ਸਰੀ (ਮਹੇਸ਼ਇੰਦਰ ਸਿੰਘ ਮਾਂਗਟ )- ਮੌਜੂਦਾ ਦੌਰ ‘ਚ ਕਿਸੇ ਵੀ ਮਾਧਿਅਮ ਰਾਹੀਂ ਲੋਕ ਮੁੱਦੇ ਉਠਾਉਣਾ ਤੇ ਖ਼ਾਸਕਰ ਪੰਜਾਬ ਤੇ ਪੰਜਾਬੀਆਂ ਦੇ ਗੰਭੀਰ ਤੇ ਚਿੰਤਾ ਵਾਲੇ ਮੁੱਦਿਆਂ ਨੂੰ ਵਿਦੇਸ਼ ‘ਚ ਬੈਠ ਕੇ ਮੀਡੀਆ ਮੰਚ ਤੋਂ ਉਠਾਉਣਾ ਖੁਦ ਲਈ ਤੇ ਪਰਿਵਾਰ ਲਈ ਕਿਸੇ ਜ਼ੋਖਮ ਤੋਂ ਘੱਟ ਨਹੀਂ, ਪਰ ਮੈਂ ਹਮੇਸ਼ਾ ਬੇਖੌਫ ਤੇ ਨਿੱਡਰਤਾ ਨਾਲ ਇਸ ਡਿਊਟੀ ਨੂੰ ਨਿਭਾਉਂਦਾ ਆ ਰਿਹਾ ਹਾਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰੀ-ਨਿਊਟਨ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਸ੍ਰ ਹਰਜੀਤ ਸਿੰਘ ਗਿੱਲ ਨੇ ਬੀਤੇ ਦਿਨੀ ਕੁੜੀ -ਮੁੰਡਿਆਂ ਦੀ ਲੋਹੜੀ ਸਮਾਗਮ ਮੌਕੇ ਇਕ ਸੰਖੇਪ ਮਿਲਣੀ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਪੰਜਾਬੀਆਂ ਦੇ ਮਸਲਿਆਂ ਨੂੰ ਉਠਾਉਣ ਤੇ ਪੰਜਾਬੀਆਂ ਦੀ ਸਫ਼ਲਤਾ ਲਈ ਇਥੇ ਲੰਬੇ ਸਮੇਂ ਤੋਂ ਰੇਡੀਓ ਮੰਚ ‘ਤੇ ਯਤਨਾਂ ਦੇ ਨਾਲ-ਨਾਲ ਉਠੇ ਲੋਕ ਸੰਘਰਸ਼ਾਂ ‘ਚ ਸ਼ਾਮਿਲ ਹੋ ਕੇ ਆਪਣੇ ਭਾਈਚਾਰੇ ਸਮੇਤ ਇਥੋਂ ਦੇ ਹਰ ਵਰਗ ਦੇ ਲੋਕਾਂ ਨਾਲ ਹਮੇਸ਼ਾ ਖੜਦਾ ਰਿਹਾ ਹਾਂ ਤੇ ਦਹਾਕਿਆਂ ਤੋਂ ਇਹ ਤਦ ਹੀ ਸੰਭਵ ਰਿਹਾ ਕੇ, ਤੁਸੀਂ ਲੋਕ, ਖਾਸਕਰ ਮੇਰਾ ਆਪਣਾ ਪੰਜਾਬੀ ਭਾਈਚਾਰਾ ਮੇਰੀ ਪਿੱਠ ‘ਤੇ ਰਿਹਾ, ਹੁਣ ਮੈਂ ਲੋਕ ਮਸਲੇ ਉਠਾਉਣ ਦੇ ਨਾਲ ਪਾਰਲੀਮੈਂਟ ‘ਚ ਜਾ ਕੇ ਉਨ੍ਹਾਂ ਦੇ ਹੱਲ ਆਪਣੇ ਹੱਥ ਲੈਣ ਲਈ ਤੁਹਾਡੀ ਹੱਲਾਸ਼ੇਰੀ ਤੇ ਥਾਪੜੇ ਨਾਲ ਤੁਰਿਆ ਹਾਂ , ਜਦੋਂ ਲੋਕਾਂ ਦੀ ਤਾਕਤ ਨਾਲ ਹੋਵੇ ਤੇ ਜਜ਼ਬਾ ਹੋਵੇ ਫਿਰ ਲੜਾਈ ਸਫਲਤਾ ਦੀ ਮੰਜਿਲ ਤੱਕ ਲੈ ਜਾਂਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੁਣ ਮਸਲੇ ਉਠਾਉਣ ਦੇ ਨਾਲ ਮਸਲੇ ਹੱਲ ਕਰਨ ਦੀ ਤਾਕਤ ਵੀ ਦਿਓ, ਮੈਂ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਰੌਸ਼ਨ ਭਵਿੱਖ ਲਈ ਵਚਨਬੱਧ ਰਹਾਂਗਾ|