Headlines

ਟਰੰਪ ਦੀਆਂ ਧਮਕੀਆਂ ਦਾ ਸਖਤੀ ਨਾਲ ਜਵਾਬ ਦੇਣ ਦੀ ਲੋੜ- ਪੋਲੀਵਰ

ਪੱਤਰਕਾਰ ਮਿਲਣੀ ਦੌਰਾਨ ਵੱਖ ਵੱਖ ਸਵਾਲਾਂ ਦੇ ਜਵਾਬ ਦਿੱਤੇ-ਗੈਰ ਕਨੂੰਨੀ ਪਰਵਾਸੀਆਂ ਨਾਲ ਹਮਦਰਦੀ ਦੀ ਲੋੜ ਨਹੀਂ-

ਸਰੀ ( ਦੇ ਪ੍ਰ ਬਿ)- ਕੰਸਰਵੇਟਿਵ ਆਗੂ ਪੀਅਰ ਪੋਲੀਵਰ ਨੇ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁਲਕ ਨੂੰ ਦਰਪੇਸ ਮੌਜੂਦਾ ਆਰਥਿਕ ਸੰਕਟ ਅਤੇ ਹੋਰ ਪ੍ਰੇਸ਼ਾਨੀਆਂ ਲਈ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਬਣਨ ਨੇ ਉਹ ਕੈਪੀਟਲ ਲਾਭ ਟੈਕਸ ਦੇ ਵਾਧੇ ਨੂੰ ਵਾਪਿਸ ਲੈਣਗੇ। ਉਹਨਾਂ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਟਰੰਪ ਵਲੋਂ ਕੈਨੇਡੀਅਨ ਵਸਤਾਂ ਤੇ ਭਾਰੀ ਟੈਕਸ ਲਗਾਉਣ ਦੀਆਂ ਧਮਕੀਆਂ ਦਾ ਸਖਤ ਜਵਾਬ ਦੇਣ ਦੀ ਵਕਾਲਤ ਕੀਤੀ।
ਤਤਕਾਲੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਪਿਛਲੇ ਫੈਡਰਲ ਬਜਟ ਵਿੱਚ ਪੂੰਜੀ-ਲਾਭ ਟੈਕਸ ਪ੍ਰਣਾਲੀ ਵਿੱਚ ਤਬਦੀਲੀਆਂ ਦਾ ਐਲਾਨ ਕਰਦਿਆਂ ਕੈਪੀਟਲ ਲਾਭ ਟੈਕਸ ਵਿਚ ਵਾਧਾ ਕਰ ਦਿੱਤਾ ਸੀ। ਉਹਨਾਂ ਕਿਹਾ ਇਹ ਛੋਟੇ ਕਾਰੋਬਾਰਾਂ ਅਤੇ ਉੱਦਮੀਆਂ ਖਿਲਾਫ ਧੱਕੇਸ਼ਾਹੀ ਵਾਲਾ ਕਦਮ ਹੈ। ਉਹਨਾਂ ਕਿਹਾ ਕਿ ਕੰਸਰਵੇਟਿਵ ਇਸ ਵਾਧੇ ਨੂੰ ਵਾਪਿਸ ਲੈਣਗੇ।ਇਸ ਮੌਕੇ ਪੱਤਰਕਾਰਾਂ ਵਲੋਂ ਹਾਊਸਿੰਗ ਸਮੱਸਿਆ, ਸਿਹਤ ਸਹੂਲਤਾਂ, ਇਮੀਗ੍ਰੇਸ਼ਨ ਨੀਤੀ, ਟਰੰਪ ਟੈਰਿਫ, ਆਰਥਕਿ ਸੰਕਟ, ਵਿਦੇਸ਼ੀ ਦਖਲਅੰਦਾਜ਼ੀ, ਸਿੱਖ ਡਾਇਸਪੋਰਾ ਦੀਆਂ ਚਿੰਤਾਵਾਂ ਤੇ ਹੋਰ ਮਹੱਤਵਪੂਰਣ ਵਿਸ਼ਿਆ ਬਾਰੇ ਸਵਾਲ ਪੁੱਛੇ ਜਿਹਨਾਂ ਦੇ ਪੀਅਰ ਪੋਲੀਵਰ ਨੇ ਵਿਸਥਾਰ ਸਹਿਤ ਜਵਾਬ ਦਿੱਤੇ। ਸਿੱਖ ਡਾਇਸਪੋਰਾ ਵਲੋਂ ਭਾਰਤੀ ਦਖਲ ਅੰਦਾਜ਼ੀ ਤੇ ਸਿੱਖ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਕੈਨੇਡਾ ਦੀ ਸਭ ਤੋਂ ਪਹਿਲੀ ਚਿੰਤਾ ਆਪਣੇ ਸ਼ਹਿਰੀਆਂ ਦੀ ਸੁਰੱਖਿਆ ਹੈ। ਉਹਨਾਂ ਕਿਹਾ ਉਹਨਾਂ ਦੀ ਪਾਰਟੀ ਵਿਚ ਸਿੱਖ ਭਾਈਚਾਰੇ ਨਾਲ ਸਬੰਧਿਤ ਟਿਮ ਉਪਲ, ਜਸਰਾਜ ਹੱਲਣ ਤੇ ਡੈਲਟਾ ਤੋਂ ਜੈਸੀ ਸਹੋਤਾ ਕਾਰਜਸ਼ੀਲ ਹਨ। ਆਪਣੇ ਟੀਮ ਮੈਂਬਰਾਂ ਤੇ ਭਾਈਚਾਰੇ ਨਾਲ ਨੇੜਤਾ ਹੋਣ ਕਰਕੇ ਉਹ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਭਲੀਭਾਂਤ ਜਾਣੂ ਹਨ। ਉਹਨਾਂ ਇਕ ਸਵਾਲ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਟਰੂਡੋ ਨੂੰ ਚੁਣੌਤੀ ਦਿੱਤੀ ਕਿ ਉਹ ਵਿਦੇਸੀ ਦਖਲਅੰਦਾਜ਼ੀ ਵਿਚ ਸ਼ਾਮਿਲ ਕੈਨੇਡੀਅਨ ਐਮ ਪੀਜ ਦੇ ਨਾਮ ਜਨਤਕ ਕਰਨ। ਉਹ ਅਗਰ ਅਜਿਹਾ ਨਹੀ ਵੀ ਕਰਨਾ ਚਾਹੁੰਦੇ ਤਾਂ ਜਾਂਚ ਕਮਿਸ਼ਨ ਕੋਲ ਹੀ ਇਹਨਾਂ ਨਾਵਾਂ ਦਾ ਖੁਲਾਸਾ ਕਰ ਸਕਦੇ ਹਨ। ਟਰੂਡੋ ਸਰਕਾਰ ਦੀਆਂ ਅਸਫਲ ਇਮੀਗ੍ਰੇਸ਼ਨ ਨੀਤੀਆਂ ਦੀ ਚਰਚਾ ਕਰਦਿਆਂ ਉਹਨਾਂ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜੀ ਕਾਮਿਆਂ ਉਪਰ ਡਿਪੋਰਟੇਸ਼ਨ ਦੀ ਲਟਕ ਰਹੀ ਤਲਵਾਰ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਜੋ ਲੋਕ ਕਨੂੰਨ ਮੁਤਾਬਿਕ ਸ਼ਰਤਾਂ ਪੂਰੀਆਂ ਕਰਦੇ ਹਨ, ਉਹਨਾਂ ਨੂੰ ਪੀ ਆਰ ਲੈਣ ਵਿਚ ਕੋਈ ਮੁਸ਼ਕਲ ਨਹੀ ਪਰ ਜੋ ਲੋਕ ਗਲਤ ਦਸਤਾਵੇਜਾਂ ਜਾਂ ਗਲਤ ਤਰੀਕਿਆਂ ਨਾਲ ਇਥੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਉਹਨਾਂ ਦੇ ਹੱਕ ਵਿਚ ਨਹੀ। ਅਜਿਹੇ ਲੋਕਾਂ ਨੂੰ ਡਿਪੋਰਟ ਕਰਨ ਵਿਚ ਕੋਈ ਹਿਚਕਚਾਹਟ ਨਹੀ ਹੋਣੀ ਚਾਹੀਦੀ।

ਸਿਹਤ ਸਹੂਲਤਾਂ ਦੀ ਘਾਟ ਦੇ ਮੁੱਦੇ ਉਪਰ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਮੁਲਕ ਨੂੰ ਹਜਾਰਾਂ ਡਾਕਟਰ ਤੇ ਨਰਸਾਂ ਦੀ ਲੋੜ ਹੈ। ਬਹੁਤ ਸਾਰੇ ਡਿਗਰੀ ਹੋਲਡਰ ਤੇ ਪ੍ਰੋਫੈਸ਼ਨਲ ਲੋਕ ਮਾਨਤਾ ਪ੍ਰਾਪਤ ਹੋਣ ਨੂੰ ਤਰਸ ਰਹੇ ਹਨ ਪਰ ਉਹਨਾਂ ਨੂੰ ਕੰਮ ਕਰਨ ਦੀ ਇਜਾਜਤ ਨਹੀ ਮਿਲ ਰਹੀ। ਲੋਕਾਂ ਨੂੰ ਸਿਹਤ ਸਹੂਲਤਾਂ ਲਈ ਦੂਸਰੇ ਮੁਲਕਾਂ ਵੱਲ ਰੁਖ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕੰਸਰਵੇਟਿਵ ਸਰਕਾਰ ਆਉਣ ਤੇ ਵਿਦੇਸ਼ ਤੋ ਆਉਣ ਵਾਲੇ ਡਾਕਟਰ ਤੇ ਨਰਸਾਂ ਨੂੰ ਮਾਨਤਾ ਦੇਕੇ ਉਹਨਾਂ ਤੋਂ ਸਿਹਤ ਸੇਵਾਵਾਂ ਲਈਆਂ ਜਾਣਗੀਆਂ। ਟਰੰਪ ਦੀਆਂ ਟੈਰਿਫ ਧਮਕੀਆਂ ਬਾਰੇ ਉਹਨਾਂ ਕਿਹਾ ਕਿ ਮੁਲਕ ਨੂੰ ਅਜਿਹੀਆਂ ਧਮਕੀਆਂ ਨੂੰ ਸਖਤੀ ਨਾਲ ਸਿੱਝਣ ਦੇ ਨਾਲ ਆਪਣੀ ਆਰਥਿਕ ਮਜ਼ਬੂਤੀ ਵਲ ਵਿਸ਼ੇਸ਼ ਧਿਆਨ ਦੀ ਲੋੜ ਹੈ। ਸਰਹੱਦਾਂ ਉਪਰ ਚੌਕਸੀ ਵਧਾਉਣ ਦੀ ਲੋੜ ਹੈ ਤੇ ਮਿਲਟਰੀ ਨੂੰ ਵੀ ਮਜ਼ਬੂਤ ਕਰਨਾ ਹੋਵੇਗਾ। ਉਹਨਾਂ ਟਰੰਪ ਦੀਆਂ ਧਮਕੀਆਂ ਤੇ ਨੀਤੀਆਂ ਨੂੰ ਇਕ ਰੀਅਲ ਇਸਟੇਟ ਵਪਾਰੀ ਦੀ ਮਾਨਸਿਕਤਾ ਚੋਂ ਉਪਜੀ ਵਿਸੰਗਤੀ ਦੱਸਿਆ। ਉਹਨਾਂ ਕਿਹਾ ਕਿ ਪੈਸੇ ਦੇ ਭੁੱਖੇ ਸਿਆਸਤਦਾਨ ਕਦੇ ਵੀ ਲੋਕ ਭਲਾਈ ਬਾਰੇ ਨਹੀ ਸੋਚ ਸਕਦੇ।

ਤਸਵੀਰਾਂ- ਸੁਖਵੰਤ ਢਿੱਲੋਂ

Leave a Reply

Your email address will not be published. Required fields are marked *