੈ। ਕਿਸਾਨ ਆਗੂ ਮਰਨ ਵਰਤ ਤੇ ਬੈਠੇ ਨੂੰ ਮਹੀਨੇ ਦੇ ਨੇੜੇ ਤੇੜ ਦਾ  ਸਮਾਂ ਹੋ ਗਿਆ, ਦਿਨੋ ਦਿਨ ਉਹਦੀ ਸਿਹਤ ਘਟਦੀ ਜਾ ਰਹੀ ਹੈ ਪਰ ਕੇਂਦਰ ਚ ਬੈਠੀ  ਭਾਜਪਾ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰ ਰਹੀ।  ਪੰਜਾਬ ਦੇ ਨਕਾਰਾ ਹੋ ਚੁੱਕੇ ਸਿਸਟਮ ਅਤੇ ਬੇਰੁਜ਼ਗਾਰੀ ਕਾਰਨ ਜਵਾਨੀ ਵਿਦੇਸ਼ਾਂ ਵੱਲ ਜਹਾਜੇ ਚੜ੍ਹ ਰਹੀ ਹੈ। ਜਿਹੜੇ ਜਹਾਜਾਂ ਉੱਪਰ ਦੇਸ਼ ਦੀ ਜਵਾਨੀ ਦੂਜੇ ਦੇਸ਼ਾਂ ਵੱਲ ਜਾ ਰਹੀ ਹੈ ਉਹ ਜਹਾਜ ਹਾਦਸਾ ਗ੍ਰਸਤ ਹੋ ਕੇ ਅਨੇਕਾਂ ਜਾਨਾਂ ਮੌਤ ਦੇ ਮੂੰਹ ਚਲੀਆਂ ਜਾਂਦੀਆਂ ਨੇ। ਪੰਜਾਬ ਦੇ ਹੱਸਦੇ ਵਸਦੇ ਘਰਾਂ ਨੂੰ ਜਿੰਦਰੇ ਲੱਗ ਚੁੱਕੇ ਨੇ ਤੇ ਘਰਾਂ ਦੇ ਵਾਰਿਸ ਕੈਨੇਡਾ ,ਅਮਰੀਕਾ ਵਰਗੇ ਦੇਸ਼ਾਂ ਵਿੱਚ ਰੋਜੀ ਰੋਟੀ ਦੀ ਭਾਲ ਲਈ ਜਾ ਚੁੱਕੇ ਹਨ।ਪੰਜਾਬ ਖਾਲੀ ਹੁੰਦਾ ਦਿਖਾਈ ਦੇ ਰਿਹਾ ਹੈ ਤੇ  ਪਿੱਛੇ ਰਹਿ ਗਏ ਨੇ ਬਜ਼ੁਰਗ ਮਾਪੇ ਜੋ ਵੱਡੀ ਉਮਰ ਚ ਠੋਕਰਾਂ ਖਾਣ ਲਈ ਮਜਬੂਰ ਨੇ। ਭਾਈਚਾਰਕ ਸਾਂਝ ਵਿੱਚ ਤਰੇੜਾਂ ਪੈ ਚੁੱਕੀਆਂ ਹੈ ਸਾਂਝੇ ਚੁੱਲੇ ਨਹੀਂ ਰਹੇ ਅਤੇ ਆਪਸੀ ਰਿਸ਼ਤਿਆਂ ਦੀਆਂ ਡੋਰਾਂ ਟੁੱਟ ਚੁੱਕੀਆਂ ਨੇ, ਪੁੱਤ ਪਿਓ ਨੂੰ ਮਾਰ ਰਿਹਾ ਤੇ ਭਾਈ ਭਾਈ ਨੂੰ ਮਾਰ ਰਿਹਾ ਜਮੀਨਾਂ ਦੇ ਟੁਕੜੇ ਪਿੱਛੇ ਤੇ ਨਸ਼ੇ ਦੀ ਤੋਟ ਨੂੰ ਪੂਰਾ ਕਰਨ ਲਈ ਨਸ਼ੇੜੀ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ।ਫਿਰ ਕਿਵੇਂ ਆਖਾਂ
 ਨਵਾਂ ਸਾਲ ਮੁਬਾਰਕ।
ਕਿਵੇਂ ਦੇਵਾਂ ਨਵੇਂ ਸਾਲ ਦੀਆਂ ਮੁਬਾਰਕਾਂ
 ਉਹਨਾਂ ਨੂੰ ਕੋਈ ਮੁਬਾਰਕ ਵੀ ਦੇਵੇ ਤਾਂ ਕਿਹੜੀ ਗੱਲ ਦੀ, ਫੈਕਟਰੀਆਂ ਦੇ ਗੰਦੇ ਪਾਣੀ ਨੇ ਦਰਿਆਵਾਂ ਦੇ ਪਾਣੀ ਨੂੰ ਜਹਿਰੀਲਾ ਬਣਾ ਦਿੱਤਾ ਹੈ ਜੋ ਕੈਂਸਰ ਵਰਗੀਆਂ ਨਾ – ਮੁਰਾਦ ਬਿਮਾਰੀਆਂ ਦੀ ਭੇਂਟ ਚੜ੍ਹ ਰਿਹਾ ਹੈ। ਸਾਲ ਚੜਦੇ ਬੀਤਦੇ ਰਹੇ ਹਨ ਪਰ ਉਹਨਾਂ ਦੇ ਹਿੱਸੇ ਦਾ ਸੂਰਜ ਡੁੱਬਿਆ ਰਿਹਾ ਭਾਵੇਂ ਕੋਈ ਨਿਰਾਸਾ ਬਾਦ ਹੀ ਕਹੇ ਇਸ ਨੂੰ, ਪਰ ਨਿਰੀਆਂ ਸ਼ੁਭ ਕਾਮਨਾਵਾਂ
 ਦੀ ਮੱਲਮ ਲਾ ਕੇ ਨਿੱਤ ਨਵੇਂ ਰਿਸਦੇ ਜ਼ਖਮ ਦੀ ਚੀਸ ਮੱਠੀ ਨਹੀਂ ਹੋਣੀ, ਗਰੀਬੀ ਦੀ ਦਲਦਲ ਵਿੱਚ ਦੱਬੇ ਲੋਕਾਂ ਦੇ ਜੀਵਨ ਵਿੱਚ ਵਰ੍ਹਿਆਂ ਤੋਂ ਕੋਈ ਤਬਦੀਲੀ ਨਹੀਂ ਆਈ ਤੇ ਨਾਂ ਹੀ ਆਉਣ ਦੀ ਕੋਈ ਉਮੀਦ ਹੈ। ਪੰਜਾਬ ਵਿੱਚ ਸੜਕ ਹਾਦਸਿਆਂ ਦੀਆਂ ਵਾਪਰ ਰਹੀਆਂ ਘਟਨਾਵਾਂ ਮਨਾਂ ਨੂੰ ਵਲੂੰਦਰ ਰਹੀਆਂ ਹਨ। ।
ਨਵੇਂ ਸਾਲ ਦੇ ਜਸ਼ਨ ਤਾਂ ਉਹਨਾਂ ਲੋਕਾਂ ਦੇ ਹਨ ਜਿਨ੍ਹਾਂ ਨੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਲੋਕਾਂ ਦੀ ਲੁੱਟ ਕਰਕੇ ਆਪਣੀਆਂ ਤਿਜੌਰੀਆਂ ਭਰੀਆਂ ਹਨ, ਜਦੋਂ ਦੋ ਨੰਬਰ ਦੀ ਕਮਾਈ ਕਰਕੇ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਹਨ। ਦੇਸ਼ ਦੇ ਅਰਬਪਤੀਆਂ ਅਤੇ ਕਰੋੜਪਤੀਆਂ ਦਾ ਸਾਰਾ ਜੀਵਨ ਹੀ ਜਸ਼ਨਾਂ ਵਿੱਚ ਗੁਜਰਦਾ ਹੈ। ਸਵਾਲ ਤਾਂ ਇਹ ਹੈ ਕਿ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਮਿਹਨਤੀ ਵਿਅਕਤੀ ਲਈ ਕੀ ਅਹਿਮੀਅਤ ਹੈ ਨਵੇਂ ਸਾਲ ਦੀ।
 ਆਮ ਆਦਮੀ ਜੇ ਕੁਝ ਪਲਾਂ ਲਈ ਜਸ਼ਨਾਂ ਦੀ ਬਦੌਲਤ ਆਪਣੇ ਜੀਵਨ ਦੀਆਂ ਤੰਗੀਆਂ ਤੁਰਸੀਆਂ ਨੂੰ ਭੁੱਲ ਵੀ ਜਾਂਦਾ ਹੈ ਤਾਂ ਅਗਲੇ ਪਲ ਜੀਵਨ ਦਾ ਕਰੂਰ  ਯਥਾਰਥ ਉਸਦੇ ਸਨਮੁਖ ਹੁੰਦਾ ਹੈ। ਵਧੀਆ ਜਿੰਦਗੀ ਤੇ ਸੁਪਨੇ ਤਾਂ ਉਸ ਦੀਆਂ ਅੱਖਾਂ ਵਿੱਚ ਵੀ ਜਰੂਰ ਲਟਕਦੇ ਹੋਣਗੇ। ਪਰ ਇਹ ਜਰੂਰੀ ਨਹੀਂ ਕਿ ਨਵੇਂ ਸਾਲ ਵਿੱਚ ਇਹ ਸੁਪਨਾ ਹਕੀਕਤ ਦਾ ਰੂਪ ਧਾਰਨ ਕਰ ਲਵੇ। ਫਿਰ ਕੀਹਨੂੰ ਤੇ ਕਿਉਂ ਆਖਾਂ ਨਵਾਂ ਸਾਲ ਮੁਬਾਰਕ ਕਰਨ ਸਮੇਂ  ਯਾਦ ਕਰੋ ਦਸੰਬਰ ਮਹੀਨੇ ਦਾ ਆਖਰੀ ਹਫ਼ਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਲਈ ਪਹਾੜ ਜਿੱਡੇ ਦੁੱਖਾਂ ਦਾ ਪਹਾੜ ਬਣ ਕੇ ਆਇਆ ਸੀ। ਦਸੰਬਰ ਮਹੀਨੇ ਨੂੰ ਸ਼ਹਾਦਤਾਂ ਦਾ ਮਹੀਨਾ ਕਿਹਾ ਜਾਂਦਾ ਹੈ ਯਾਦ ਕਰੋ ਚਮਕੌਰ ਦੀ ਗੜੀ ਵਿੱਚ  ਇਕ ਪਿਤਾ ਨੇ ਆਪਣੇ ਹੱਥੀਂ ਜੰਗ ਲਈ ਤਿਆਰ ਕਰਕੇ ਭੇਜੇ ਅਜੀਤ ਤੇ ਜੁਝਾਰ ਦੋਨੋਂ ਸਾਹਿਬਜ਼ਾਦੇ ਅਤੇ ਸੱਤ ਅਤੇ ਨੌਂ ਸਾਲ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਨੇ ਸਿੱਖੀ ਦੇ ਮਹੱਲ ਦੀਆਂ ਬੁਨਿਆਦਾਂ ਨੂੰ ਸਦੀਵੀ ਪਕੇਰਾ ਕਰਦੇ ਆਪਣੀ ਮਾਸੂਮ ਸਹਾਦਤ ਦਿੱਤੀ ਸੀ। ਸਰਹੰਦ ਵਿੱਚ ਉਸ ਮਾਸੂਮ ਸਹਾਦਤ ਦੀ ਦ੍ਰਿੜਤਾ ਅੱਗੇ ਸਰਹੰਦ ਦੀ ਖੂਨੀ ਦੀਵਾਰ ਹਾਰੀ ਹੋਵੇ। ਹੰਕਾਰੀ ਵਜ਼ੀਰ ਖਾਨ ਦਾ ਹੰਕਾਰ ਟੁੱਟਿਆ ਹੋਵੇ। ਧਰਤੀ ਕੰਬੀ ਹੋਵੇ ਅਸਮਾਨ ਰੋਇਆ ਹੋਵੇ। ਉਸ ਮਾਸੂਮ ਸਹਾਦਤ ਨੂੰ ਜਰੂਰ ਯਾਦ ਕਰਿਓ ਕੌਮ ਦੇ ਰਹਿਬਰੋ ਜਿਨ੍ਹਾਂ ਦਿਨਾਂ ਚ ਅਸੀਂ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਉਣੀਆਂ ਸੀ ਉਹਨਾਂ ਦਿਨਾਂ ਚ ਅਸੀਂ ਨਸ਼ੇ ਨਾਲ ਧੁੱਤ ਹਾਂ ਫਿਰ ਅਸੀਂ ਆਪਣੀ ਨਵੀਂ ਪੀੜੀ ਤੋਂ ਇਹ ਉਮੀਦ ਕਿਵੇਂ ਕਰਦੇ ਹਾਂ ਕਿ ਆਪਣੇ ਵਿਰਸੇ ਨਾਲ ਜੁੜੀ ਰਹੇ। ਸ਼ਹੀਦੀ ਜੋੜ ਮੇਲਿਆਂ ਤੇ ਪਕੌੜਿਆਂ ਜਲੇਬੀਆਂ ,ਬਰਗਰਾਂ ਰਸਗੁੱਲਿਆ, ਗੰਨੇ ਦੇ ਜੂਸ ਦੇ ਲੰਗਰ ਲਗਾਉਣ ਵਾਲਿਓ ਤੁਹਾਡੇ ਬੱਚਿਆਂ ਨੂੰ ਤਾਂ ਚਾਰ ਸਾਹਿਬਜਾਦਿਆਂ ਦੇ ਨਾਂਅ ਤੱਕ ਵੀ ਨਹੀਂ ਪਤਾ, ਟਰੈਕਟਰਾਂ ਉੱਪਰ ਵੱਡੇ ਵੱਡੇ ਡੈਕ ਲਗਾਕੇ ਉੱਚੀ ਆਵਾਜ਼ ਚ ਸਪੀਕਰ ਲਗਾ ਕੇ ਭੰਗੜੇ ਪਤਾ ਨਹੀਂ ਤੁਸੀਂ ਕਿਹੜੀ ਖੁਸ਼ੀ ਵਿੱਚ ਪਾ ਰਹੇ ਓ , ਇੱਕ ਦੂਜੇ ਤੋਂ ਅੱਗੇ  ਲੰਘਣ ਦੀ ਹੋੜ ਵਿੱਚ ਟਰੈਕਟਰ ਟਰਾਲੀਆਂ ਸੜਕੀ ਹਾਦਸਿਆਂ ਦੀਆਂ ਸ਼ਿਕਾਰ ਹੋ ਰਹੀਆਂ ਹਨ ਤੇ ਮਨੁੱਖੀ ਜਾਨਾਂ ਵੀ ਜਾ ਰਹੀਆਂ ਹਨ। ਪਰ ਅਸੀਂ ਕਦੋਂ ਸੁਧਰਾਂਗੇ ਇਹ ਸੋਚੋ ਭੰਗੜੇ ਪਾਉਣ ਵਾਲਿਓ ਕਿ ਜਦੋਂ ਆਪਣੇ ਘਰ ਵਿੱਚ ਮੌਤ ਹੋ ਜਾਂਦੀ ਹੈ ਕੀ ਅਸੀਂ ਫਿਰ ਵੀ ਖੁਸ਼ੀਆਂ ਵਿੱਚ ਭੰਗੜੇ ਪਾਉਂਦੇ ਅਤੇ ਪਕੌੜੇ ਜਲੇਬੀਆਂ ਰਸ ਗੁੱਲਿਆ ਦਾ ਸ਼ਾਹੀ ਖਾਣਾ ਤਿਆਰ ਕਰਦੇ ਹੋਵੋਗੇ, ਸਾਨੂੰ ਖੁਸ਼ੀ ਅਤੇ ਗਮੀ ਦੇ ਫਰਕ ਦਾ ਹੀ ਅੱਜ ਤੱਕ ਪਤਾ ਨਹੀਂ  ਪਤਾ ਲੱਗਿਆ।
 ਪਰ ਦਸਵੇਂ ਪਾਤਸ਼ਾਹ ਨੇ ਤਾਂ ਆਪਣਾ ਸਾਰਾ ਪਰਿਵਾਰ ਸਾਡੀ ਕੌਮ ਲਈ ਵਾਰ ਦਿੱਤਾ ।
ਦਾਦੀ ਮਾਂ ਦਾ ਠੰਢੇ ਬੁਰਜ ਤੋਂ ਸੁਨੇਹਾ ਆਖਰ ਕੌਣ ਅੱਗੇ ਤੱਕ ਪੁਜਦਾ ਕਰੂਗਾ ।ਆਓ ਸਾਰੇ ਰਲ ਕੇ ਵਾਤਾਵਰਣ ਨੂੰ ਹਰਾ ਭਰਾ ਕਰਨ ਲਈ ਰੁੱਖ ਲਗਾਉਣ ਦਾ ਪ੍ਰਣ ਕਰੀਏ ਮਾਂ ਦੀ ਕੁੱਖ ਨੂੰ ਕਬਰਿਸਤਾਨ ਬਣਨ ਤੋਂ ਰੋਕੀਏ। ਪੰਜਾਬੀ ਸੰਗੀਤ ਵਿੱਚ ਕੰਨਾਂ ਨੂੰ ਰਸ ਘੋਲਣ ਵਾਲੇ ਗੀਤਾਂ ਦੀਆਂ ਸੌਗਾਤਾਂ ਦੇਈਏ, ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ ਜੋ ਸਾਡੀ ਹੀ ਲੜਾਈ ਲੜ ਰਿਹਾ ਹੈ। ਗਰੀਬਾਂ ਦੇ ਬੱਚਿਆਂ ਲਈ ਤਨ ਢਕਣ ਜੋਗਾ ਕੱਪੜਾ ਅਤੇ ਲੋੜੀਂਦਾ ਸਾਮਾਨ ਦੇਈਏ ਰਿਸ਼ਵਤਖੋਰ ਅਫਸਰਾਂ ਨੂੰ ਨੱਥ ਪਾਈਏ ਭ੍ਰਿਸ਼ਟਾਚਾਰ ਤੋਂ ਮੁਕਤ ਪੰਜਾਬ ਸਿਰਜੀਏ। ਕਿਸੇ ਮਾਂ ਨੂੰ ਜਣੇਪੇ ਦੌਰਾਨ ਇਲਾਜ ਖੁਣੋਂ ਨਾਂ ਮਰਨ ਦੇਈਏ। ਚੰਗਾ ਖਾਈਏ ਚੰਗਾ ਬੋਲੀਏ ਚੰਗਾ ਸੁਣੀਏ ਚੰਗਾ ਸੋਚੀਏ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮ ਭੇਜਣ ਦੀ ਬਜਾਏ ਉਹਨਾਂ ਦੀ ਘਰ ਵਿੱਚ ਸੇਵਾ ਸੰਭਾਲ ਕਰੀਏ। ਕਿਸੇ ਔਰਤ ਨੂੰ ਦਾਜ਼ ਦੀ ਬਲੀ ਨਾਲ ਚੜ੍ਹਨ ਦੇਈਏ ਨਵੇਂ ਵਰ੍ਹੇ ਵਿੱਚ ਜੇਕਰ ਐਸੇ ਪ੍ਰਣ ਕਰ ਲਈਏ ਤਾਂ ਹੀ ਸਾਡੇ ਲਈ ਨਵਾਂ ਵਰ੍ਹਾ ਅਹਿਮੀਅਤ ਰੱਖਦਾ ਹੈ ਨਹੀਂ ਤਾਂ ਹਰ ਵਾਰ ਨਵਾਂ ਵਰ੍ਹਾ ਆਉਂਦਾ ਰਹੇਗਾ। ਪਰ ਕੁਝ ਵੀ ਨਵਾਂ ਨਹੀਂ ਹੋਵੇਗਾ।ਖੁਸ਼ ਰਹੋ ਆਬਾਦ ਰਹੋ ।
ਗੁਰਨੈਬ ਸਾਜਨ
ਪਿੰਡ ਤੇ ਡਾਕਖਾਨਾ ਦਿਉਣ
ਜਿਲ੍ਹਾ ਬਠਿੰਡਾ (ਪੰਜਾਬ)98889-55757

Leave a Reply

Your email address will not be published. Required fields are marked *