ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਅਤੇ ਭਾਈ ਬਹਿਲੋ ਦੀ ਅੰਸ਼ ਨੇ ਭਰੀਆਂ ਹਾਜ਼ਰੀਆਂ-
ਸਿੰਗਾਪੁਰ ( ਰੰਧਾਵਾ)-ਸਿੰਗਾਪੁਰ ਵਿਖੇ ਨਾਮਰਸ ਕਮੇਟੀ ਅਤੇ ਸੰਗਤਾਂ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ, ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਮਾਤਾ ਗੁਜਰ ਕੌਰ ਜੀ ਦੇ 400 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ 26 ਤੋਂ 29 ਦਸੰਬਰ ਤਕ ਨਾਮਰਸ ਕੀਰਤਨ ਸਮਾਗਮ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ । ਇਸ ਇੰਟਰਨੈਸ਼ਨਲ ਸਮਾਗਮ ਵਿੱਚ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀਆਂ ਭਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪਾਲਕੀ ‘ਚ ਸਜਾਉਣ, ਚੌਰ ਸਾਹਿਬ ਕਰਨ, ਮਹਾਨ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇਣ ਅਤੇ ਗਿ: ਬਿਕਰ ਸਿੰਘ ਤੇ ਗਿ: ਜਗਸੀਰ ਸਿੰਘ ਸਮੇਤ ਅਰਦਾਸਾਂ ਕਰਨ ਦੀਆਂ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਗਈਆਂ । ਪ੍ਰੋ: ਬਾਬਾ ਰੰਧਾਵਾ ਨੂੰ ਭਾਈ ਨਰੈਣ ਸਿੰਘ ਵਲੋਂ ਸਨਮਾਨ ਵਜੋਂ ਤੀਰ ਵੀ ਭੇਟ ਕੀਤਾ ਗਿਆ । ਪੰਜਵੇਂ ਪਾਤਸ਼ਾਹ ਜੀ ਦੇ ਅਨਿਨ ਸੇਵਕ ਭਾਈ ਬਹਿਲੋ ਜੀ ਦੀ ਅੰਸ਼ ਬੰਸ਼ ਭਾਈ ਉਪਿੰਦਰ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੁਰਲੱਭ ਨਿਸ਼ਾਨੀਆਂ ਚੋਲਾ, ਪਜਾਮਾ, ਰੁਮਾਲ, ਬਾਜ ਦੀ ਡੋਰ, ਕਲਮ ਅਤੇ ਮੋਹਰ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ।ਸਮਾਗਮ ‘ਚ ਸਿੰਗਾਪੁਰ ਸਰਕਾਰ ਦੇ ਦੋ ਸੀਨੀਅਰ ਕੈਬਨਿਟ ਮਨਿਸਟਰਾਂ ਸ੍ਰੀ ਕੇ ਸਾਂਨਮੁਗਨ, ਸ੍ਰੀ ਜਾਕੀ ਮੁਹੰਮਦ ਅਤੇ ਸਿੰਗਾਪੁਰ ਦੇ ਸਾਬਕਾ ਐਮਪੀ ਸ੍ਰ: ਇੰਦਰਜੀਤ ਸਿੰਘ, ਸਿੱਖ ਐਡਵਾਇਜਰੀ ਬੋਰਡ ਦੇ ਚੈਅਰਮੈਨ ਮਲਵਿੰਦਰਜੀਤ ਸਿੰਘ ਅਤੇ ਸਿੰਗਾਪੁਰ ‘ਚ ਸਥਿੱਤ ਇੰਡੀਆ ਹਾਈ ਕਮਿਸ਼ਨ ਦੇ ਪਾਸਪੋਰਟ ਅਫਸਰ ਸ੍ਰੀ ਕ੍ਰਿਸ਼ਨਾ ਅਤੇ ਵੀਜ਼ਾ ਅਫਸਰ ਸ੍ਰੀ ਸੰਦੀਪ ਸਾਜਵਾਨ ਵਲੋਂ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਗਈਆਂ । ਭਾਈ ਸਤਵਿੰਦਰ ਸਿੰਘ-ਭਾਈ ਹਰਵਿੰਦਰ ਸਿੰਘ ਦਿੱਲੀ ਵਾਲੇ, ਭਾਈ ਤਵਨੀਤ ਸਿੰਘ ਚੰਡੀਗੜ੍ਹ ਵਾਲੇ ਅਤੇ ਭਾਈ ਜਗਜੀਤ ਸਿੰਘ ਬੰਬੀਹਾ ਰਾਗੀ ਜਥਿਆਂ ਵਲੋਂ ਚਾਰੇ ਦਿਨ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਪੰਜਾਬ ਤੋਂ ਆਏ ਦਲੇਰ ਖਾਲਸਾ ਗੱਤਕਾ ਗਰੁੱਪ ਦੇ ਗਤਕੇਬਾਜਾਂ ਵਲੋਂ ਜਥੇ: ਨਾਨਕ ਸਿੰਘ ਦੀ ਅਗਵਾਈ ਵਿੱਚ ਚਾਰੇ ਦਿਨ ਗੱਤਕੇ ਦੇ ਜੌਹਰ ਦਿਖਾਏ ਜਾਂਦੇ ਰਹੇ । ਯੂਕੇ ਤੋਂ ਆਏ ਭਾਈ ਪ੍ਰਿਥੀਪਾਲ ਸਿੰਘ ਖਾਲਸਾ ਵਲੋਂ ਤੀਰਅੰਦਾਜ਼ੀ ਦਾ ਕੈਂਪ ਲਾਕੇ ਸੰਗਤਾਂ ਨੂੰ ਤੀਰਅੰਦਾਜੀ ਸਿਖਾਈ ਗਈ । ਸਿੰਗਾਪੁਰ ‘ਚ ਵਰਕ ਕਰਦੇ ਪੰਜਾਬੀਆਂ ਵਲੋਂ ਸੰਗਤਾਂ ਨੂੰ ਦੁਮਾਲੇ ਅਤੇ ਦਸਤਾਰਾਂ ਸਜਾਉਣ ਦੀਆਂ ਸੇਵਾਵਾਂ ਨਿਭਾਈਆਂ ਗਈਆਂ ।ਸਿੱਖ ਆਗੂਆਂ ਵਲੋਂ ‘ਸਿੱਖ ‘ਇੰਟਰਫੇਥ ਤਜਰਬਾ’ ਨਾਮ ਹੇਠ ਗੈਰ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ । ਸਮਾਗਮ ‘ਚ ਵੱਖ ਵੱਖ ਕਲਾਕਾਰਾਂ ਵੱਲੋਂ ਖੂਬਸੂਰਤ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ । ਦਿਨ ਚਾਰੇ ਦਿਨ ਗੁਰੂ ਕੇ ਲੰਗਰ ਅਟੁੱਟ ਵਰਤਦੇ ਰਹੇ । ਅੰਮ੍ਰਿਤ ਸੰਚਾਰ ‘ਚ ਬੇਅੰਤ ਸੰਗਤਾਂ ਨੇ ਅੰਮ੍ਰਿਤ ਛਕਿਆ । ਇਸ ਵਾਰ ਸਮਾਗਮ ‘ਚ ਸਿੰਗਾਪੁਰ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਇੰਡੀਆ, ਇੰਡੋਨੇਸ਼ੀਆ, ਜਾਪਾਨ, ਬਰਮਾ ਅਤੇ ਹਾਂਗਕਾਂਗ ਤੋਂ ਲਗਭਗ ਚਾਲੀ-ਪੰਜਾਹ ਹਜ਼ਾਰ ਸੰਗਤਾਂ ਨੇ ਹਾਜ਼ਰੀਆਂ ਭਰੀਆਂ ।