ਭਗਤੀ ਲਹਿਰ ਦੇ ਬਾਣੀਕਾਰਾਂ ਵਿਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਉੱਘਾ ਨਾਮ ਹੈ। ਉਨ੍ਹਾਂ ਦੀ ਜੀਵਨ ਸ਼ੈਲੀ ਮਾਨਵ ਨੂੰ ਕਿਰਤ ਨਾਲ ਜੋੜਦੀ ਹੈ। ਰਾਜ ਦਾ ਜੋ ਖਾਕਾ ਉਨ੍ਹਾਂ ‘ ਬੇਗਮਪੁਰਾ ਸਹਰ ਕੋ ਨਾਉ ‘ ਸ਼ਬਦ ਵਿਚ ਚਿਤਰਿਆ ਹੈ ਉਸ ਦਾ ਕੋਈ ਸਾਨੀ ਨਹੀਂ।ਉਹ ਅੱਜ ਤੋਂ ਲਗਭਗ ਸਾਢੇ ਛੇ ਸੌ ਸਾਲ ਪਹਿਲਾਂ ਹੋਏ ਵਿਚਰੇ ਹਨ। ਉਨ੍ਹਾਂ ਦੀ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਸ਼ੋਭਿਤ ਹਨ , ਜਿਨ੍ਹਾਂ ਨੂੰ ਬਾਣੀ ਕੇ ਬੋਹਿਥੁ ਗੁਰੂ ਅਰਜਨ ਦੇਵ ਜੀ ਦੀ ਦੈਵੀ ਦ੍ਰਿਸ਼ਟੀ ਪ੍ਰਾਪਤ ਹੋਣ ਕਾਰਨ ਪ੍ਰਮਾਣਿਕ ਮੰਨੇ ਜਾਂਦੇ ਹਨ।ਪਰ ਗੁਰੂ ਰਵਿਦਾਸ ਜੀ ਨੇ ਆਪਣੀ ਲੰਮੀ ਉਮਰ ਵਿਚ 40 ਸ਼ਬਦਾਂ ਦੀ ਰਚਨਾ ਕੀਤੀ ਹੋਵੇ, ਮੰਨਣ ਯੋਗ ਨਹੀਂ ਹੈ। ਸਮੱਸਿਆ ਇਹ ਹੈ ਕਿ ਉਨ੍ਹਾਂ ਦੀ ਹੋਰ ਬਾਣੀਕਾਰਾਂ ਵਾਂਗੂੰ ਆਪਣੀ ਕੋਈ ਹੱਥ ਲਿਖਤ ਪ੍ਰਾਪਤ ਨਹੀਂ ਹੈ। ਇਸ ਲਈ ਸਾਨੂੰ ‘ਸ਼੍ਰੀ ਰਵਿਦਾਸ ਦੀਪ ਗ੍ਰੰਥ ‘ , ‘ਆਦਿ ਪ੍ਰਕਾਸ਼ ਰਚਨਾਕਾਰ ਗ੍ਰੰਥ ‘ , ਸ੍ਰੀ ਰਵਿਦਾਸ ਪ੍ਰਗਾਸੁ ‘, ਗੁਰਸਿਖਿਆ ਸਾਹਿਬ, ਆਦਿ ਗੁਰਬਾਣੀ ਗ੍ਰੰਥ ਆਦਿ ਦਾ ਸਹਾਰਾ ਲੈਣਾ ਪੈਂਦਾ ਹੈ ਜਿਸ ਵਿਚ ਉਨ੍ਹਾਂ ਦੀ ਬਾਣੀ ਦੇ ਸ਼ਬਦ ਮਿਲਦੇ ਹਨ। ਇਨ੍ਹਾਂ ਗ੍ਰੰਥਾਂ ਦੇ ਰਚੇਤਾ ਵਿਦਵਾਨ ਤਾਂ ਸਨ ਪਰ ਉਨ੍ਹਾਂ ਵਿਧੀਵਤ ਕੋਈ ਤਾਲੀਮ ਹਾਸਿਲ ਨਹੀਂ ਸੀ ਕੀਤੀ। ਆਵਾਜਾਈ,ਸੰਚਾਰ ਦੇ ਸਾਧਨਾਂ ਅਤੇ ਆਮ ਗਿਆਨ ਦੀ ਘਾਟ ਕਾਰਨ ਆਪਣੇ ਗ੍ਰੰਥਾਂ ਵਿਚ ਕਿਸੇ ਸਰੋਤ ਦੀ ਦੱਸ ਨਹੀਂ ਪਾਈ ਜਿੱਥੋਂ ਉਨ੍ਹਾਂ ਇਹ ਬਾਣੀ ਪ੍ਰਾਪਤ ਕੀਤੀ ਸੀ। ਉਪਰੋਕਤ ਗ੍ਰੰਥਾਂ ਵਿਚ ਮਿਲਦੇ ਸ਼ਬਦਾਂ ਵਿਚ ਕਈ ਵਾਧੇ ਘਾਟੇ ਵੀ ਹਨ।ਇਹੀ ਹਾਲ ਗੁਰੂ ਰਵਿਦਾਸ ਜੀ ਦੀ ਬਾਣੀ ‘ਤੇ ਖੋਜ ਕਰਨ ਵਾਲੇ ਵੱਡੇ ਵਿਦਵਾਨਾਂ ਦਾ ਹੈ। ਡਾ ਧਰਮਪਾਲ ਸਿੰਗਲ , ਸੰਤ ਜਗਬੀਰ ਸਿੰਹ,ਡਾ ਜਸਵੀਰ ਸਿੰਘ ਸਾਬਰ ਆਦਿ ਦੀ ਵਿਦਵਤਾ ‘ਤੇ ਕੋਈ ਕਿੰਤੂ ਨਹੀਂ । ਉਨ੍ਹਾਂ ਦਾਦੂ ਸੰਸਕ੍ਰਿਤ ਮਹਾਂਵਿਦਿਆਲਾ , ਜੈਪੁਰ, ਨਾਗਰੀ ਪ੍ਰਚਾਰਿਣੀ ਸਭਾ, ਬਨਾਰਸ, ਰਾਜਸਥਾਨ ਪ੍ਰਾਚਯ ਵਿਦਿਯਾ ਪ੍ਰਤਿਸ਼ਠਾਨ , ਉਦੈਪੁਰ ਆਦਿ ਜੇਹੇ ਅਦਾਰਿਆਂ ਤਕ ਪਹੁੰਚ ਕਰ ਕੇ ਉਨ੍ਹਾਂ ਦੀ ਬਾਣੀ ਲੱਭਣ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੂੰ ਜਿਸ ਰੂਪ ਵਿਚ ਵੀ ਰਵਿਦਾਸ ਜੀ ਦੀ ਬਾਣੀ ਮਿਲੀ, ਉਸੇ ਰੂਪ ਵਿਚ ਪਰੋਸ ਦਿੱਤੀ। ਕਾਵਿ ਜੁਗਤਾਂ ਤੋਂ ਅਨਜਾਣ ਹੋਣ ਕਾਰਨ ਉਨ੍ਹਾਂ ਮਿਲੀ ਬਾਣੀ ਇੰਨ- ਬਿੰਨ ਆਪਣੀਆਂ ਪੁਸਤਕਾਂ ਵਿਚ ਦਰਜ ਕਰ ਦਿੱਤੀ। ਵੱਡੇ ਨਾਮ ਹੋਣ ਕਰ ਕੇ ਉਨ੍ਹਾਂ ਦੀ ਨਿਗਰਾਨੀ ਹੇਠ ਪੀ ਐਚ ਡੀ ਕਰਨ ਵਾਲਿਆਂ ਉਨ੍ਹਾਂ ਦੀਆਂ ਪੁਸਤਕਾਂ ਲੈ ਕੇ ਮੱਖੀ ਤੇ ਮੱਖੀ ਮਾਰ ਦਿੱਤੀ।ਕਈਆਂ ਪਰੂਫ ਵੀ ਨਹੀਂ ਪੜ੍ਹੇ ਤੇ ਕੱਚੀ-ਪਿੱਲੀ ਬਾਣੀ ਆਪਣੇ ਥੀਸਿਸ ਵਿਚ ਲਿਖ ਦਿੱਤੀ। ਡਿਗਰੀ ਲੈ ਕੇ ਆਪਣੇ ਨਾਮ ਨਾਲ ‘ਡਾ’ ਲਾ ਕੇ ਪੁਸਤਕ ਛਾਪਵਾ ਦਿੱਤੀ। ਇਸ ਵਿਚ ਪਾਠਕ ਦਾ ਕਸੂਰ ਕੋਈ ਨਹੀਂ। ਉਹ ਮਨ ਹੀ ਮਨ ਵਿਚ ਭਰਮ ਪਾਲ ਲੈਂਦਾ ਹੈ ਕਿ ਉਹ ਖੋਜੀ ਵਿਦਵਾਨ ਨੂੰ ਪੜ੍ਹ ਰਿਹਾ ਹੈ। ਜੇਕਰ ਪਾਠਕ ਕਥਾਵਾਚਕ, ਕਵੀਸ਼ਰ , ਵਕਤਾ ਆਦਿ ਹੋਵੇ ਤਾਂ ਉਹ ਛਾਤੀ ਠੋਕ ਕੇ ਵਿਦਵਾਨ ਦਾ ਹਵਾਲਾ ਦੇ ਕੇ ਵੱਡੇ ਵੱਡੇ ਸਮਾਗਮਾਂ ਵਿਚ ਹਾਜ਼ਰੀ ਲੁਆ ਜਾਂਦਾ ਹੈ। ਲੋਕ ਸੁਣ ਲੈਂਦੇ ਹਨ ਤੇ ਆਪੋ ਵਿਚ ਵਿਚਾਰ ਚਰਚਾ ਸੁਣੀ ਸੁਣਾਈ ਗੱਲ ਦੀ ਕਰਦੇ ਹਨ। ਗੱਲ ਕਿਸੇ ਤਣ ਪੱਤਣ ਨਹੀਂ ਲੱਗਦੀ। ਇਨ੍ਹਾਂ ਵੱਡੇ ਵਿਦਵਾਨਾਂ ਦੀਆਂ ਲਿਖਤਾਂ ਦੇ ਮਾਰਫ਼ਤ ਰਵਿਦਾਸ ਜੀ ਦੀ ਕੱਚੀ ਬਾਣੀ ਨਵੇਂ ਹੋਂਦ ਵਿਚ ਆਏ ਗ੍ਰੰਥਾਂ ਦਾ ਹਿੱਸਾ ਬਣ ਚੁੱਕੀ ਹੈ ਜਿਸ ਨੂੰ ਸੰਗਤਾਂ ਸ਼ਰਧਾਪੂਰਵਕ ਮੱਥਾ ਟੇਕ ਰਹੀਆਂ ਹਨ। ਇਹ ਸਿਲਸਿਲਾ ਕਿੱਥੇ ਰੁਕੇਗਾ, ਭਵਿੱਖ ਦੇ ਗਰਭ ਵਿਚ ਹੈ।
ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਬਾਣੀ ਉੱਤੇ ਕੰਮ ਕਰਨ ਵਾਲਿਆਂ ਵਿਚ ਡਾ ਧਰਮਪਾਲ ਸਿੰਗਲ ਦਾ ਨਾਮ ਸਭ ਤੋਂ ਉੱਤੇ ਹੈ। ਉਸ ਦੀ ਇਕ ਹਿੰਦੀ ਪੁਸਤਕ ਹੈ ‘ਸੰਤ ਗੁਰੂ ਰਵਿਦਾਸ ਗ੍ਰੰਥਾਵਲੀ।’ ਇਸ ਪੁਸਤਕ ਵਿਚ ਉਸ ਨੇ ਪੰਨ੍ਹਾ 93 ਤੋਂ 101 ਤਕ ਸੰਤ ਜਗਬੀਰ ਸਿੰਹ, ਚੰਦਰਿਕਾ ਪ੍ਰਸਾਦ ਜਗਿਆਸੂ, ਡਾ ਜਸਵੀਰ ਸਿੰਘ ਸਾਬਰ ਆਦਿ ਦੇ ਹਵਾਲੇ ਨਾਲ ‘ਗੁਰੂ ਰਵਿਦਾਸ ਜੀ ਕੀ ਸਾਖੀਆਂ ‘ ਦਿੱਤੀਆਂ ਹਨ। ਇਸ ਵਿਚ ਦਰਜ 98% ਸਾਖੀਆਂ ਦੋਹਾ ਵਿਧਾ ਵਿਚ ਹਨ। ਭਾਵੇਂ ਅੱਖਰਾਂ ਦੀ ਵਾਧ ਘਾਟ ਕਈ ਥਾਈਂ ਰੜਕਦੀ ਹੈ ਜੋ ਇਕੱਤਰ ਕਰਨ ਵਾਲਿਆਂ ਦੀ ਕਾਵਿਕ ਸੂਝ ਨਾ ਹੋਣ ਕਾਰਨ ਸਮਝ ਆਉਂਦਾ ਹੈ। ਇਸ ਬਾਰੇ ਅਗਾਂਹ ਗੱਲ ਕਰਨ ਤੋਂ ਪਹਿਲਾਂ ਇਸ ਸਲੋਕ ਨੂੰ ਧਿਆਨ ਗੋਚਰੇ ਰੱਖਣਾ ਜ਼ਰੂਰੀ ਹੈ-
ਹਰਿ ਸੋ ਹੀਰਾ ਛਾਡਿ ਕੈ
ਕਰਹਿ ਆਨ ਕੀ ਆਸ।
ਤੇ ਨਰ ਦੋਜਕ ਜਾਹਿਗੇ
ਸਤਿ ਭਾਖੈ ਰਵਿਦਾਸ।।
ਪੰਨ੍ਹਾ -1377
ਉਪਰੋਕਤ ਸਲੋਕ ਵਾਂਗੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਵੀ ਦੋਹਿਰਾ ਵਿਧਾਨ ਅਨੁਸਾਰ ਰਚੇ ਗਏ ਮਿਲਦੇ ਹਨ। ਜੋ ਲੈਅਬੱਧ ਹਨ। ਰਾਗਾਤਮਿਕਤਾ ਹਰ ਸ਼ਬਦ ਦੀ ਆਤਮਾ ਹੈ। ਇਨ੍ਹਾਂ ਨੂੰ ਗਾਵਿਆਂ ਅੰਬਰ ਤੋਂ ਰਸ ਝਰਦਾ ਪ੍ਰਤੀਤ ਹੁੰਦਾ ਹੈ।ਜਿਸ ਨਾਲ ਆਤਮਾ ਨੂੰ ਸਕੂਨ ਮਿਲਦਾ ਹੈ।ਗੁਰੂ ਰਵਿਦਾਸ ਮਹਾਰਾਜ ਜੀ ਵੀ ਉਚਕੋਟੀ ਦੇ ਕੀਰਤਨੀਏ ਸਨ। ਉਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ 40 ਸ਼ਬਦ 16 ਰਾਗਾਂ ਦੀ ਨਿਯਮਾਵਲੀ ਅਨੁਸਾਰ ਖਰੇ ਉਤਰਦੇ ਹਨ ਜੋ ਉਨ੍ਹਾਂ ਦੀ ਰਾਗਾਂ ਪ੍ਰਤੀ ਡੂੰਘੀ ਸਮਝ ਦੇ ਲਖਾਇਕ ਹਨ । ਐਡੇ ਮਹਾਨ ਰਹਿਬਰ ਦੇ ਨਾਮ ਨਾਲ ਜਦੋਂ ਬੇ-ਸਿਰ ਪੈਰ ਸਾਖੀਆਂ ਜੋੜੀਆਂ ਮਿਲਦੀਆਂ ਹਨ ਤਾਂ ਵੱਡੇ ਵਿਦਵਾਨਾਂ ਦੀ ਵਿਦਵਤਾ ‘ਤੇ ਤਰਸ ਆਉਂਦਾ ਹੈ ਜਿਨ੍ਹਾਂ ਦੀਆਂ ਲਿਖਤਾਂ ਗੁਰੂ ਰਵਿਦਾਸ ਜੀ ਦੀ ਉਪਮਾ ਨੂੰ ਬੌਣਾ ਕਰਦੀਆਂ ਹਨ।ਡਾ ਸਿੰਗਲ ਦੀ ਪੁਸਤਕ ਵਿਚੋਂ ਪਾਠਕਾਂ ਲਈ ਕੁਝ ਵੰਨਗੀਆਂ ਪੇਸ਼ ਹਨ –
ਜਿਸਤੇ ਪ੍ਰੇਮਾਨੰਦ ਮਣੀ,
ਪਾਯਾ ਪਰਮ ਪਵਿਤਰ।
ਸਧਾਰਣ ਮਣੀ ਕਯਾ ਉਸੇ,
ਕਯੋ ਸੁਹਾਤਾ ਮਿਤਰ। (ਪੰਨ੍ਹਾ 96)
ਆਦਿ ਅੰਤ ਨਿਜ ਧਰਮ ਹੈ,
ਸੁਖੀ ਹੋਤ ਮਾਨਵ।
ਈਹੀ ਤਨ ਮਨ ਬਚਨ ਤੈਂ,
ਰਵਿਦਾਸ ਸੇਵੈ ਰਾਘਵ। (ਪੰਨ੍ਹਾ 98)
ਆਪ ਖਾਵੈ ਔਰ ਖਲਾਵੈ,
ਜਗ ਮੇਂ ਕਰਹਿ ਮਜੂਰੀ।
ਕਹਿ ਰਵਿਦਾਸ ਸੁਨਹੁ ਸੰਤੋ,
ਉਨਕੀ ਭਗਤੀ ਪੂਰੀ। (ਪੰਨ੍ਹਾ 99)
ਕਾਹੇ ਬਨ ਖੋਜਤ ਫਿਰੇ,
ਕਾਹੇ ਧੂਨੀ ਰਮਾਈ।
ਰਵਿਦਾਸ ਰਾਮ ਅੰਤਰ ਬਸੈ,
ਜਿਉਂ ਮੋਕਰ ਮੇਂ ਛਾਈ। ( 100)
ਉਪਰੋਕਤ ਬੰਦ (ਸਾਖੀਆਂ) ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨਾਲ ਮੱਲੋਮੱਲੀ ਜੋੜੀਆਂ ਗਈਆਂ ਹਨ। ਵਿਚਾਰ ਪੱਖੋਂ ਇਹ ਅਤਿਅੰਤ ਪੇਤਲੀਆਂ ਹਨ ਤੇ ਇਨ੍ਹਾਂ ਵਿਚ ਬਾਣੀ ਵਰਗੀ ਕੋਈ ਡੂੰਘਾਈ ਹੈ ਹੀ ਨਹੀਂ।ਇਸ ਪੇਤਲੇਪਨ ਨੂੰ ਅੱਖੋਂ ਪਰੋਖੇ ਵੀ ਕਰ ਦਿੱਤਾ ਜਾਵੇ ਤਦ ਵੀ ਇਹ ਦੋਹਿਰਾ ਕਾਵਿ ਰੂਪ ਤੋਂ ਕੋਹਾਂ ਦੂਰ ਹਨ।ਹਰ ਤੁਕ ਦਾ ਅੰਤ ਗੁਰੂ ਲਘੂ ਨਾਲ ਹੋਣਾ ਚਾਹੀਦਾ ਹੈ ਜੋ ਕਿਸੇ ਅਨਾੜੀ ਰਚੇਤਾ ਦੀ ਜਾਣਕਾਰੀ ਵਿਚ ਨਹੀਂ। ਰਾਗਾਂ ‘ਤੇ ਮੁਹਾਰਤ ਰੱਖਣ ਵਾਲੇ ਗੁਰੂ ਰਵਿਦਾਸ ਮਹਾਰਾਜ ਜੀ ਏਹੋ ਜਿਹੀ ਹਲਕੀ ਰਚਨਾ ਨਹੀਂ ਰਚ ਸਕਦੇ। ਸਾਨੂੰ ਉਨ੍ਹਾਂ ਦੀ ਸਹੀ ਬਾਣੀ ਦਾ ਨਿਖੇੜਾ ਕਰਨ ਦੀ ਲੋੜ ਹੈ।ਨਵੇਂ ਲੇਖਕਾਂ ਨੂੰ ਮਹਿਜ ਖ਼ਾਨਾਪੂਰਤੀ ਲਈ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਬਾਣੀ ਜੇਹੇ ਸੰਜੀਦਾ ਵਿਸ਼ੇ ‘ਤੇ ਪੁਸਤਕ ਲਿਖਣ ਤੋਂ ਪਹਿਲਾਂ ਇਤਿਹਾਸ , ਰਾਗਾਂ ਦੀ ਰਾਗਾਤਮਿਕਤਾ ਅਤੇ ਕਾਵਿਕ ਵਿਧਾਵਾਂ ਦਾ ਡੂੰਘਾ ਅਧਿਐਨ ਕਰਨਾ ਚਾਹੀਦਾ ਹੈ ਤਾਂ ਜੋ ਗੁਰੂ ਸਾਹਿਬ ਦੀਆਂ ਵਡਿਆਈਆਂ ਨੂੰ ਕਾਇਮ ਦਾਇਮ ਰੱਖਿਆ ਜਾ ਸਕੇ। ਅਗੜ -ਦੁਗੜੀ ਬਾਣੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਮੜ੍ਹ ਕੇ ਮੱਥੇ ਟੇਕਣ ਅਤੇ ਟਿਕਵਾਉਣ ਵਾਲਿਆਂ ਦੇ ਅੱਖਾਂ ਮੀਟ ਕੇ ਭਾਗੀਦਾਰ ਨਹੀਂ ਬਣਨਾ ਚਾਹੀਦਾ।ਇਸ ਪ੍ਰਵਿਰਤੀ ਨੂੰ ਠੱਲ੍ਹ ਪਾਉਣ ਲਈ ਅੰਧ ਵਿਸ਼ਵਾਸ਼ ਤੋਂ ਉੱਪਰ ਉੱਠ ਕੇ ਵਿਚਰਨਾ ਪਵੇਗਾ।ਤਦ ਹੀ ਗੁਰੂ ਸਾਹਿਬ ਦੀ ਸਹੀ ਬਾਣੀ ਦਾ ਮਿਲਾਵਟੀ ਬਾਣੀ ਤੋਂ ਨਿਖੇੜਾ ਸੰਭਵ ਹੈ।
*
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜ਼ਿਲ੍ਹਾ ਜਲੰਧਰ (ਪੰਜਾਬ)
94652-25722