ਜਥੇਦਾਰ ਸ. ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਲਈ ਚਾਰਾਜੋਈ ਕਰਨ – ਪ੍ਰੋ. ਸਰਚਾਂਦ ਸਿੰਘ ਖਿਆਲਾ।
ਭਾਜਪਾ ਕਿਸਾਨ ਆਗੂ ਸੁਖਮਿੰਦਰਪਾਲ ਗਰੇਵਾਲ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ-
ਅੰਮ੍ਰਿਤਸਰ 8 ਜਨਵਰੀ -ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ. ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਲਈ ਚਾਰਾਜੋਈ ਕਰਨ ਦੀ ਅਪੀਲ ਕੀਤੀ ਹੈ ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕਈ ਮਾਮਲਿਆਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀਆਂ ਇਕੱਤਰਤਾਵਾਂ ਵਿਚ ਭੁੱਖ ਹੜਤਾਲ’ਤੇ ਬੈਠਣ ਵਾਲੇ ਵਿਅਕਤੀਆਂ ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕਿਸੇ ਵੀ ਢੰਗ ਨਾਲ ਆਪਣੀ ਸਿਹਤ ਨੂੰ ਨੁਕਸਾਨ ਨਾ ਪਹੁੰਚਾਉਣ ਅਤੇ ਤੁਰੰਤ ਆਪਣੀ ਭੁੱਖ ਹੜਤਾਲ ਵਾਪਸ ਲੈ ਕੇ ਸਿਹਤ ਦਾ ਖ਼ਿਆਲ ਰੱਖਣ ਪ੍ਰਤੀ ਆਦੇਸ਼ ਕੀਤੇ ਗਏ ਹਨ, ਜਿਸ ਨੂੰ ਉਨ੍ਹਾਂ ਨੇ ਸਮੇਂ ਸਮੇਂ ਖਿੜੇ ਮੱਥੇ ਪਰਵਾਨ ਵੀ ਕੀਤਾ ਹੈ। ਅੱਜ ਉਸੇ ਤਰਜ਼ ’ਤੇ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਜੋ ਕਿ ਇਕ ਗੁਰਸਿੱਖ ਹਨ, ਦੇ ਮਾਮਲੇ ਵਿਚ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਸ ਦੀ ਜਾਨ ਨੂੰ ਬਚਾਉਣ ਲਈ ਮਰਨ ਵਰਤ ਖ਼ਤਮ ਕਰਨ ਪ੍ਰਤੀ ਆਪਣੀ ਭੂਮਿਕਾ ਨਿਭਾਉਣੀ ’ਤੇ ਵਿਚਾਰ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਕੋਈ ਵੀ ਆਗੂ ਜਾਂ ਵਰਕਰ ਮਰਨ ਵਰਤ ਜਿਹਾ ਫ਼ੈਸਲਾ ਨਾ ਲਵੇ ਇਹ ਯਕੀਨੀ ਬਣਾਇਆ ਜਾਵੇ।
ਪ੍ਰੋ. ਸਰਚਾਂਦ ਸਿੰਘ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਕਿਸਾਨ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਜੋਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਨਜ਼ਦੀਕੀ ਸਾਥੀ ਹਨ ਵੱਲੋਂ ਬੀਤੇ ਦਿਨੀਂ ਖਨੌਰੀ ਬਾਰਡਰ ਵਿਖੇ ਸ. ਡੱਲੇਵਾਲ ਨੂੰ ਮਿਲ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਪਤਾ ਕੀਤਾ ਅਤੇ ਉਨ੍ਹਾਂ ਨੂੰ ਮਰਨ ਵਰਤ ਛੱਡਣ ਦੀ ਅਪੀਲ ਕੀਤੀ। ਅੱਜ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਅਤੇ ਮਰਨ ਵਰਤ ਛਡਵਾਉਣ ਲਈ ਪੱਤਰ ਵੀ ਲਿਖਿਆ ਗਿਆ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ. ਡੱਲੇਵਾਲ ਨੂੰ ਮਰਨ ਵਰਤ ਛੱਡ ਕੇ ਗੱਲਬਾਤ ਦਾ ਰਸਤਾ ਅਖ਼ਤਿਆਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਲਈ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਰੱਖੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਸਿਆਸੀ ਤੇ ਨਿੱਜੀ ਸਵਾਰਥ ਲਈ ਮੋਦੀ ਸਰਕਾਰ ਖਿਲਾਫ ਬਿਰਤਾਂਤ ਸਿਰਜਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਕਿ ਮੋਦੀ ਸਰਕਾਰ ਲਈ ਕਿਸਾਨ ਅਤੇ ਖੇਤੀਬਾੜੀ ਵਿਸ਼ੇਸ਼ ਤਰਜੀਹੀ ਖੇਤਰ ਹੈ ਅਤੇ ਖੇਤੀਬਾੜੀ ਨੂੰ ਨਵੇਂ ਯੁੱਗ ਵਿਚ ਲਿਜਾਣ ਲਈ ਯਤਨਸ਼ੀਲ ਹੈ। ਕੇਂਦਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀਬਾੜੀ ਨੂੰ ਤਕਨਾਲੋਜੀ ਨਾਲ ਜੋੜਨ ਲਈ ਅਹਿਮ ਉਪਰਾਲੇ ਕੀਤੇ ਹਨ। ਜਿੱਥੇ ਕਾਂਗਰਸ ਦੀ ਸਰਕਾਰ ਸਮੇਂ 2013-14 ਦੌਰਾਨ ਕੇਂਦਰੀ ਖੇਤੀ ਬਜਟ 20 ਹਜ਼ਾਰ ਕਰੋੜ ਵੀ ਨਹੀਂ ਸੀ ਉਹ ਹੁਣ 2024-25 ਨੂੰ ਖੇਤੀਬਾੜੀ ਅਤੇ ਸਹਾਇਕ ਖੇਤਰ ਲਈ ਕੇਂਦਰੀ ਬਜਟ 1.52 ਲੱਖ ਕਰੋੜ ਰੁਪਏ ਹੈ। ਕਿਸਾਨ ਸਨਮਾਨ ਨਿਧੀ ਯੋਜਨਾ, ਮੈਡੀਕਲ ਸਿਹਤ ਬੀਮਾ ਯੋਜਨਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਕਿਸਾਨ ਕ੍ਰੈਡਿਟ ਕਾਰਡ, ਖਾਦਾਂ ’ਤੇ ਸਬਸਿਡੀ, ਖੇਤੀ ਨਿਰਯਾਤ ’ਚ ਵਾਧਾ, ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਯੋਜਨਾ, ਫ਼ਸਲਾਂ ਦੀ ਐੱਮ ਐਸ ਪੀ ਵਿਚ ਦੋ ਗੁਣਾ ਤੋਂ ਵੱਧ ਵਾਧਾ ਕੀਤਾ ਗਿਆ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕੇਂਦਰੀ ਵੱਲੋਂ ਜਾਰੀ ਐੱਮ ਐਸ ਪੀ ਤੋਂ ਘੱਟ ਮੁੱਲ ’ਤੇ ਖ਼ਰੀਦ ਹੋਣ ’ਤੇ ਭਰਪਾਈ ਯੋਜਨਾ ਦਾ ਲਾਭ ਹਰਿਆਣਾ ਉਠਾ ਰਿਹਾ ਹੈ ਅਤੇ 24 ਫ਼ਸਲਾਂ ’ਤੇ ਐੱਮ ਐਸ ਪੀ ਖ਼ਰੀਦ ਦੀ ਗਰੰਟੀ ਦਿੱਤੀ ਹੈ ਫਿਰ ਇਹ ਗਰੰਟੀ ਪੰਜਾਬ ਸਰਕਾਰ ਕਿਉਂ ਨਹੀਂ ਦੇ ਰਹੀ ਹੈ। ਜਦੋਂ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਐੱਮ ਐਸ ਪੀ ਖ਼ਰੀਦ ਦੀ ਗਰੰਟੀ ਦਾ ਵਾਅਦਾ ਕੀਤਾ ਸੀ। ਨਾ ਹੀ ਕੁਦਰਤੀ ਆਫ਼ਤ ’ਤੇ ਬਿਨਾ ਕਿਸੇ ਗਿਰਦਾਵਰੀ ਦੇ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਆਪ ਸਰਕਾਰ ਨੇ ਪੂਰਾ ਕੀਤਾ ਹੈ।