ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਾਗਮ ਸ਼ੁਰੂ ਕਰਵਾਏ ਗਏ। ਜਿਨ੍ਹਾਂ ਦੇ ਭੋਗ 22 ਦਸੰਬਰ ਐਤਵਾਰ ਨੂੰ ਪਾਏ ਗਏ। ਉਪਰੰਤ ਵੈਰਾਗਮਈ ਕੀਰਤਨ ਤੇ ਕਥਾ ਦੇ ਪ੍ਰਵਾਹ ਚਲਾਏ ਗਏ। ਸੰਗਤਾਂ ਗੁਰੂ ਘਰ ਨਤਮਸਤਕ ਹੁੰਦੀਆਂ ਰਹੀਆਂ। 24 ਦਸੰਬਰ ਮੰਗਲਵਾਰ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਅਖੰਡ ਪਾਠ ਜਗਦੀਪ ਤੂਰ, ਗੁਰਿੰਦਰ, ਬਰਿੰਦਰ ਕੰਗ, ਅਜਮੇਰ ਅਟਵਾਲ, ਦਲਵਿੰਦਰ ਅਤੇ ਵਰਦੀਪ ਸਿੰਘ ਧਾਲੀਵਾਲ ਪਰਿਵਾਰਾਂ ਵੱਲੋਂ ਅਖੰਡ ਪਾਠ ਅਰੰਭ ਕਰਵਾਏ ਗਏ ਜਿਨ੍ਹਾਂ ਦੇ ਭੋਗ 26 ਦਸੰਬਰ ਵੀਰਵਾਰ ਨੂੰ ਪਾਏ ਗਏ। ਉਪਰੰਤ ਕੀਰਤਨ, ਕਥਾ ਅਤੇ ਢਾਡੀ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। 27 ਦਸੰਬਰ ਨੂੰ ਹਰ ਸਾਲ ਦੀ ਤਰਾਂ ਬੀਬੀਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਅਖੰਡ ਪਾਠ ਅਰੰਭ ਕਰਵਾਏ ਗਏ। ਜਿਨ੍ਹਾਂ ਦੇ ਦੇ ਭੋਗ 29 ਦਸੰਬਰ ਐਤਵਾਰ ਨੂੰ ਪਾਏ ਗਏ। ਉਪਰੰਤ ਵੈਰਾਗਮਈ ਕੀਰਤਨ ਤੇ ਗਿਆਨੀ ਬਿਕਰਮਜੀਤ ਸਿੰਘ ਜੀ ਨੇ ਕਥਾ ਦੇ ਪ੍ਰਵਾਹ ਕਰਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਬਾਰੇ ਸੁਣ ਕੇ ਬੀਬੀਆਂ ਦੇ ਅੱਖਾਂ ਵਿਚੋਂ ਨੀਰ ਝਲਕ ਰਿਹਾ ਸੀ। ਜਤਿੰਦਰ ਸਿੰਘ ਘੁੰਮਣ ਦੇ ਢਾਡੀ ਜਥੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਕੋਂ ਲੈ ਕੇ ਸਰਸਾ ਨਦੀ ਤੇ ਵਿਛੋੜਾ, ਚਮਕੌਰ ਸਾਹਿਬ ਦੇ ਯੁੱਧ ਦੀ ਦਾਸਤਾਨ ਤੇ ਸਰਹੰਦ ਦੀਆਂ ਨੀਂਹਾਂ ਦਾ ਜ਼ਿਕਰ ਬਹੁਤ ਹੀ ਭਾਵਪੂਰਨ ਢੰਗ ਨਾਲ ਸੰਗਤਾਂ ਸਾਹਮਣੇ ਪੇਸ਼ ਕੀਤਾ। ਜਤਿੰਦਰ ਸਿੰਘ ਦਾ ਢਾਡੀ ਜਥਾ ਹਰ ਵਕਤ ਜਦੋਂ ਵੀ ਬੁਲਾਈਏ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਹਾਜ਼ਰੀ ਲਵਾਉਂਦਾ ਹੈ। 20 ਦਸੰਬਰ ਤੋਂ 29 ਦਸੰਬਰ ਤੱਕ ਸ਼ਹਾਦਤ-ਏ-ਸ਼ਫਰ ਦੀ ਦਾਸਤਾਨ ਸੰਗਤਾਂ ਨੂੰ ਸਰਵਣ ਕਰਵਾਈ ਗਈ। ਸੰਗਤਾਂ ਨੇ ਪਿਆਰ ਸਤਿਕਾਰ ਨਾਲ ਸਾਰਾ ਹਫ਼ਤਾ ਹਾਜ਼ਰੀਆਂ ਭਰੀਆਂ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।