ਅੰਮ੍ਰਿਤਸਰ, 1 ਜਨਵਰੀ ( ਦੇ ਪ੍ਰ ਬਿ)-31 ਦਸੰਬਰ ਦੀ ਰਾਤ ਤੇ ਪਹਿਲੀ ਜਨਵਰੀ ਨੂੰ ਵਿਸ਼ਵ ਭਰ ਵਿਚ ਲੋਕਾਂ ਨੇ ਸਾਲ 2025 ਨੂੰ ਖੁਸ਼ਆਮਦੀਦ ਕਹਿੰਦਿਆਂ ਭਾਰੀ ਜ਼ਸ਼ਨ ਮਨਾਏ। ਨਵੇਂ ਸਾਲ ਦੀ ਸਵੇਰ ਨੂੰ ਧਾਰਮਿਕ ਸਥਾਨਾਂ ਉਪਰ ਵੀ ਸ਼ਰਧਾਲੂਆਂ ਨੇ ਨਤਮਸਤਕ ਹੁੰਦਿਆਂ ਪ੍ਰਮਾਤਮਾ ਨੂੰ ਨਵੇਂ ਸ਼ਾਲ ਦੀ ਸ਼ੁਰੂਆਤ ਲਈ ਅਸ਼ੀਰਵਾਦ ਲਿਆ। ਸਿਡਨੀ ਤੋਂ ਨਵੀ ਦਿੱਲੀ, ਨੈਰੋਬੀ ਦੱਖਣੀ ਅਫਰੀਕਾ, ਯੂਰਪ ਤੇ ਉਤਰੀ ਅਮਰੀਕਾ ਦੇ ਸ਼ਹਿਰਾਂ ਤੱਕ ਕੁਲ ਆਲਮ ਦੇ ਭਾਈਚਾਰਿਆਂ ਨੇ ਆਤਿਸ਼ਬਾਜ਼ੀ ਤੇ ਬੜੇ ਚਾਵਾਂ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ।
ਨਵੇਂ ਸਾਲ ਦੇ ਪਹਿਲੇ ਦਿਨ ਵੱਡੀ ਗਿਣਤੀ ਸ਼ਰਧਾਲੂ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਸ਼ਰਧਾਲੂਆਂ ਨੇ ਘੰਟਿਆਂਬੱਧੀ ਕਤਾਰਾਂ ਵਿਚ ਖੜ੍ਹ ਕੇ ਮੱਥਾ ਟੇਕਿਆ ਤੇ ਨਵੇਂ ਸਾਲ ਵਿਚ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।ਦਰਬਾਰ ਸਾਹਿਬ ਕੰਪਲੈਕਸ ਵਿਖੇ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਹੀ ਅਣਗਿਣਤ ਸ਼ਰਧਾਲੂ ਪੁੱਜੇ ਹੋਏ ਸਨ ।ਇਸ ਮੌਕੇ ਸ਼ਹਿਰ ਭਰ ਵਿਚ ਪੁਲੀਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਨਵੇ ਸ਼ਾਲ ਮੌਕੇ ਬੀਸੀ ਵਾਸੀਆਂ ਨੂੰ ਵਧਾਈ ਦਿੰਦਿਆਂ ਖੁਸ਼ਹਾਲ ਤੇ ਸੁਖਦਾਈ ਭਵਿੱਖ ਦੀ ਕਾਮਨਾ ਕੀਤੀ।
ਵੈਨਕੂਵਰ-ਨਵੇਂ ਸਾਲ ਦੀ ਆਮਦ ਤੇ ਵੈਨਕੂਵਰ ,ਸਰੀ ਤੇ ਐਬਸਫੋਰਡ ਦੇ ਗੁਰੂ ਘਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਰੌਣਕ ਰਹੀ। ਵੱਡੀ ਗਿਣਤੀ ਵਿਚ ਲੋਕਾਂ ਨੇ ਗੁਰੂ ਘਰਾਂ ਵਿਚ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਅਸ਼ੀਰਵਾਦ ਲਿਆ। ਗੁਰੂ ਘਰਾਂ ਵਿਚ ਪਾਠਾਂ ਦੇ ਭੋਗ ਪਾਏ ਗਏ, ਕੀਰਤਨੀ ਜਥਿਆਂ ਤੇ ਢਾਡੀ ਜਥਿਆਂ ਨੇ ਗੁਰੂ ਜਸ ਗਾਇਨ ਕੀਤਾ ਤੇ ਸਾਰਾ ਦਿਨ ਦੀਵਾਨ ਸਜਾਏ ਗਏ। ਗੁਰੂ ਕੇ ਲੰਗਰ ਅਤੁੱਟ ਵਰਤੇ ਤੇ ਸੰਗਤਾਂ ਨੇ ਵੱਖ ਵੱਖ ਪਕਵਾਨਾਂ ਦੇ ਆਨੰਦ ਮਾਣੇ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਵੇ ਸਾਲ ਦੀ ਆਮਦ ਤੇ ਭਾਰੀ ਦੀਵਾਨ ਸਜਾਏ ਗਏ,ਜਿਸ ਵਿਚ ਰਾਗੀ ਤੇ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ, ਅਤੇ ਢਾਡੀ ਵਾਰਾਂ ਇਤਿਹਾਸ ਦੁਆਰਾ ਨਿਹਾਲ ਕੀਤਾ।ਇਸ ਮੌਕੇ ਬੇਅੰਤ ਸੰਗਤਾਂ ਨੇ ਹਾਜਰੀਆਂ ਭਰੀਆਂ ਅਤੇ ਗੁਰੂ ਪਾਤਸ਼ਾਹ ਅੱਗੇ ਜਗਤ ਜਲੰਦੇ ਦੇ ਭਲੇ ਵਾਸਤੇ ਅਰਦਾਸ ਬੇਨਤੀ ਕੀਤੀ।
ਨਵੇਂ ਸਾਲ ਦੀ ਆਮਦ ਤੇ ਖਾਲਸਦਾ ਦੀਵਾਨ ਸੁਸਾਇਟੀ ਐਬਸਫੋਰਡ, ਕਲਗੀਧਰ ਦਰਬਾਰ ਐਬਸਫੋਰਡ ਤੇ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਨਵੇਂ ਸਾਲ ਦੀ ਆਮਦ ਤੇ ਕੀਤੇ ਗਏ ਸਮਾਗਮਾਂ ਦੇ ਦ੍ਰਿਸ਼।