ਨਵੇਂ ਆਗੂ ਦੀ ਚੋਣ ਤੱਕ ਅਹੁਦੇ ਤੇ ਬਣੇ ਰਹਿਣਗੇ-24 ਮਾਰਚ ਤੱਕ ਸਦਨ ਦੀ ਕਾਰਵਾਈ ਠੱਪ-
ਨਵੇਂ ਆਗੂ ਦੀ ਚੋਣ ਵਿਚ ਫਰੀਲੈਂਡ, ਜੋਲੀ, ਅਨੀਤਾ, ਕ੍ਰਿਸਟੀ ਕਲਾਰਕ, ਫਰੇਜਰ ਤੇ ਕਾਰਨੀ ਦੇ ਨਾਵਾਂ ਦੀ ਚਰਚਾ-
ਜਗਮੀਤ ਵਲੋਂ ਲਿਬਰਲ ਨੂੰ ਅੱਗੋਂ ਸਮਰਥਨ ਨਾ ਦੇਣ ਦਾ ਐਲਾਨ-
ਓਟਵਾ ( ਦੇ ਪ੍ਰ ਬਿ)- ਲਿਬਰਲ ਪਾਰਟੀ ਵਿਚ ਭਾਰੀ ਦਬਾਅ ਉਪਰੰਤ ਆਖਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਆਗੂ ਅਤੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣ ਦਾ ਫੈਸਲਾ ਕਰ ਲਿਆ ਹੈ। ਅੱਜ ਉਹਨਾਂ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਰੋਣੀ ਸੂਰਤ ਬਣਾਉਂਦਿਆਂ ਭਰੇ ਮਨ ਨਾਲ ਆਪਣੇ ਉਕਤ ਫੈਸਲੇ ਬਾਰੇ ਐਲਾਨ ਕਰਦਿਆਂ ਕਿਹਾ ਕਿ ਉਹ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਚੋਣ ਤੱਕ ਅਹੁਦੇ ਤੇ ਬਣੇ ਰਹਿਣਗੇ। ਉਹਨਾਂ ਦੱਸਿਆ ਕਿ ਪਾਰਟੀ ਅਤੇ ਮੁਲਕ ਦੇ ਭਲੇ ਹਿੱਤ ਉਹਨਾਂ ਨੇ ਇਹ ਔਖਾ ਫੈਸਲਾ ਲਿਆ ਹੈ ਤੇ ਗਵਰਨਰ ਜਨਰਲ ਨੂੰ ਮਿਲਕੇ ਆਪਣੇ ਫੈਸਲੇ ਬਾਰੇ ਜਾਣੂ ਕਰਵਾ ਦਿੱਤਾ ਹੈ ਜਿਹਨਾਂ ਉਹਨਾਂ ਦੀ ਬੇਨਤੀ ਤੇ ਹਾਉਸ ਆਫ ਕਾਮਨਜ਼ ਦੀ ਕਾਰਵਾਈ 24 ਮਾਰਚ ਤੱਕ ਫਰੀਜ਼ ਕਰਨਾ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਕੈਨੇਡੀਅਨ ਇਤਿਹਾਸ ਵਿਚ ਇੱਕ ਘੱਟ ਗਿਣਤੀ ਸਰਕਾਰ ਨੂੰ ਲੰਮੇ ਸਮੇਂ ਤੱਕ ਚਲਾਇਆ ਅਤੇ 2015 ਤੋਂ ਲੈ ਕੇ ਹੁਣ ਤੱਕ ਲਗਪਗ 9 ਸਾਲ ਮੁਲਕ ਦੀ ਵਾਗਡੋਰ ਸੰਭਾਲੀ ਹੈ। ਕਰੋਨਾ ਦੌਰ ਦੌਰਾਨ ਉਹਨਾਂ ਦੀ ਸਰਕਾਰ ਵਲੋਂ ਲਏ ਫੈਸਲਿਆਂ ਨੂੰ ਕਾਫੀ ਸਲਾਹਿਆ ਗਿਆ ਪਰ ਇਮੀਗ੍ਰੇਸ਼ਨ ਨੀਤੀ ਦੇ ਬੁਰੀ ਤਰਾਂ ਫੇਲ ਹੋਣ ਕਾਰਣ ਉਹ ਕੈਨੇਡੀਅਨਾਂ ਦੇ ਗੁੱਸੇ ਦਾ ਨਿਸ਼ਾਨਾ ਬਣ ਰਹੇ ਹਨ।
ਉਨ੍ਹਾਂ ਨੇ ਆਪਣੀ ਸਰਕਾਰ ਦੇ ਚੰਗੇ ਕੰਮਾਂ ਨੂੰ ਗਿਣਾਉਣ ਦੇ ਨਾਲ ਲੋਕਤੰਤਰ ਚੋਣ ਪ੍ਰਣਾਲੀ ਵਿਚ ਸੁਧਾਰ ਨਾ ਲਿਆ ਸਕਣ ਨੂੰ ਅਫਸੋਸਨਾਕ ਦੱਸਿਆ। ਉਹਨਾਂ ਕਿਹਾ ਕਿ ਪਾਰਟੀ ਵਲੋਂ ਨਵਾਂ ਆਗੂ ਚੁਣਨ ਤੇ ਬੇਹਤਰ ਢੰਗ ਨਾਲ ਸਰਕਾਰ ਚਲਾਏ ਜਾਣ ਲਈ ਪੂਰਾ ਸਹਿਯੋਗ ਦੇਣਗੇ ਪਰ ਇਸੇ ਦੌਰਾਨ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਕੋਈ ਵੀ ਆਗੂ ਆਵੇ ਉਹਨਾਂ ਦੀ ਪਾਰਟੀ ਹੁਣ ਲਿਬਰਲ ਨੂੰ ਸਮਰਥਨ ਨਹੀਂ ਦੇਵੇਗੀ।
ਕੋਣ ਹੋ ਸਕਦਾ ਹੈ ਨਵਾਂ ਆਗੂ- ਟਰੂਡੋ ਵਲੋਂ ਅਸਤੀਫੇ ਦੇ ਐਲਾਨ ਉਪਰੰਤ ਸੰਭਾਵੀ ਪਾਰਟੀ ਆਗੂ ਦੇ ਨਾਵਾਂ ਦੀ ਚਰਚਾ ਹੋਣ ਲੱਗੀ ਹੈ ਜਿਹਨਾਂ ਵਿਚ ਅਨੀਤਾ ਆਨੰਦ, ਮਾਰਕ ਕਾਰਨੀ, ਫ੍ਰੈਂਕੋ-ਫਿਲਿਪ ਸ਼ੈਂਪੇਨ, ਕ੍ਰਿਸਟੀ ਕਲਾਰਕ, ਸੀਨ ਫਰੇਜ਼ਰ, ਕ੍ਰਿਸਟੀਆ ਫ੍ਰੀਲੈਂਡ, ਮੇਲਾਨੀ ਜੋਲੀ, ਡੋਮਿਨਿਕ ਲੇਬਲੈਂਕ ਦੇ ਨਾਮ ਖਾਸ ਹਨ।