ਪਾਰਟੀ ਆਗੂ ਲਈ ਵੋਟਾਂ 9 ਮਾਰਚ ਨੂੰ ਪੈਣਗੀਆਂ-
ਓਟਵਾ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਟਰੂਡੋ ਵਲੋਂ ਲਿਬਰਲ ਪਾਰਟੀ ਦੇ ਆਗੂ ਵਜੋਂ ਅਸਤੀਫੇ ਦੇਣ ਦੇ ਐਲਾਨ ਉਪਰੰਤ ਕੈਨੇਡਾ ਦੀ ਲਿਬਰਲ ਪਾਰਟੀ ਨੇ ਅੱਜ ਪਾਰਟੀ ਦਾ ਅਗਲਾ ਆਗੂ ਚੁਣਨ ਲਈ ਦੇਸ਼ ਵਿਆਪੀ ਲੀਡਰਸ਼ਿਪ ਚੋਣ 9 ਮਾਰਚ, 2025 ਨੂੰ ਕਰਵਾਉਣ ਦਾ ਐਲਾਨ ਕੀਤਾ ਹੈ।
ਲਿਬਰਲ ਪਾਰਟੀ ਆਫ ਕੈਨੇਡਾ ਦੇ ਪ੍ਰਧਾਨ ਸਚਿਤ ਮਹਿਰਾ ਨੇ ਇਕ ਬਿਆਨ ਰਾਹੀ ਕਿਹਾ ਹੈ ਕਿ , “ਇੱਕ ਮਜ਼ਬੂਤ ਅਤੇ ਸੁਰੱਖਿਅਤ ਰਾਸ਼ਟਰ-ਵਿਆਪੀ ਪ੍ਰਕਿਰਿਆ ਤੋਂ ਬਾਅਦ, ਲਿਬਰਲ ਪਾਰਟੀ ਆਫ ਕੈਨੇਡਾ 9 ਮਾਰਚ ਨੂੰ ਇੱਕ ਨਵਾਂ ਨੇਤਾ ਚੁਣੇਗੀ ਅਤੇ 2025 ਦੀਆਂ ਚੋਣਾਂ ਲੜਨ ਅਤੇ ਜਿੱਤਣ ਲਈ ਤਿਆਰ ਰਹੇਗੀ। ਉਹਨਾਂ ਹੋਰ ਕਿਹਾ ਕਿ ਇਹ ਸਮਾਂ ਦੇਸ਼ ਭਰ ਦੇ ਲਿਬਰਲਾਂ ਲਈ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸਾਡੀ ਪਾਰਟੀ ਅਤੇ ਸਾਡੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਲਈ ਵਿਚਾਰਸ਼ੀਲ ਬਹਿਸ ਵਿੱਚ ਸ਼ਾਮਲ ਹੋਣ ਦਾ ਸਮਾਂ ਹੈ। ਇਸ ਮੌਕੇ ਮੈਂ ਸਾਰੇ ਲਿਬਰਲਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦਾ ਹਾਂ।”
ਨੈਸ਼ਨਲ ਬੋਰਡ ਆਫ਼ ਡਾਇਰੈਕਟਰਜ਼ ਨੇ ਆਉਣ ਵਾਲੀ ਲੀਡਰਸ਼ਿਪ ਦੌੜ ਦੇ ਸ਼ੁਰੂਆਤੀ ਨਿਯਮਾਂ ‘ਤੇ ਚਰਚਾ ਕਰਨ ਅਤੇ ਰੂਪਰੇਖਾ ਦੇਣ ਲਈ ਇਕ ਮੀਟਿੰਗ ਬੁਲਾਈ ਸੀ । ਲਿਬਰਲ ਪਾਰਟੀ ਦੇ ਸੰਵਿਧਾਨ ਮੁਤਾਬਿਕ ਨੈਸ਼ਨਲ ਬੋਰਡ ਨੇ ਇਸ ਪ੍ਰਕਾਰ ਫੈਸਲੇ ਲਏ:
ਲੀਡਰਸ਼ਿਪ ਵੋਟ 9 ਮਾਰਚ, 2025 ਨੂੰ ਸਮਾਪਤ ਹੋਵੇਗੀ ਤੇ ਉਸੇ ਦਿਨ ਨਵੇਂ ਲੀਡਰ ਦਾ ਐਲਾਨ ਕੀਤਾ ਜਾਵੇਗਾ। ਪਾਰਟੀ ਦੇ ਸੰਵਿਧਾਨ ਦੇ ਅਨੁਸਾਰ, ਇੱਕ ਰਜਿਸਟਰਡ ਲਿਬਰਲ ਬਣਨ ਅਤੇ ਲੀਡਰਸ਼ਿਪ ਦੀ ਦੌੜ ਵਿੱਚ ਵੋਟ ਪਾਉਣ ਦੇ ਯੋਗ ਹੋਣ ਦੀ ਕੱਟ-ਆਫ ਮਿਤੀ 27 ਜਨਵਰੀ, 2025 ਹੋਵੇਗੀ। ਪਾਰਟੀ ਨੂੰ ਲੀਡਰਸ਼ਿਪ ਵੋਟ ਲਈ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਲਈ 27 ਦਿਨ ਰੱਖੇ ਗੇ ਹਨ।
ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਇੱਕ ਉਮੀਦਵਾਰ ਲਈ ਦਾਖਲਾ ਫੀਸ 3 ਲੱਖ 50,000 ਡਾਲਰ ਹੋਵੇਗੀ। ਲੀਡਰਸ਼ਿਪ ਦੌੜ ਵਿਚ ਸ਼ਾਮਿਲ ਹੋਣ ਵਾਲੇ ਉਮੀਦਵਾਰ ਨੂੰ 23 ਜਨਵਰੀ, 2025 ਤੱਕ ਆਪਣੀ ਉਮੀਦਵਾਰੀ ਦਾ ਐਲਾਨ ਕਰਨਾ ਹੋਵੇਗਾ।
ਪਾਰਟੀ ਦੇ ਸਾਬਕਾ ਪ੍ਰਧਾਨ ਸੁਜ਼ੈਨ ਕੋਵਾਨ ਅਤੇ ਡਾਇਰੈਕਟਰ ਮਾਰਕ-ਏਟੀਨ ਵਿਏਨ ਲੀਡਰਸ਼ਿਪ ਵੋਟ ਕਮੇਟੀ ਦੀ ਸਹਿ-ਪ੍ਰਧਾਨਗੀ ਕਰਨਗੇ।
ਇਕ ਰਜਿਸਟਰਡ ਲਿਬਰਲ ਬਣਨ ਲਈ, ਇੱਕ ਸ਼ਹਿਰੀ ਲਈ ਸ਼ਰਤਾਂ ਇਹ ਹਨ-
ਮੈਂਬਰ ਦੀ ਘੱਟੋ-ਘੱਟ ਉਮਹਰ ਚੌਦਾਂ ਸਾਲ ਦੀ ਹੋਵੇ;
ਪਾਰਟੀ ਦੇ ਉਦੇਸ਼ਾਂ ਦਾ ਸਮਰਥਨ ਕਰਦਾ ਹੋਵੇ।
ਇੱਕ ਕੈਨੇਡੀਅਨ ਨਾਗਰਿਕ ਹੋਵੇ ਜਾਂ ਕੈਨੇਡਾ ਦਾ ਸਥਾਈ ਨਿਵਾਸੀ ਹੋਵੇ।
ਕੈਨੇਡਾ ਵਿੱਚ ਕਿਸੇ ਹੋਰ ਫੈਡਰਲ ਰਾਜਨੀਤਿਕ ਪਾਰਟੀ ਦਾ ਮੈਂਬਰ ਨਾ ਹੋਵੇ ਅਤੇ
ਇੱਕ ਲਿਬਰਲ ਵਜੋਂ ਰਜਿਸਟਰ ਹੋਣ ਦੇ ਦੌਰਾਨ, ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਹਾਉਸ ਆਫ ਕਾਮਨਜ਼ ਲਈ ਚੋਣ ਲਈ ਉਮੀਦਵਾਰ ਬਣਨ ਦੇ ਇਰਾਦੇ ਦਾ ਜਨਤਕ ਤੌਰ ‘ਤੇ ਐਲਾਨ ਨਾ ਕੀਤਾ ਹੋਵੇ।
ਵਧੇਰੇ ਜਾਣਕਾਰੀ ਲਈ- visit our website: lpc.ca/2025leadership