ਵਿਕਟੋਰੀਆ – ਪ੍ਰੀਮੀਅਰ ਡੇਵਿਡ ਈਬੀ ਨੇ ਨਵੇਂ ਸਾਲ ਦੇ ਮੌਕੇ ‘ਤੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ:
“ਅੱਜ ਰਾਤ, ਬ੍ਰਿਟਿਸ਼ ਕੋਲੰਬੀਆ ਅਤੇ ਦੁਨੀਆ ਭਰ ਦੇ ਲੋਕ ਲੰਘੇ ਸਾਲ ਦਾ ਜਸ਼ਨ ਮਨਾਉਣਗੇ ਅਤੇ ਆਉਣ ਵਾਲੇ ਸਾਲ ਦਾ ਸਵਾਗਤ ਕਰਨਗੇ। ਜੇ ਤੁਹਾਡਾ ਪਰਿਵਾਰ ਮੇਰੇ ਪਰਿਵਾਰ ਵਰਗਾ ਹੈ ਅਤੇ ਉਸ ਵਿੱਚ ਛੋਟੇ ਬੱਚੇ (ਜਾਂ ਬਾਲਗ) ਹਨ, ਤਾਂ ਹੋ ਸਕਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਜਸ਼ਨ ਅੱਧੀ ਰਾਤ ਦੀ ਬਜਾਏ, ਸੌਣ ਦੇ ਸਮੇਂ ਦੇ ਨਜ਼ਦੀਕ ਮਨਾਏ ਜਾਣ।
“ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਲਈ, 2024 ਚੁਣੌਤੀਆਂ ਅਤੇ ਅਨਿਸ਼ਚਿਤਤਾ ਦਾ ਸਮਾਂ ਸੀ। ਫਿਰ ਵੀ, ਅਸੀਂ ਵੱਖ-ਵੱਖ ਤਰੀਕਿਆਂ ਨਾਲ ਇੱਕ ਦੂਜੇ ਨੂੰ ਇਕੱਠੇ ਮਿਲਕੇ ਉਤਸ਼ਾਹਤ ਕੀਤਾ, ਜਿਸ ਵਿੱਚ ਸਾਡੇ ਭਾਈਚਾਰਿਆਂ ਵਿੱਚ ਵੌਲੰਟੀਅਰ ਕਰਨਾ, ਜੰਗਲੀ ਅੱਗਾਂ ਦੌਰਾਨ ਬਚਣ ਲਈ ਆਪਣਾ ਘਰ ਛੱਡ ਕੇ ਆਏ ਲੋਕਾਂ ਨੂੰ ਆਪਣੇ ਘਰਾਂ ਵਿੱਚ ਪਨਾਹ ਦੇਣਾ ਅਤੇ ਛੁੱਟੀਆਂ ਵਿੱਚ ਖੁੱਲ੍ਹੇ ਦਿਲ ਨਾਲ ਦਾਨ ਦੇਣਾ ਸ਼ਾਮਲ ਹੈ।
“2024 ਵਿੱਚ ਅਸੀਂ ਉਨ੍ਹਾਂ ਮੁੱਦਿਆਂ ‘ਤੇ ਕੁਝ ਨਤੀਜੇ ਦੇਖਣੇ ਸ਼ੁਰੂ ਕੀਤੇ, ਜਿਨ੍ਹਾਂ ‘ਤੇ ਤੁਸੀਂ ਸਾਡੀ ਸਰਕਾਰ ਨੂੰ ਕੰਮ ਕਰਨ ਲਈ ਕਿਹਾ ਸੀ। ਜਿੱਥੇ ਅਸੀਂ ਕਿਫ਼ਾਇਤੀ ਬਾਲ-ਸੰਭਾਲ ਦਾ ਵਿਸਤਾਰ ਕੀਤਾ, ਵਧੇਰੇ ਲੋਕਾਂ ਨੂੰ ਫੈਮਿਲੀ ਡਾਕਟਰ ਉਪਲਬਧ ਕਰਵਾਉਣ ਵਿੱਚ ਮਦਦ ਕੀਤੀ ਅਤੇ ਮੱਧ ਵਰਗੀ ਪਰਿਵਾਰਾਂ ਲਈ ਵਧੇਰੇ ਘਰ ਪ੍ਰਦਾਨ ਕੀਤੇ, ਮੈਂ ਜਾਣਦਾ ਹਾਂ ਕਿ ਬਹੁਤ ਕੰਮ ਅਜੇ ਕਰਨਾ ਬਾਕੀ ਹੈ।
“ਨਵਾਂ ਸਾਲ ਸਿੱਖੇ ਗਏ ਸਬਕਾਂ ‘ਤੇ ਵਿਚਾਰ ਕਰਨ ਅਤੇ ਭਵਿੱਖ ਲਈ ਟੀਚੇ ਨਿਰਧਾਰਤ ਕਰਨ ਦਾ ਸਮਾਂ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਸਾਡੀ ਸਰਕਾਰ ਉਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਸਖਤ ਮਿਹਨਤ ਕਰੇ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਜਿਨ੍ਹਾਂ ਬਾਰੇ ਤੁਸੀਂ ਅਕਸਰ ਇੱਕ-ਦੂਜੇ ਨਾਲ ਗੱਲ ਕਰਦੇ ਹੋ। ਸਾਡਾ ਟੀਚਾ ਉਹਨਾਂ ਮੁੱਦਿਆਂ ‘ਤੇ 2025 ਅਤੇ ਇਸ ਤੋਂ ਬਾਅਦ ਵੀ ਧਿਆਨ ਕੇਂਦਰਿਤ ਕਰਨ ਦਾ ਹੈ।
“ਵਿਸ਼ਵ-ਵਿਆਪੀ ਮਹਿੰਗਾਈ ਕਾਰਨ ਰੋਜ਼ਾਨਾ ਦੇ ਖ਼ਰਚਿਆਂ ਨਾਲ ਜੂਝ ਰਹੇ ਪਰਿਵਾਰਾਂ ਲਈ ਅਸੀਂ 2025 ਅਤੇ ਉਸ ਤੋਂ ਬਾਅਦ ਵੀ ਹਰ ਸਾਲ ਮੱਧ-ਆਮਦਨ ਟੈਕਸ ‘ਚ ਕਟੌਤੀ ਕਰਨ ਜਾ ਰਹੇ ਹਾਂ। ਅਸੀਂ ਇਹ ਯਕੀਨੀ ਬਣਾਉਣ ਲਈ ਸਿਹਤ ਅਥੌਰਿਟੀਆਂ ਦਾ ਵੀ ਮੁਲਾਂਕਣ ਕਰਾਂਗੇ ਕਿ ਤੁਹਾਡੇ ਟੈਕਸ ਡਾਲਰ ਤੁਹਾਡੇ ਭਾਈਚਾਰੇ ਵਿੱਚ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ‘ਤੇ ਕੁਸ਼ਲਤਾ ਨਾਲ ਖ਼ਰਚ ਕੀਤੇ ਜਾ ਰਹੇ ਹਨ। ਅਸੀਂ ਆਪਣੀ ‘ਹੈਲਥ ਕਨੈਕਟ ਰਜਿਸਟਰੀ’ (Health Connect Registry) ਰਾਹੀਂ ਲੋਕਾਂ ਨੂੰ ਫੈਮਿਲੀ ਡਾਕਟਰਾਂ ਨਾਲ ਜੋੜਨਾ ਜਾਰੀ ਰੱਖਾਂਗੇ ਤਾਂ ਜੋ ਹਰ ਕਿਸੇ ਲਈ ਲੋੜ ਮੁਤਾਬਕ ਉੱਚ ਗੁਣਵੱਤਾ ਵਾਲੀ ਸੰਭਾਲ ਉਪਲਬਧ ਹੋਵੇ, ਜਦੋਂ ਅਤੇ ਜਿੱਥੇ ਉਨ੍ਹਾਂ ਨੂੰ ਇਸਦੀ ਲੋੜ ਹੈ।
“ਉਹ ਨੌਜਵਾਨ ਜੋ ਉੱਚ ਕੀਮਤਾਂ ਕਾਰਨ ਆਪਣੇ ਭਾਈਚਾਰਿਆਂ ਵਿੱਚ ਘਰ ਲੈਣ ਦੇ ਸਮਰੱਥ ਨਹੀਂ ਹਨ, ਅਸੀਂ ਸੱਟੇਬਾਜ਼ੀ ‘ਤੇ ਨਕੇਲ ਕੱਸ ਕੇ, ਘਰਾਂ ਦੀ ਉਸਾਰੀ ਦੀਆਂ ਰੁਕਾਵਟਾਂ ਨੂੰ ਖਤਮ ਕਰ ਕੇ ਅਤੇ ਅਜਿਹੇ ਘਰਾਂ ਦਾ ਨਿਰਮਾਣ ਕਰਕੇ ਜੋ ਤੁਹਾਡੀ ਪਹੁੰਚ ਵਿੱਚ ਹੋਣ, ਤੁਹਾਡਾ ਪਹਿਲਾ ਘਰ ਖਰੀਦਣ ਵਿੱਚ ਤੁਹਾਡੀ ਮਦਦ ਕਰਾਂਗੇ।
“ਕਾਮਿਆਂ ਅਤੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਲਈ, ਅਸੀਂ ਅਜਿਹੀ ਹੋਰ ਮਜ਼ਬੂਤ, ਅਤੇ ਵਾਤਾਵਰਨ ਪੱਖੋਂ ਸਾਫ਼ ਆਰਥਿਕਤਾ ਦਾ ਨਿਰਮਾਣ ਕਰਾਂਗੇ ਜੋ ਹਰ ਕਿਸੇ ਨੂੰ ਲਾਭ ਪਹੁੰਚਾ ਸਕੇ। ਜਦ ਅਸੀਂ ਆਪਣੀ ਆਰਥਿਕਤਾ ਵਿੱਚ ਵਿਭਿੰਨਤਾ ਲਿਆ ਰਹੇ ਹਾਂ, ਅਸੀਂ ਅਣਉਚਿਤ ਵਪਾਰਕ ਖਤਰਿਆਂ ਵਿਰੁੱਧ ਲੜਨ ਲਈ ਆਪਣੇ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਅਤੇ ਅਸੀਂ ਆਉਣ ਵਾਲੇ ਸਾਲਾਂ ਵਿੱਚ ਨਿਸ਼ਚਤਤਾ ਨੂੰ ਯਕੀਨੀ ਬਣਾਉਣ ਲਈ ਪਰਮਿਟ ਦੇਣ ਦੀ ਪ੍ਰਕਿਰਿਆ ਦੇ ਸਮੇਂ ਨੂੰ ਘਟਾਉਣ ਲਈ ਕੰਮ ਕਰਾਂਗੇ।
“ਸੱਚੇ ਅਤੇ ਸਥਾਈ ਮੇਲ-ਮਿਲਾਪ ਦੀ ਦਿਸ਼ਾ ਵੱਲ ਵੱਧਦਿਆਂ, ਅਸੀਂ ਇਹ ਸਾਰਾ ਕੰਮ ਇੰਡੀਜਨਸ (ਮੂਲ ਨਿਵਾਸੀ) ਲੋਕਾਂ ਨਾਲ ਸਾਂਝੇਦਾਰੀ ਵਿੱਚ ਕਰਾਂਗੇ।
“ਸਾਡੇ ਸਾਹਮਣੇ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ, ਤੁਹਾਡੇ ਯਾਨੀ ਬੀ.ਸੀ. ਦੇ ਮਿਹਨਤੀ ਲੋਕਾਂ ਸਦਕਾ ਮੈਂ ਸਾਡੇ ਭਵਿੱਖ ਬਾਰੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਵੰਦ ਹਾਂ। ਇਕੱਠੇ ਮਿਲ ਕੇ ਅਸੀਂ ਇੱਕ ਟਿਕਾਊ, ਖੁਸ਼ਹਾਲ ਸੂਬਾ ਬਣਾ ਸਕਦੇ ਹਾਂ ਜਿੱਥੇ ਹਰ ਕੋਈ ਅੱਗੇ ਵਧ ਸਕੇ ਅਤੇ ਕੋਈ ਵੀ ਨਜ਼ਰਅੰਦਾਜ਼ ਨਾ ਹੋਵੇ।
“ਅੱਜ ਰਾਤ, ਮੈਂ ਅਤੇ ਮੇਰਾ ਪਰਿਵਾਰ 2025 ਲਈ ਸਾਡੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਸਾਂਝਾ ਕਰਾਂਗੇ ਅਤੇ ਨਵੇਂ ਸਾਲ ਦੀ ਉਡੀਕ ਕਰਾਂਗੇ। ਬੇਬੀ ਗਵੈਨ ਅਜੇ ਪੂਰੀ ਤਰ੍ਹਾਂ ਨਹੀਂ ਬੋਲ ਸਕਦੀ, ਪਰ ਮੈਨੂੰ ਹੁਣੇ ਤੋਂ ਲੱਗ ਰਿਹਾ ਹੈ ਕਿ ਉਹ ਅਗਲੇ ਸਾਲ ਤੁਰਨਾ ਸ਼ੁਰੂ ਕਰਨ ਲਈ ਉਤਸ਼ਾਹਤ ਹੈ। ਇਸੇ ਤਰ੍ਹਾਂ, ਕਦਮ-ਦਰ-ਕਦਮ – ਅਤੇ ਇੱਕ ਦੂਜੇ ਦੇ ਸਹਿਯੋਗ ਨਾਲ – ਅਸੀਂ ਉਨ੍ਹਾਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਾਂਗੇ ਜਿਨ੍ਹਾਂ ਦਾ ਅਸੀਂ ਸਾਰੇ ਸਾਹਮਣਾ ਕਰ ਰਹੇ ਹਾਂ ਅਤੇ ਇੱਕ ਅਜਿਹੇ ਸੂਬੇ ਦਾ ਨਿਰਮਾਣ ਕਰਾਂਗੇ ਜਿਸ ‘ਤੇ ਅਸੀਂ ਸਾਰੇ ਮਾਣ ਕਰ ਸਕੀਏ।
“ਮੇਰੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ, ਨਵਾਂ ਸਾਲ ਮੁਬਾਰਕ!”