Headlines

ਐਟਲਾਂਟਿਕ ਲਿਬਰਲ ਕਾਕਸ ਵਲੋਂ ਪ੍ਰਧਾਨ ਮੰਤਰੀ ਟਰੂਡੋ ਤੇ ਅਸਤੀਫੇ ਲਈ ਭਾਰੀ ਦਬਾਅ

ਅੰਤਰਿਮ ਲੀਡਰ ਚੁਣਨ ਲਈ ਸਮੁੱਚੀ ਲਿਬਰਲ ਕਾਕਸ ਦੀ ਮੀਟਿੰਗ ਸੱਦਣ ਦੀ ਮੰਗ- ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਜਨਤਕ ਕੀਤਾ-

ਓਟਵਾ ( ਸੇਖਾ)-ਅਟਲਾਂਟਿਕ ਲਿਬਰਲ ਕਾਕਸ ਦੇ ਐਮ ਪੀਜ਼ ਨੇ ਜਸਟਿਨ ਟਰੂਡੋ ਨੂੰ ਭੇਜੇ ਇੱਕ ਪੱਤਰ ਨੂੰ ਜਨਤਕ ਕਰਦਿਆਂ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ  ਅਸਤੀਫਾ ਦੇਣ ਲਈ ਦਬਾਅ ਵਧਾ ਦਿੱਤਾ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ  ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਜਗ੍ਹਾ ਇੱਕ ਅੰਤਰਿਮ ਲੀਡਰ ਦੀ ਚੋਣ ਲਈ  ਜਨਵਰੀ ਵਿੱਚ ਸਮੁੱਚੀ ਲਿਬਰਲ ਕਾਕਸ ਦੀ ਮੀਟਿੰਗ ਸੱਦੀ ਜਾਵੇ।
ਨਿਊ ਬਰੰਸਵਿਕ ਤੋਂ ਲਿਬਰਲ ਐਮ ਪੀ ਵੇਨ ਲੌਂਗ ਨੇ ਸੋਸ਼ਲ ਮੀਡੀਆ ਉਪਰ ਜਨਤਕ ਕੀਤੇ ਇਸ ਪੱਤਰ ਨਾਲ ਪ੍ਰਧਾਨ ਮੰਤਰੀ ਉਪਰ ਅਸਤੀਫਾ ਦੇਣ ਲਈ ਮੁੜ ਦਬਾਅ ਬਣਾਇਆ ਗਿਆ ਹੈ। ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਅਟਲਾਂਟਿਕ ਸੰਸਦ ਮੈਂਬਰਾਂ ਦੁਆਰਾ ਭੇਜੇ ਗਏ ਇਸ ਪੱਤਰ ਕਿਹਾ ਗਿਆ ਹੈ ਕਿ ਹਾਊਸ ਆਫ ਕਾਮਨਜ਼ ਦੇ ਜਨਵਰੀ ਦੇ ਅਖੀਰ ਵਿਚ ਸ਼ੁਰੂ ਹੋ ਰਹੇ ਇਜਲਾਸ ਦੌਰਾਨ ਵਿਰੋਧੀ ਪਾਰਟੀਆਂ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਲਿਆ ਰਹੀਆਂ ਹਨ। ਇਸਤੋਂ ਪਹਿਲਾ  ਮਿਸਟਰ ਟਰੂਡੋ ਨੂੰ ਲਿਬਰਲ ਲੀਡਰ ਵਜੋਂ ਤੁਰੰਤ ਅਹੁਦਾ ਛੱਡਣਾ ਚਾਹੀਦਾ ਹੈ ਤਾਂ ਜੋ ਪਾਰਟੀ ਉਨ੍ਹਾਂ ਦੀ ਥਾਂ ਨਵਾਂ ਅੰਤਰਿਮ ਲੀਡਰ ਚੁਣ  ਸਕੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿੱਧੇ  ਸ਼ਬਦਾਂ ਵਿੱਚ, ਸਮਾਂ ਇਹ ਮੰਗ ਕਰਦਾ ਹੈ ਕਿ ਅਤੇ ਕਾਕਸ ਦਾ ਵੀ  ਇਹ ਵਿਚਾਰ ਹੈ ਕਿ ਤੁਹਾਡੇ ਲਈ ਨੇਤਾ ਦੇ ਰੂਪ ਵਿੱਚ ਬਣੇ ਰਹਿਣਾ ਠੀਕ ਨਹੀਂ ਹੈ। .
ਅਟਲਾਂਟਿਕ ਲਿਬਰਲ ਕਾਕਸ ਦੀ ਚੇਅਰ ਕੋਡੀ ਬਲੋਇਸ ਨੇ ਕਿਹਾ ਕਿ ਕ੍ਰਿਸਮਸ ਤੋਂ ਪਹਿਲਾਂ ਇਕ ਮੀਟਿੰਗ ਦੌਰਾਨ ਉਨ੍ਹਾਂ ਦੇ ਸਹਿਯੋਗੀਆਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਲਈ ਕਿਹਾ। ਉਹਨਾਂ ਖੁਦ ਵੀ  ਮਿਸਟਰ ਟਰੂਡੋ ਨੂੰ ਦੱਸਿਆ ਕਿ ਕਾਕਸ ਦੀ ਮੀਟਿੰਗ “ਤੁਹਾਡੇ ਵੱਲੋਂ ਲਿਬਰਲ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦੀ ਲੋੜ ‘ਤੇ ਕੇਂਦਰਿਤ ਸੀ” ਤਾਂ ਜੋ ਤੁਹਾਡੀ ਜਗ੍ਹਾ ਕਿਸੇ ਹੋਰ ਅੰਤਰਿਮ ਆਗੂ  ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।
ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਾਕਸ “ਕੈਨੇਡਾ ਅਤੇ ਸਾਡੀ ਪਾਰਟੀ ਲਈ ਤੁਹਾਡੀਆਂ ਸੇਵਾਵਾਂ ਲਈ ਤੁਹਾਡਾ ਰਿਣੀ ਹੈ। ਸਾਨੂੰ ਭਰੋਸਾ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰ ਕਰੋਗੇ ਤੇ ਪਾਰਟੀ ਦੀ ਅਮੀਰ ਵਿਰਾਸਤ ਨੂੰ ਬਣਾਈ ਰੱਖੋਗੇ।
ਲਿਬਰਲ ਸੰਸਦ ਮੈਂਬਰਾਂ ਦੀ ਵੱਡੀ ਗਿਣਤੀ ਮਿਸਟਰ ਟਰੂਡੋ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਲਈ ਸੰਸਦ ਦੀ ਬੈਠਕ ਉਠਣ ਤੋਂ  ਪਹਿਲਾਂ ਅਹੁਦਾ ਛੱਡਣ ਲਈ ਕਹਿ ਰਹੀ ਸੀ। ਉਨ੍ਹਾਂ ਤੋਂ ਅਸਤੀਫੇ ਦੀ ਮੰਗ ਨੇ ਉਸ ਸਮੇਂ ਹੋਰ ਜ਼ੋਰ ਫੜ ਲਿਆ ਜਦੋਂ   ਤਤਕਾਲੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਆਰਥਿਕ ਸਟੇਟਮੈਂਟ ਪੇਸ਼ ਕਰਨ ਤੋਂ ਕੁਝ ਘੰਟੇ ਪਹਿਲਾਂ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।
ਮਿਸਟਰ ਟਰੂਡੋ ਨੇ ਵਿੱਤ ਮੰਤਰੀ ਫਰੀਲੈਂਡ ਨੂੰ ਕਿਹਾ ਸੀ ਕਿ ਉਹ ਉਹਨਾਂ ਦੀ ਥਾਂ ਨਵਾਂ ਵਿਤ ਮੰਤਰੀ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਲਗਾਉਣ ਦੀ ਵਿਚਾਰ ਕਰ ਰਹੇ ਹਨ। ਭਾਵੇਂਕਿ ਮਿਸਟਰ ਕਾਰਨੀ ਨੇ ਇਹ ਅਹੁਦਾ ਸਵੀਕਾਰ ਨਹੀ ਕੀਤਾ ਪਰ ਵਿਤ ਮੰਤਰੀ ਫਰੀਲੈਂਡ ਨੇ ਅਸਤੀਫਾ ਦੇਕੇ ਪ੍ਰਧਾਨ ਮੰਤਰੀ ਨੂੰ ਵੱਡੀ ਮੁਸੀਬਤ ਵਿਚ ਪਾ ਦਿੱਤਾ।
ਇਸੇ ਦੌਰਾਨ ਕੰਜਸਰਵੇਟਿਵ ਐਮ ਪੀ ਜੌਨ ਵਿਲੀਅਮਸਨ ਜੋ ਪਬਲਿਕ ਅਕਾਉਂਟਸ ਕਮੇਟੀ ਦੇ ਚੇਅਰਮੈਨ ਹਨ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ  ਲਿਬਰਲ ਸਰਕਾਰ ਖਿਲਾਫ ਮੁੜ ਬੇਭਰੋਸੀ ਦਾ ਮਤਾ ਲੈ ਕੇ ਆਵੇਗੀ।
ਕੰਸਰਵੇਟਿਵ ਦੀ ਇਸ ਪੈਂਤੜੇਬਾਜ਼ੀ ਨੇ ਮਿਸਟਰ ਟਰੂਡੋ ਅਤੇ ਉਨ੍ਹਾਂ ਦੀ ਸਰਕਾਰ ‘ਤੇ ਦਬਾਅ ਹੋਰ ਵਧਾ ਦਿੱਤਾ ਹੈ। ਉਹਨਾਂ ਦਾ ਭਾਈਵਾਲ ਐਨ ਡੀ ਪੀ ਪਹਿਲਾਂ ਹੀ ਸਰਕਾਰ ਤੋ ਸਮਰਥਨ ਵਾਪਿਸ ਲੈਂਦਿਆਂ ਸੰਸਦ ਵਿਚ ਬੇਭਰੋਸੀ ਮਤਾ ਲਿਆਉਣ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *