ਨਿਊ ਓਰਲੀਨਜ਼-ਅਮਰੀਕੀ ਫ਼ੌਜ ਦੇ ਇਕ ਸਾਬਕਾ ਫੌਜੀ ਨੇ ਆਪਣੇ ਟਰੱਕ ਉਤੇ ਆਈ ਐਸ ਆਈ ਐਸ ਦਾ ਝੰਡਾ ਲਹਿਰਾਉਂਦੇ ਹੋਏ ਨਵੇਂ ਸਾਲ ਦੇ ਦਿਨ ਨਿਊ ਓਰਲੀਨਜ਼ ਦੇ ਭੀੜ-ਭੜੱਕੇ ਵਾਲੇ ਫਰੈਂਚ ਕੁਆਰਟਰ ਵਿੱਚ ਲੋਕਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਇਸ ਕਾਰਨ ਇਸ ਹਮਲੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ। ਇਸ ਮਾਮਲੇ ਦੀ ਮੁਢਲੀ ਜਾਂਚ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਦੂਜਿਆਂ ਦੀ ਮਦਦ ਨਾਲ ਕੀਤਾ ਗਿਆ ਹੋ ਸਕਦਾ ਹੈ।
ਘਟਨਾ ਤੋਂ ਬਾਅਦ ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਮਾਰੇ ਗਏ ਸ਼ੱਕੀ ਦੀ ਪਛਾਣ ਸ਼ਮਸੂਦ-ਦੀਨ ਜੱਬਾਰ (42) ਵਜੋਂ ਹੋਈ ਹੈ, ਜੋ ਟੈਕਸਸ ਦਾ ਇੱਕ ਅਮਰੀਕੀ ਨਾਗਰਿਕ ਸੀ ਅਤੇ ਕਿਸੇ ਸਮੇਂ ਅਫਗਾਨਿਸਤਾਨ ਵਿੱਚ ਸੇਵਾ ਕਰਦਾ ਸੀ। ਹਮਲੇ ’ਚ ਸ਼ੱਕੀ ਦੀ ਗੋਲੀ ਨਾਲ ਜ਼ਖਮੀ ਹੋਏ ਦੋ ਪੁਲੀਸ ਅਧਿਕਾਰੀਆਂ ਸਮੇਤ ਕਰੀਬ 30 ਵਿਅਕਤੀ ਜ਼ਖਮੀ ਹੋ ਗਏ।