ਅੰਮ੍ਰਿਤਸਰ, (ਭੰਗੂ )- ਭਾਜਪਾ ਦੇ ਸਿੱਖ ਆਗੂ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਦਾ ਫ਼ੈਸਲਾ ਕਰ ਚੁੱਕੀ ਹੈ ਅਤੇ ਪਾਵਨ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਹਮਾਕਤ ਕਰੀ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਦੇ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੇ ਵਰਤਾਰੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਨੂੰ ਇਨ ਬਿਨ ਲਾਗੂ ਕਰਨਾ ਤਾਂ ਦੂਰ ਉਕਤ ਆਦੇਸ਼ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਉਹ ਸਿਆਸੀ ਤੌਰ ’ਤੇ ਹਕੀਕਤ ’ਚ ਪੰਥ ਦੀ ਹੁਣ ਜਮਾਤ ਹੈ। ਉਹਨਾਂ ਨੂੰ ਸਵਾਰਥ ਅਤੇ ਕੁਰਸੀ ਦੀ ਦੌੜ ਲਈ ਸਿੱਖੀ ਸਿਧਾਂਤਾਂ ਨੂੰ ਪਿੱਠ ਦੇਣ ਵਿਚ ਵੀ ਹੁਣ ਕੋਈ ਸ਼ਰਮ ਨਹੀਂ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਤੋਂ ਮੂੰਹ ਫੇਰ ਕੇ ਪੰਥ ਨੂੰ ਬੇਦਾਵਾ ਦੇਣ ਵਾਲੇ ਕਿਸ ਮੂੰਹ ਨਾਲ ਮੁਕਤਸਰ ਦੀ ਉਸ ਪਵਿੱਤਰ ਧਰਤੀ ’ਤੇ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕਰਨਗੇ, ਜਿੱਥੇ ਜਥੇਦਾਰ ਭਾਈ ਮਹਾਂ ਸਿੰਘ ਨੇ ਆਪਣੇ ਤੇ ਸਾਥੀ ਸਿੰਘਾਂ ਦੀਆਂ ਗੁਨਾਹਾਂ ਦੀ ਮੁਆਫ਼ੀ ਮੰਗਣ ਲਈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬੇਦਾਵੇ ਵਾਲੀ ਲਿਖਤ ਪੜਵਾ ਕੇ ਟੱਟੀ ਗੰਢਣ ਦਾ ਪਰਉਪਕਾਰ ਕੀਤਾ ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅੱਜ ਜੋ ਵੀ ਫ਼ੈਸਲੇ ਲਏ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਣਾਏ ਗਏ ਆਦੇਸ਼ਾਂ ਦੀ ਕੇਵਲ ਮੁਖ਼ਾਲਫ਼ਤ ਹੀ ਨਹੀਂ ਸਗੋਂ ਮੂਲ ਭਾਵਨਾਵਾਂ ਦੀਆਂ ਧੱਜੀਆਂ ਉਡਾਉਣ ਵਾਲਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਧਾਨ (ਸੁਖਬੀਰ ਸਿੰਘ ਬਾਦਲ) ਸਮੇਤ ਜਿਨ੍ਹਾਂ ਨੇ ਅਸਤੀਫ਼ੇ ਦਿੱਤੇ ਹਨ, ਉਹ ਤਿੰਨ ਦਿਨਾਂ ਦੇ ਵਿਚ ਅਸਤੀਫ਼ੇ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣਕਾਰੀ ਭੇਜਣ ਦਾ ਆਦੇਸ਼ ਦਿੱਤਾ ਸੀ , ਪਰ ਅੱਜ ਕੇਵਲ ਪ੍ਰਧਾਨ ਸੁਖਬੀਰ ਬਾਦਲ ਦਾ ਹੀ ਅਸਤੀਫ਼ਾ ਮਨਜ਼ੂਰ ਕੀਤਾ ਗਿਆ। ਉੱਥੇ ਇਕ ਹੋਰ ਆਦੇਸ਼ ਵਿਚ ਅਕਾਲ ਤਖ਼ਤ ਸਾਹਿਬ ਦਾ ਸਪਸ਼ਟ ਆਦੇਸ਼ ਸੀ ਕਿ ’’ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਨ੍ਹਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ।’’ ਇਸੇ ਤਹਿਤ ਅਕਾਲੀ ਦਲ ਦੀ ਨਵੀਂ ਭਰਤੀ ਲਈ 7 ਮੈਂਬਰੀ ਕਮੇਟੀ ਬਣਾਈ ਗਈ। ਅੱਜ ਦੇ ਫ਼ੈਸਲਿਆਂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਉਕਤ 7 ਮੈਂਬਰੀ ਕਮੇਟੀ ਨੂੰ ਪੂਰੀ ਤਰਾਂ ਦਰਕਿਨਾਰ ਕਰਦਿਆਂ ਮਨ ਮਰਜ਼ੀ ਨਾਲ ਆਪਣੇ ਚਹੇਤਿਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ।
ਬਾਦਲ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ -ਪ੍ਰੋ. ਸਰਚਾਂਦ ਸਿੰਘ
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਪਿਛਲੇ 6 ਸਾਲਾਂ ਤੋਂ ਤਨਖ਼ਾਹੀਆ ਹੋਣ ਦਾ ਲੇਬਰ ਲਗਾਏ ਬਿਨਾ ਆਪਣੇ ਗੁਨਾਹਾਂ ਤੋਂ ਸੁਰਖ਼ਰੂ ਹੋਣਾ ਲੋਚਦਾ ਰਿਹਾ। ਕਿਸੇ ਤਰਾਂ ਵੀ ਸੂਤਰ ਨਹੀਂ ਆਇਆ ਤਾਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦੌਰਾਨ ਵੀ ਪਹਿਲਾਂ ਗ਼ਲਤੀਆਂ ਗੁਨਾਹਾਂ ਨੂੰ ਆਪਣੀ ਝੋਲੀ ਪਵਾ ਲਿਆ , ਫਿਰ ਆਪਣੇ ਬਿਆਨ ਤੋਂ ਮੁਨਕਰ ਹੁੰਦਿਆਂ ਇਲਜ਼ਾਮਾਂ ਨੂੰ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ। ਫਿਰ ਭੁੱਲ ਬਖ਼ਸ਼ਾਉਣ ਲਈ ਹਾਜ਼ਰ ਹੋਇਆ, ਜਿਸ ਤੋਂ ਬਾਅਦ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਇਹ ਪ੍ਰਵਾਨ ਕੀਤਾ ਕਿ ਅਕਾਲੀ ਸਰਕਾਰ ਦੇ ਰਹਿੰਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਨ੍ਹਾਂ ਪੰਥਕ ਮੁੱਦਿਆਂ ਨੂੰ ਵਿਸਾਰਿਆ, ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕੀਤੀ, ਕੋਟਕਪੂਰਾ ਗੋਲੀ ਕਾਂਡ ਦੀ ਜ਼ਿੰਮੇਵਾਰੀ ਲਈ, ਸੌਦਾ ਸਾਧ ਦੀ ਮੁਆਫ਼ੀ ਨੂੰ ਸਹੀ ਠਹਿਰਾਉਣ ਲਈ ਇਸ਼ਤਿਹਾਰ ਜਾਰੀ ਕਰਵਾਏ, ਮੁਆਫ਼ੀ ਲਈ ਜਥੇਦਾਰਾਂ ਨੂੰ ਕੋਠੀ ਬੁਲਾਕੇ ਦਬਾਅ ਪਾਇਆ, ਸੌਦਾ ਸਾਧ ਵੱਲੋਂ ਦਸਮ ਪਿਤਾ ਦਾ ਸਵਾਂਗ ਕਰਨ ਵਾਲਾ ਕੇਸ ਵਾਪਸ ਲਿਆ। ਪਰ ਹੈਰਾਨ. ਦੀ ਗਲ ਹੈ ਕਿ ਹੁਣ ਤੁਸੀਂ (ਸੁਖਬੀਰ ਬਾਦਲ) ਇਕ ਵਾਰ ਫਿਰ ਕਹਿ ਰਹੇ ਹਨ ਕਿ ਇਹ ਸਭ ਕੁਝ ਗਲ ਮੁਕਾਉਣ ਲਈ ਕੀਤਾ ਹੈ। ਸਾਰੇ ਦੋਸ਼ ਝੂਠੇ ਹਨ। ਭਾਵ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਗ਼ਲਤ ਫ਼ੈਸਲਾ ਦੇ ਕੇ ਗ਼ਲਤ ਪਿਰਤ ਪਾ ਦਿੱਤੀ ਹੈ? ਸੁਖਬੀਰ ਧੜਾ ਪੰਥ ਨੂੰ ਮੂਰਖ ਸਮਝਣ ਦੀ ਗ਼ਲਤੀ ਹੁਣ ਨਾ ਕਰੇ।