-ਨਹੀਂ ਮਿਲਿਆ ਪਾਣੀ ਅਤੇ ਵਰਤੋਂ ਯੋਗ ਬਰਤਨਾਂ ‘ਚ ਖਾਣਾ-
ਵੈਨਕੂਵਰ (ਬਰਾੜ-ਭਗਤਾ ਭਾਈ ਕਾ)- ਸਟਾਰ ਅਲਾਇੰਸ ਏਅਰ ਲਾਈਨਜ਼ ਦੇ ਜਹਾਜ਼ ਇੰਡੀਗੋ ਰਾਹੀਂ ਕੈਨੇਡਾ ਤੋਂ ਆਪਣੇ ਵਤਨ ਪੰਜਾਬ ਪਹੁੰਚੇ ਯਾਤਰੀਆਂ ਨਾਲ ਜਹਾਜ਼ ‘ਚ ਵਧੀਆ ਸਲੂਕ ਨਾ ਹੋਣਾ ਅਤੇ ਨਾ ਹੀ ਚੰਗੀਆਂ ਸੇਵਾਵਾਂ ਮਿਲਣ ਕਾਰਨ ਯਾਤਰੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕੈਨੇਡਾ ਤੋਂ ਦਿੱਲੀ ਪਹੁੰਚੇ ਯਾਤਰੀਆਂ ਵੱਲੋਂ ਦੱਸਿਆ ਗਿਆ ਕਿ ਉਹ ਵੈਨਕੂਵਰ ਤੋਂ ਤਰਕਿਸ਼ ਏਅਰ ਲਾਈਨਜ਼ ਦੇ ਜਹਾਜ਼ ਰਾਹੀਂ ਇਸਤਾਨਬੁਲ (ਤੁਰਕੀ) ਪਹੁੰਚੇ ਜਿੱਥੇ ਕੁਝ ਸਮਾਂ ਠਹਿਰਨ ਪਿੱਛੋਂ ਸਟਾਰ ਅਲਾਇੰਸ ਏਅਰ ਲਾਈਨਜ਼ ਦੇ ਇੰਡੀਗੋ ਜਹਾਜ਼ ਰਾਹੀਂ ਦਿੱਲੀ ਨੂੰ ਚੱਲ ਪਏ। ਪਹਿਲੀ ਉਡਾਣ ਵਿੱਚ ਸਾਰੀਆਂ ਸੇਵਾਵਾਂ ਬਹੁਤ ਵਧੀਆਂ ਦਿੱਤੀਆਂ ਗਈਆਂ ਦੱਸੀਆਂ ਗਈਆਂ ਪਰ ਇੰਡੀਗੋ ਜਹਾਜ਼ ਦੀ ਦੂਜੀ ਉਡਾਣ ਵਿੱਚ ਵਧੀਆ ਸੇਵਾਵਾਂ ਨਾ ਮਿਲਣ ਕਰਕੇ ਯਾਤਰੀਆਂ ਨੂੰ ਸਫ਼ਰ ਦੌਰਾਨ ਮੁਸ਼ਕਲਾਂ ਦਾ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਗੱਤੇ ਦੇ ਡੱਬਿਆਂ ਨੁਮੀ ਟਰੇਅ ‘ਚ ਭੋਜਨ ਦਿੱਤਾ ਗਿਆ ਜੋ ਕਿ ਪੂਰਾ ਖਾਣ ਜੋਗਾ ਵੀ ਨਹੀਂ ਸੀ। ਛੋਟੀਆਂ ਛੋਟੀਆਂ ਕੌਲੀਆਂ ‘ਚ ਨਾ ਮਾਤਰ ਖਾਣਾ ਦਿੱਤਾ ਗਿਆ ਅਤੇ ਨਾਲ ਲੱਕੜ ਦੇ ਚਮਚਿਆਂ ਸਮੇਤ ਘਟੀਆ ਬਰਤਨਾਂ ‘ਚ ਇਹ ਖਾਣਾ ਪਰੋਸਿਆ ਗਿਆ। ਨਾ ਮਾਤਰ ਦਿੱਤੀ ਗਈ ਚਾਹ ਵੀ ਠੰਢੀ ਦੱਸੀ ਜਾ ਰਹੀ ਹੈ। ਇੱਕ ਵਾਰ ਪਾਣੀ ਦੇਣ ਪਿੱਛੋਂ ਜਦੋਂ ਦੋਬਾਰਾ ਪਾਣੀ ਦੀ ਮੰਗ ਕੀਤੀ ਗਈ ਤਾਂ ਏਅਰ ਹੋਸਟ ਮੁੜ ਯਾਤਰੀਆਂ ਦੇ ਸਾਹਮਣੇ ਹੀ ਨਹੀਂ ਆਈਆਂ, ਕੀ ਜਹਾਜ਼ ‘ਚ ਪਾਣੀ ਵੀ ਖ਼ਤਮ ਹੋ ਗਿਆ ਸੀ? ਦੋਬਾਰਾ ਮੰਗੀ ਗਈ ਚਾਹ ਬਾਰੇ ਕਿਹਾ ਗਿਆ ਕਿ ਜੇ ਕਰ ਦੋਬਾਰਾ ਚਾਹ ਲੈਣੀ ਹੈ ਤਾਂ ਇੱਕ ਕੱਪ ਦੀ ਕੀਮਤ 200 ਰੁਪਏ ਅਦਾ ਕਰਨੀ ਪਵੇਗੀ। ਮਹਿੰਗੀਆਂ ਟਿਕਟਾਂ ਖ਼ਰੀਦਣ ਦੇ ਬਾਵਜੂਦ ਵੀ ਜਹਾਜ਼ਾਂ ਵਿੱਚ ਘਟੀਆ ਜਾਂ ਫਿਰ ਪੂਰਾ ਖਾਣ ਜੋਗਾ ਖਾਣਾ ਨਾ ਦਿੱਤਾ ਜਾਣਾ ਯਾਤਰੀਆਂ ਨਾਲ ਇੱਕ ਤਰਾਂ ਦਾ ਧੋਖਾ ਹੈ। ਇੰਡੀਗੋ ਦੇ ਇਸ ਜਹਾਜ਼ ਵਿੱਚ ਯਾਤਰੀਆਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਦਿੱਲੀ ਹਵਾਈ ਅੱਡੇ ‘ਤੇ ਉੱਤਰਨ ਸਮੇਂ ਇੱਕ ਫਾਰਮ ਵੀ ਭਰਕੇ ਦੇਣਾ ਪਵੇਗਾ ਜਿਸ ਵਿੱਚ ਯਾਤਰੀਆਂ ਦੀ ਸ਼ਨਾਖ਼ਤ ਅਤੇ ਉਸ ਦੇ ਪੂਰੇ ਪਤੇ ਸਮੇਤ ਫਲਾਈਟ ਨੰਬਰ ਅਤੇ ਫਲਾਈਟ ਦਾ ਸਮਾਂ ਵੀ ਦਰਜ ਹੋਣਾ ਜਰੂਰੀ ਦੱਸਿਆ ਜਾਵੇ। ਜਹਾਜ਼ ਵਿੱਚ ਤਕਰੀਬਨ ਸਾਰੀਆਂ ਏਅਰ ਹੋਸਟਾਂ ਪੰਜਾਬੀ ਹੀ ਦੱਸੀਆਂ ਗਈਆਂ ਹਨ। ਜਹਾਜ਼ ਵਿੱਚ ਸਫ਼ਰ ਕਰਨ ਬਾਰੇ ਵੀ ਕੋਈ ਬਹੁਤੀ ਜਾਣਕਾਰੀ ਨਹੀਂ ਦੱਸੀ ਗਈ ਕਿ ਉਨ੍ਹਾਂ ਨੇ ਸਫ਼ਰ ਕਰਨ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।