Headlines

ਸਾਬਕਾ ਗਵਰਨਰ ਮਾਰਕ ਕਾਰਨੀ ਨੇ ਲਿਬਰਲ ਆਗੂ ਲਈ ਚੋਣ ਮੁਹਿੰਮ ਆਰੰਭੀ

ਸੁੱਖ ਧਾਲੀਵਾਲ ਤੇ ਰਣਦੀਪ ਸਰਾਏ ਵਲੋਂ ਸਰੀ ਵਿਚ ਭਾਰੀ ਇਕੱਠ-

ਸਰੀ ( ਦੇ ਪ੍ਰ ਬਿ)-ਲਿਬਰਲ ਲੀਡਰ ਦੇ ਨਵੇ ਆਗੂ ਦੀ ਚੋਣ ਵਿਚ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਅਤੇ ਸਾਬਕਾ ਵਿਤ ਮੰਤਰੀ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਦੋਵਾਂ ਵਲੋ ਪਾਰਟੀ ਆਗੂ ਦੀ ਚੋਣ ਲੜਨ ਦੇ ਐਲਾਨ ਉਪਰੰਤ ਚੋਣ ਮੁਹਿੰਮ ਭਖ ਗਈ ਹੈ। ਸਰੀ ਨਿਊਟਨ ਤੋ ਐਮ ਪੀ ਸੁਖ ਧਾਲੀਵਾਲ ਅਤੇ ਸਰੀ ਸੈਂਟਰ ਤੋ ਐਮ ਪੀ ਰਣਦੀਪ ਸਰਾਏ ਨੇ ਆਪਣੀ ਹਮਾਇਤ ਕਾਰਨੀ ਨੂੰ ਦਿੰਦਿਆਂ ਆਪਣੇ ਸਮਰਥਕਾਂ ਨੂੰ ਉਸਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਦੋਵਾਂ ਲਿਬਰਲ ਐਮ ਪੀਜ਼ ਵਲੋਂ ਬੀਤੇ ਦਿਨ ਸਰੀ ਵਿਚ ਪਾਰਟੀ ਸਮਰਥਕਾਂ ਦਾ ਇਕੱਠ ਕਰਕੇ ਕਾਰਨੀ ਦੇ ਹੱਕ ਵਿਚ ਮੁਹਿੰਮ ਚਲਾਉਣ ਦਾ ਆਗਾਜ਼ ਕੀਤਾ ਗਿਆ। ਇਸ ਸਮਾਗਮ ਦੌਰਾਨ ਲਿਬਰਲ ਸਮਰਥਕਾਂ ਨੇ ਕਾਰਨੀ ਦੀ ਨਵੇਂ ਨੇਤਾ ਵਜੋਂ ਚੋਣ ਪ੍ਰਤੀ ਭਾਰੀ ਉਤਸ਼ਾਹ ਵਿਖਾਇਆ। ਸਰੀ ਦੇ ਪਾਇਲ ਸੈਂਟਰ ਵਿਚ ਮਹਾਰਾਜਾ ਬੈਂਕੁਇਟ ਹਾਲ ਲਿਬਰਲ ਸਮਰਥਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਤੇ ਕਾਰਨੀ ਨਾਲ ਫੋਟੋ ਖਿਚਵਾਉਣ ਲਈ ਹਰ ਇਕ ਵਿਚ ਭਾਰੀ ਉਤਸ਼ਾਹ ਸੀ। ਜ਼ਿਕਰਯੋਗ ਹੈ ਕਿ ਕਾਰਨੀ ਜੋ ਕਿ ਵਿਸ਼ਵ ਪ੍ਰਸਿਧ ਅਰਥ ਸ਼ਾਸਤਰੀ ਹਨ, ਤੋਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਮੁਲਕ ਨੂੰ ਦਰਪੇਸ਼ ਆਰਥਿਕ ਸੰਕਟ ਵਿਚੋਂ ਕੱਢਕੇ ਕੈਨੇਡਾ ਨੂੰ ਮੁੜ ਮਹਾਨ ਬਣਾਉਣ ਲਈ ਕੋਈ ਕ੍ਰਿਸ਼ਮਾ ਕਰ ਵਿਖਾਉਣਗੇ। ਇੰਡੋ ਕੈਨੇਡੀਅਨ ਭਾਈਚਾਰੇ ਵਿਚ ਉਹਨਾਂ ਦੀ ਤੁਲਨਾ ਡਾ ਮਨਮੋਹਣ ਸਿੰਘ ਨਾਲ ਕੀਤੀ ਜਾ ਰਹੀ ਹੈ ਜਿਹਨਾਂ ਨੇ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਆਰਥਿਕ ਇਨਕਲਾਬ ਦੀ ਇਕ ਨਵੀਂ ਨੀਂਹ ਰੱਖੀ ਸੀ।
ਪ੍ਰਧਾਨ ਮੰਤਰੀ ਟਰੂਡੋ ਵਲੋਂ ਅਸਤੀਫੇ ਦੇ ਐਲਾਨ ਤੇ ਨਵੇਂ ਆਗੂ ਦੀ ਚੋਣ ਦੇ ਸਬੰਧ ਵਿਚ ਮਾਰਕ ਕਾਰਨੀ ਨੂੰ ਲਿਬਰਲ ਦੀ ਡੁਬ ਰਹੀ ਬੇੜੀ ਨੂੰ ਬਚਾਉਣ ਵਾਲੇ ਆਗੂ ਵਜੋ ਵੇਖਿਆ ਜਾ ਰਿਹਾ ਹੈ। ਮਾਰਕ ਕਾਰਨੀ ਨੇ ਆਪਣੀ ਉਮੀਦਵਾਰੀ ਦੇ ਐਲਾਨ ਉਪਰੰਤ  ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਜੀ 7  ਵਿੱਚ ਕੈਨੇਡਾ ਨੂੰ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਆਰਥਿਕਤਾ ਬਣਾਉਣ ਦਾ ਯਤਨ ਕਰਨਗੇ।
59 ਸਾਲਾ ਕਾਰਨੀ  ਨੇ ਐਡਮਿੰਟਨ ਹਾਕੀ ਰਿੰਕ ਵਿਖੇ ਲਿਬਰਲ ਪਾਰਟੀ ਦੀ ਵਾਗਡੋਰ ਸੰਭਾਲਣ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਿੱਥੇ ਉਸਨੇ ਇਕ ਹਾਕੀ ਖਿਡਾਰੀ ਵਜੋਂ ਸਕੇਟਿੰਗ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਕਿਉਂਕਿ ਕੈਨੇਡਾ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਹੈ, ਪਰ ਇਸਨੂੰ ਅਸੀ ਹੋਰ  ਬਿਹਤਰ ਬਣਾ ਸਕਦੇ ਹਾਂ।
ਹਾਰਵਰਡ ਯੂਨੀਵਰਸਿਟੀ ਤੋਂ ਪੜੇ ਕਾਰਨੀ ਨੇ ਕਿਹਾ ਕਿ ਉਸ ਕੋਲ ਕੈਨੇਡਾ ਨੂੰ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਬਾਹਰ ਕੱਢਣ ਲਈ ਲੋੜੀਂਦੇ ਆਰਥਿਕ ਵਿਸ਼ਵਾਸ ਹਨ ਜਦੋਂਕਿ ਦੇਸ਼ ਦੇ ਸਾਹਮਣੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਟੈਰਿਫ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਕਾਰਨੀ ਨੇ ਕਿਹਾ ਕਿ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਟਰੰਪ ਨਾਲ ਗੱਲਬਾਤ ਦੇ ਸਮਰੱਥ ਨਹੀਂ । ਜਦੋਂ ਕਿ ਮੈਂ ਆਪਣੀ ਆਰਥਿਕਤਾ ਨੂੰ ਬਚਾਉਣ ‘ਤੇ ਧਿਆਨ ਕੇਂਦਰਤ ਕਰ ਰਿਹਾ ਹਾਂ ਜਦੋਂਕਿ ਪੋਲੀਵਰ ਟਰੰਪ ਅਤੇ ਐਲਨ ਮਸਕ ਦਾ ਹਮਾਇਤੀ ਹੈ। ਉਹਨਾਂ ਕਿਹਾ ਕਿ ਜਦੋਂ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਮੈਂ ਸਪੱਸ਼ਟ ਹਾਂ ਕਿ ਇਹ ਰਾਜਨੀਤੀ ਦਾ ਸਮਾਂ ਨਹੀਂ । ਇਸ ਮੌਕੇ ਲਿਬਰਲ ਐਮ ਪੀ ਸੁੱਖ ਧਾਲੀਵਾਲ ਅਤੇ ਐਮ ਪੀ ਰਣਦੀਪ ਸਰਾਏ ਨੇ ਕਾਰਨੀ ਦੀ ਲਿਬਰਲ ਆਗੂ ਵਜੋਂ ਹਮਾਇਤ ਕਰਦਿਆਂ ਲਿਬਰਲ ਸਮਰਥਕਾਂ ਨੂੰ ਉਹਨਾਂ ਦੇ ਹੱਕ ਵਿਚ ਆਉਣ ਦੀ ਅਪੀਲ ਕੀਤੀ। ਦੋਵਾਂ ਐਮ ਪੀਜ਼ ਵਲੋਂ ਸਰੀ ਵਿਖੇ ਭਾਰੀ ਇਕੱਠ ਕਰਦਿਆਂ ਉਹਨਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁਲਾਰਾ ਦਿੱਤਾ।

Leave a Reply

Your email address will not be published. Required fields are marked *