ਜਲੰਧਰ (ਦੇ ਪ੍ਰ ਬਿ )- ਇੱਥੇ ਇਕ ਨੌਜਵਾਨ ਨੇ ਗੋਲੀਆਂ ਮਾਰ ਕੇ ਆਪਣੇ ਦੋ ਦੋਸਤਾਂ ਦਾ ਕਤਲ ਕਰ ਦਿੱਤਾ। ਇਹ ਤਿੰਨੋਂ ਦੋਸਤ ਲੰਮਾ ਪਿੰੰਡ ਚੌਕ ਨੇੜੇ ਸਥਿਤ ਸ਼ਹੀਦ ਊਧਮ ਸਿੰਘ ਨਗਰ ਵਿੱਚ ਆਪਣੇ ਚੌਥੇ ਸਾਥੀ ਹਰਜਿੰਦਰ ਸਿੰਘ ਉਰਫ਼ ਮਨੀ ਦੇ ਘਰ ਠਹਿਰੇ ਹੋਏ ਸਨ। ਰਾਤ ਕਰੀਬ 2.30 ਵਜੇ ਤਿੰਨਾਂ ਵਿਚਾਲੇ ਝਗੜਾ ਹੋਇਆ ਅਤੇ ਸਵੇਰੇ ਕਰੀਬ 4 ਵਜੇ ਮੁਲਜ਼ਮ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਦਿੱਤੀ। ਇਸ ਦੇ ਨਾਲ ਹੀ ਉਹ ਮਕਾਨ ਮਾਲਕ ਹਰਜਿੰਦਰ ਸਿੰਘ ਉਰਫ਼ ਮਨੀ ਨੂੰ ਧਮਕਾ ਕੇ ਉੱਥੋਂ ਭੱਜ ਗਿਆ। ਮਰਨ ਵਾਲੇ ਦੋਵੇਂ ਨੌਜਵਾਨ ਘਟਨਾ ਸਮੇਂ ਸੁੱਤੇ ਪਏ ਸਨ। ਘਟਨਾ ਤੋਂ ਬਾਅਦ ਹਰਜਿੰਦਰ ਸਿੰਘ ਉਰਫ਼ ਮਨੀ ਦੋਹਾਂ ਜ਼ਖ਼ਮੀਆਂ ਨੂੰ ਹਸਪਤਾਲ ਲੈ ਗਿਆ। ਉਪਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਅਨੁਸਾਰ ਮਰਨ ਵਾਲਿਆਂ ਵਿੱਚ ਸ਼ਿਵਮ (24) ਵਾਸੀ ਮੋਤਾ ਸਿੰਘ ਨਗਰ ਅਤੇ ਵਿਨੈ ਤਿਵਾੜੀ (22) ਵਾਸੀ ਬਸਤੀ ਸ਼ੇਖ ਸ਼ਾਮਲ ਹਨ। ਦੋਹਾਂ ਨੌਜਵਾਨਾਂ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਮਿੱਠਾਪੁਰ ਦਾ ਰਹਿਣ ਵਾਲਾ ਮੰਨਾ ਹੈ। ਉਸ ਨੇ ਸ਼ਿਵਮ ਨੂੰ ਚਾਰ ਗੋਲੀਆਂ ਅਤੇ ਵਿਨੈ ਨੂੰ ਪੰਜ ਗੋਲੀਆਂ ਮਾਰੀਆਂ। ਪੁਲੀਸ ਨੇ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਕੁਝ ਖੋਲ ਬਰਾਮਦ ਕੀਤੇ ਹਨ। ਕੁਝ ਸਮਾਂ ਪਹਿਲਾਂ ਉਕਤ ਤਿੰਨਾਂ ਦੋਸਤਾਂ ਮੰਨਾ, ਸ਼ਿਵਮ ਤੇ ਵਿਨੈ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੋਤਾ ਸਿੰਘ ਨਗਰ ਵਿੱਚ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਜਦੋਂ ਕੇਸ ਦਰਜ ਕੀਤਾ ਤਾਂ ਤਿੰਨੋਂ ਮੁਲਜ਼ਮ ਫ਼ਰਾਰ ਹੋ ਗਏ ਸਨ। ਪੁਲੀਸ ਸੂਤਰਾਂ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਤਿੰਨੋਂ ਨੌਜਵਾਨਾਂ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਗੁੱਸੇ ’ਚ ਆਏ ਮੰਨਾ ਨੇ ਅੱਧੀ ਰਾਤ ਨੂੰ ਆਪਣੇ ਦੋਵੇਂ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। 20 ਦਿਨ ਪਹਿਲਾਂ ਸ਼ਿਵਮ ਤੇ ਵਿਨੈ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਲੰਧਰ ਦੇ ਮੋਤਾ ਸਿੰਘ ਨਗਰ ’ਚ ਗੋਲੀਆਂ ਚਲਾਈਆਂ ਸਨ। ਇਸ ਘਟਨਾ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗੀਆਂ ਸਨ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਇਸ ਮਾਮਲੇ ਵਿੱਚ ਕਤਲ ਦੀ ਕੋਸ਼ਿਸ਼ ਤੇ ਅਸਲਾ ਐਕਟ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 6 ਵਜੇ ਸਿਵਲ ਹਸਪਤਾਲ ਜਲੰਧਰ ਤੋਂ ਰਾਮਾਂ ਮੰਡੀ ਥਾਣੇ ਨੂੰ ਫੋਨ ਆਇਆ ਸੀ, ਜਿਸ ’ਚ ਦੱਸਿਆ ਗਿਆ ਕਿ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਦੋ ਵਿਅਕਤੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜਦੋਂ ਪੁਲੀਸ ਪਾਰਟੀ ਹਸਪਤਾਲ ਪੁੱਜੀ ਤਾਂ ਪਤਾ ਲੱਗਾ ਕਿ ਵਿਨੈ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ ਜਦਕਿ ਸ਼ਿਵਮ ਦੀ ਇਲਾਜ ਦੌਰਾਨ ਮੌਤ ਹੋਈ। ਮਨੀ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਇਨ੍ਹਾਂ ਦੋਹਾਂ ਨੂੰ ਮਾਰਨ ਵਾਲਾ ਉਸ ਦਾ ਤੀਜਾ ਸਾਥੀ ਮੰਨਾ ਉਰਫ ਮਨੀ ਮਿੱਠਾਪੁਰੀਆ ਸੀ।
ਨੌਜਵਾਨ ਵੱਲੋਂ ਗੋਲੀਆਂ ਮਾਰ ਕੇ ਦੋ ਦੋਸਤਾਂ ਦਾ ਕਤਲ
