ਪਟਿਆਲਾ-ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਜੈਬ ਸਿੰਘ ਮੁਖਮੈਲਪੁਰ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਤਕਰੀਬਨ ਛੇ ਮਹੀਨੇ ਤੋਂ ਬਿਮਾਰ ਸਨ, ਜਿਸ ਕਾਰਨ ਪਿਛਲੇ ਕੁਝ ਦਿਨ ਉਨ੍ਹਾਂ ਨੂੰ ਮੁਹਾਲੀ ਸਥਿਤ ਫੋਰਟਿਸ ਹਸਪਤਾਲ ’ਚ ਦਾਖਲ ਰੱਖਿਆ ਗਿਆ, ਜਿੱਥੋਂ ਅਜੇ ਕੱਲ੍ਹ ਹੀ ਘਰ ਲਿਆਂਦੇ ਗਏ ਸਨ ਪਰ ਅੱਜ ਉਨ੍ਹਾ ਦਾ ਦੇਹਾਂਤ ਹੋ ਗਿਆ।ਜ਼ਿਕਰਯੋਗ ਹੈ ਕਿ ਸ੍ਰੀ ਮੁਖਮੈਲਪੁਰ ਸਾਲ 1997 ’ਚ ਹਲਕਾ ਘਨੌਰ ਤੋਂ ਅਕਾਲੀ ਦਲ ਦੀ ਟਿਕਟ ’ਤੇ ਵਿਧਾਇਕ ਬਣੇ ਸਨ ਅਤੇ ਬਾਦਲ ਸਰਕਾਰ ’ਚ ਮੰਤਰੀ ਵੀ ਬਣੇ ਸਨ। ਉਹ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵੀ ਰਹੇ ਹਨ। ਉਨ੍ਹਾਂ ਦੀ ਬਾਦਲ ਪਰਿਵਾਰ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੈ। ਉਨ੍ਹਾਂ ਦੇ ਪਤਨੀ ਹਰਪ੍ਰ੍ਰੀਤ ਕੌਰ ਮੁਖਮੈਲਪੁਰ ਵੀ ਹਲਕਾ ਘਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਹਨ। ਇਹ ਪਰਿਵਾਰ ਭਾਵੇਂ ਕਈ ਸਾਲਾਂ ਤੋਂ ਪਟਿਆਲਾ ’ਚ ਪੰਜਾਬੀ ਯੂਨੀਵਰਸਿਟੀ ਵਿੱਚ ਰਹਿੰਦਾ ਹੈ ਪਰ ਫੋਨ ’ਤੇ ਹੋਈ ਗੱਲਬਾਤ ਦੌਰਾਨ ਬੀਬੀ ਮੁਖਮੈਲਪੁਰ ਨੇ ਦੱਸਿਆ ਕਿ ਸ੍ਰੀ ਮੁਖਮੈਲਪੁਰ ਦਾ ਅੰਤਿਮ ਸਸਕਾਰ 5 ਜਨਵਰੀ ਨੂੰ ਉਨ੍ਹਾਂ ਦੇ ਸਨੌਰ ਹਲਕੇ ’ਚ ਪੈਂਦੇ ਪਿੰਡ ਮੁਖਮੈਲਪੁਰ ’ਚ ਕੀਤਾ ਜਾਵੇਗਾ। ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਤੇ ਜਸਮੇਰ ਸਿੰਘ ਲਾਛੜੂ, ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਕਈ ਹੋਰਨਾ ਨੇ ਵੀ ਮੁਖਮੈਲਪੁਰ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ ਹੈ।