Headlines

ਡਾ ਧਾਲੀਵਾਲ ਦੇ ਪਿਤਾ ਭਾਈ ਹਰਪਾਲ ਸਿੰਘ ਲੱਖਾ ਨੂੰ ਭਾਵ-ਭਿੰਨੀ ਸ਼ਰਧਾਂਜਲੀ

ਐਬਸਫੋਰਡ, 22 ਜਨਵਰੀ (ਹਰਦਮ ਮਾਨ)-ਉਘੇ ਪੱਤਰਕਾਰ ਤੇ ਰੀਐਲਟਰ ਡਾ ਗੁਰਵਿੰਦਰ ਸਿੰਘ ਧਾਲੀਵਾਲ ਦੇ ਸਤਿਕਾਰਯੋਗ ਪਿਤਾ ਜੀ, ਸਿੱਖ ਵਿਦਵਾਨ ਅਤੇ ਪੰਥਕ ਲਿਖਾਰੀ ਭਾਈ ਹਰਪਾਲ ਸਿੰਘ ਲੱਖਾ ਨੂੰ ਬੀਤੇ ਐਤਵਾਰ ਐਬਸਫੋਰਡ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਜੈਕਾਰਿਆਂ ਨਾਲ ਚੜ੍ਹਦੀ ਕਲਾ ਵਿੱਚ ਸਸਕਾਰ ਕੀਤਾ ਗਿਆ। ਵਿਲੱਖਣ ਪੱਖ ਇਹ ਸੀ ਕਿ ਅੰਤਮ ਸੰਸਕਾਰ, ਗੁਰਬਾਣੀ ਦੇ ਪ੍ਰਭਾਵ ਅਤੇ ਹੁਕਮ, ਭਾਣੇ ਤੇ ਰਜ਼ਾ ਵਿੱਚ, ਗੁਰਮਤਿ ਸਮਾਗਮ ਹੋ ਨਿਬੜਿਆ। ਸਿੱਖ ਵਿਰਾਸਤ ਦੇ ਰੰਗ ਵਿੱਚ ਰੰਗੇ ਹੋਏ ਭਾਈ ਹਰਪਾਲ ਸਿੰਘ ਦਾ ਜੱਦੀ ਪਿੰਡ ਲੱਖਾ, ਜ਼ਿਲਾ ਲੁਧਿਆਣਾ ਸੀ ਤੇ ਲੰਮਾ ਸਮਾਂ ਜਲੰਧਰ ਸ਼ਹਿਰ ਵਿਖੇ ਰਹੇ ਤੇ ਸੰਨ 2003 ਤੋਂ ਕੈਨੇਡਾ ਰਹਿ ਰਹੇ ਸਨ, ਜੋ ਕਿ ਪਿਛਲੇ ਦਿਨੀਂ 85 ਸਾਲ ਦੀ ਉਮਰ ਵਿੱਚ ਸੱਚਖੰਡ ਜਾ ਬਿਰਾਜੇ ਸਨ। ਸਸਕਾਰ ਮੌਕੇ, ਭਾਈ ਸਾਹਿਬ ਦੇ ਸ਼ਰਧਾਂਜਲੀ ਸਮਾਗਮ ਵਿੱਚ ਕੈਨੇਡਾ ਦੀਆਂ ਦੀਆਂ ਸਿੱਖ ਸੰਸਥਾਵਾਂ, ਸਾਹਿਤਕ ਸੰਸਥਾਵਾਂ ਅਤੇ ਮੀਡੀਆ ਸ਼ਖਸ਼ੀਅਤਾਂ ਹਾਜ਼ਰ ਹੋਈਆਂ। ਇਸ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੀ ਪ੍ਰਬੰਧਕ ਕਮੇਟੀ, ਸਿੱਖ ਅਕੈਡਮੀ ਸਰੀ ਦੇ ਪ੍ਰਿੰਸੀਪਲ ਪ੍ਰੋ. ਅਮਰੀਕ ਸਿੰਘ ਫੁੱਲ ਅਤੇ ਪਿੰਡ ਚੱਕਰ ਵਾਸੀਆਂ ਵੱਲੋਂ ਭਾਈ ਲੱਖਾ ਨੂੰ ਪੰਥਕ ਸਨਮਾਨ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਸਿੱਖ ਪ੍ਰਚਾਰ ਲਹਿਰ ਅਧੀਨ ਭਾਈ ਹਰਪਾਲ ਸਿੰਘ ਲੱਖਾ ਨੇ ਪਿੰਡ ਚੱਕਰ ਵਿਖੇ 1975 ਵਿੱਚ ਗੁਰਦੁਆਰਾ ਅਸਥਾਨ ਦਾ ਨੀਂਹ ਪੱਥਰ ਰੱਖਿਆ ਸੀ। ਵਿਸ਼ਵ ਸਿੱਖ ਸੰਸਥਾ ਅਤੇ ਗੁਰੂ ਨਾਨਕ ਇੰਸਟੀਟਿਊਟ ਦੇ ਸੰਸਥਾਪਕ ਭਾਈ ਗਿਆਨ ਸਿੰਘ ਸੰਧੂ ਨੇ ਭਾਈ ਹਰਪਾਲ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਦੱਸਿਆ ਕਿ ਉਹਨਾਂ ਨੇ ਜਿੱਥੇ ਅਨੇਕਾਂ ਸ਼ਖ਼ਸੀਅਤਾਂ ਨੂੰ ਗੁਰਬਾਣੀ, ਕੀਰਤਨ, ਕਵੀਸ਼ਰੀ, ਕਥਾ, ਸਿੱਖੀ ਵਿਰਾਸਤ, ਇਤਿਹਾਸ, ਮਾਂ ਬੋਲੀ ਪੰਜਾਬੀ ਅਤੇ ਕਾਵਿ ਸਾਹਿਤ ਨਾਲ ਜੋੜਿਆ, ਉੱਥੇ ਪਰਿਵਾਰਕ ਅਤੇ ਭਾਈਚਾਰਕ ਪੱਧਰ ‘ਤੇ ਜ਼ੁਬਾਨ ਤੇ ਪਛਾਣ ਅਤੇ ਊੜੇ ਤੇ ਜੂੜੇ ਦੀ ਸੰਭਾਲ ਦੀ ਪ੍ਰੇਰਨਾ ਦਿੱਤੀ। ਮਾਂ ਬੋਲੀ ਪੰਜਾਬੀ ਤੇ ਸਿੱਖ ਸਾਹਿਤ, ਕਵੀਸ਼ਰੀ ਪ੍ਰਸੰਗ ਲਿਖੇ ਅਤੇ ਅਨੇਕਾਂ ਸ਼ਗਿਰਦ ਤਿਆਰ ਕੀਤੇ।

ਭਾਈ ਸਾਹਿਬ ਦੀ ਪੋਤੀ ਬੀਬੀ ਸਾਹਿਬ ਕੌਰ ਨੇ ਰੱਬੀ ਰੂਹ ਤੇ ਸਿੱਖੀ ਦੀ ਮਹਿਕ ਭਰਪੂਰ ਪਿਤਾ ਜੀ ਦੀ ਸਖ਼ਸੀਅਤ ਬਾਰੇ ਕਵਿਤਾ ਸਾਂਝੀ ਕੀਤੀ ਅਤੇ ਪੋਤੇ ਰਹਿਮਤ ਸਿੰਘ ਨੇ ਸਿੱਖੀ ਜਜ਼ਬੇ ਤੇ ਚੜਦੀ ਕਲਾ ਵਾਲੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਬੀਬੀ ਹਰਪ੍ਰੀਤ ਕੌਰ, ਇੱਕਜੋਤ ਕੌਰ, ਭਾਈ ਹਰਜੀਤ ਸਿੰਘ ਅਤੇ ਭਾਈ ਬਾਜ ਸਿੰਘ ਜੱਸਲ ਨੇ ਵਿਚਾਰ ਸਾਂਝੇ ਕੀਤੇ।

ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਵਿਖੇ ਜਿੱਥੇ ਪਰਿਵਾਰ ਦੇ ਬੱਚਿਆਂ ਨੇ ਵੈਰਾਗਮਈ ਕੀਰਤਨ ਕੀਤਾ, ਉੱਥੇ ਭਾਈ ਹਾਕਮ ਸਿੰਘ ਅਤੇ ਭਾਈ ਅਵਤਾਰ ਸਿੰਘ ਦੇ ਜਥਿਆਂ ਨੇ ਸ਼ਬਦ ਗਾਇਨ ਕੀਤੇ ਅਤੇ ਸਿੱਖ ਵਿਦਵਾਨ ਭਾਈ ਸਾਹਿਬ ਸਿੰਘ ਨੇ ਭਾਈ ਹਰਪਾਲ ਸਿੰਘ ਲੱਖਾ ਦੀ ਸ਼ਖ਼ਸੀਅਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਉਹਨਾਂ ਕੀਰਤਨ ਸੋਹਿਲਾ ਦਾ ਪਾਠ ਅਤੇ ਸਿਮਰਨ ਸਰਵਣ ਕਰਦਿਆਂ, ਆਖਰੀ ਸਵਾਸਾਂ ਨਾਲ ਸਿੱਖੀ ਨਿਭਾਈ। ਸਿੱਖ ਸੰਸਥਾਵਾਂ ਵੱਲੋਂ ਭਾਈ ਜਸਵਿੰਦਰ ਸਿੰਘ (ਗੁਰਦੁਆਰਾ ਸਿੰਘ ਸਭਾ ਸਰੀ) ਨੇ ਵਿਚਾਰ ਸਾਂਝੇ ਕੀਤੇ ਅਤੇ ਢਾਡੀ ਜਥੇ ਭਾਈ ਦੇਸਾ ਸਿੰਘ ਨੇ ਭਾਈ ਹਰਪਾਲ ਸਿੰਘ ਲੱਖਾ ਦੀ ਕਵਿਤਾ ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਭਾਈ ਸਾਹਿਬ ਦੇ ਸਪੁੱਤਰ ਡਾ. ਗੁਰਵਿੰਦਰ ਸਿੰਘ ਨੇ ਸਮੂਹ ਸੰਸਥਾਵਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

 ਸਿੱਖ ਵਿਦਵਾਨ ਭਾਈ ਹਰਪਾਲ ਸਿੰਘ ਲੱਖਾ ਦੇ ਅੰਤਿਮ ਸੰਸਕਾਰ ਮੌਕੇ ਸਮਾਗਮ ਦੀਆਂ ਤਸਵੀਰਾਂ।

Leave a Reply

Your email address will not be published. Required fields are marked *