ਸਰੀ ( ਪ੍ਰਭਜੋਤ ਕਾਹਲੋਂ)- ਸਿਟੀ ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ ਦੇ ਬਿਲਡਿੰਗ ਬਾਈਲਾਅ ਦੀ ਉਲੰਘਣਾ ਕਰਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਇਮਾਰਤ ਦਾ ਨਿਰਮਾਣ ਕੀਤਾ ਹੈ।
ਮੇਅਰ ਬਰੈਂਡਾ ਲੌਕ ਨੇ ਹੈ ਕਿ ਇਸ ਪ੍ਰੋਪਰਟੀ ਦੇ ਟਾਈਟਲ ‘ਤੇ ਨੋਟਿਸ ਦਾਇਰ ਕਰਨ ਨੂੰ ਮਨਜ਼ੂਰੀ ਦੇਣਾ, ਸਰੀ ਵਿੱਚ ਗੈਰ-ਕਾਨੂੰਨੀ ਉਸਾਰੀ ਲਈ ਕੌਂਸਲ ਦੀ ਜ਼ੀਰੋ-ਟੌਲਰੈਂਸ ਨੀਤੀ ਦਾ ਪ੍ਰਮਾਣ ਹੈ। “ਹੈਰਾਨੀ ਦੀ ਗੱਲ ਹੈ ਕਿ ਇਸ ਪ੍ਰੋਪਰਟੀ ਵਿੱਚ 7 ਗੈਰ-ਕਾਨੂੰਨੀ ਰਿਹਾਇਸ਼ੀ ਯੂਨਿਟਾਂ ਦੇ ਅੰਦਰ 10 ਗੈਰ-ਕਾਨੂੰਨੀ ਬੈੱਡਰੂਮ ਬਣਾਏ ਗਏ। ਬਹੁਤ ਸਾਰੇ ਜੁਰਮਾਨਿਆਂ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ, ਘਰ ਮਾਲਕਾਂ ਨੇ ਬਹੁਤ ਸਾਰੇ ਸਟਾਪ ਵਰਕ ਆਰਡਰਾਂ ਨੂੰ ਅਣਦੇਖਿਆ ਕਰ, ਵੱਡੇ-ਪੱਧਰ ਤੇ ਅਣ-ਅਧਿਕਾਰਤ ਉਸਾਰੀ ਨੂੰ ਜ਼ਾਰੀ ਰੱਖਿਆ। ਇਹਨਾਂ ਉਲੰਘਣਾਵਾਂ ਨੂੰ ਹੱਲ ਕਰਨ ਲਈ, ਸਾਡੀ ਇਲ-ਲੀਗਲ ਕੌਂਸਟ੍ਰਕਸ਼ਨ ਇਨਫੋਰਸਮੈਂਟ ਟੀਮ ਦੇ ਅਣਥੱਕ ਯਤਨਾਂ ਦਾ ਧੰਨਵਾਦ। ਇਨ੍ਹਾਂ ਨਿਯਮਾਂ ‘ਤੇ ਪਹਿਰਾ ਦਿੰਦੇ, ਅਸੀਂ ਸਪੱਸ਼ਟ ਸੁਨੇਹਾ ਦੇ ਰਹੇ ਹਾਂ ਕਿ ਸਰੀ ਸ਼ਹਿਰ ਵਿਚ ਗੈਰ-ਕਾਨੂੰਨੀ ਅਤੇ ਅਸੁਰੱਖਿਅਤ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ”।
ਟਾਈਟਲ ‘ਤੇ ਇਹ ਨੋਟਿਸ 20 ਜਨਵਰੀ, 2025 ਨੂੰ ਹੋਈ ਇੱਕ ਵਿਸ਼ੇਸ਼ ਕੌਂਸਲ ਦੀ ਮੀਟਿੰਗ ਦਾ ਨਤੀਜਾ ਹੈ, ਜਿੱਥੇ ਸਰੀ ਸਿਟੀ ਕਾਉਂਸਿਲ ਨੇ ਬਹੁਮੱਤ ਨਾਲ ਜਾਇਦਾਦ ਦੇ ਟਾਈਟਲ ‘ਤੇ ਨੋਟਿਸ ਦਾਇਰ ਕਰਨ ਦਾ ਫੈਸਲਾ ਲਿਆ ਹੈ ।
ਜੁਲਾਈ 2024 ਤੋਂ, ਹੁਣ ਤੱਕ ਕੌਂਸਲ ਵਲੋਂ 3 ਵਿਸ਼ੇਸ਼ ਮੀਟਿੰਗਾਂ ਕਰ, 4 ਵੱਖ-ਵੱਖ ਪ੍ਰੋਪਰਟੀਆਂ ਦੇ ਟਾਈਟਲ ਤੇ ਨੋਟਿਸ ਦਾਇਰ ਕੀਤਾ ਹੈ, ਜਿਸਨੇ 7 ਘਰ ਮਾਲਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਸਿਟੀ ਆਫ਼ ਸਰੀ ਨੇ ਗੈਰ-ਕਾਨੂੰਨੀ ਉਸਾਰੀ ਨਾਲ ਨਜਿੱਠਣ ਲਈ 2022 ਵਿੱਚ ਟੀਮ ਗਠਿਤ ਕੀਤੀ ਸੀ, ਤਾਂ ਜੋ ਸਿਟੀ ਦੇ ਬਾਈਲਾਅ ਨੂੰ ਲਾਗੂ ਕਰਨ ਅਤੇ ਰਿਹਾਇਸ਼ੀ ਉਸਾਰੀ ਜੋ ਬਿਨਾਂ ਪਰਮਿਟ, ਨਿਰੀਖਣ, ਜਾਂ ਸੁਰੱਖਿਆ ਮਾਪਦੰਡਾਂ ਦੇ ਕੀਤੀ ਜਾ ਰਹੀ ਹੈ, ਨੂੰ ਰੋਕਿਆ ਜਾ ਸਕੇ। ਸਿਟੀ ਨੇ ਗੈਰ-ਕਾਨੂੰਨੀ ਬਿਲਡਿੰਗ ਗਤੀਵਿਧੀਆਂ ਲਈ ਜੁਰਮਾਨੇ ਵੀ ਵਧਾ ਦਿੱਤੇ ਹਨ ਅਤੇ ਅਦਾਲਤੀ ਕਾਰਵਾਈ ਰਾਹੀਂ ਲਾਗੂ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਜੇ ਤੁਹਾਨੂੰ ਕਿਸੇ ਪ੍ਰੋਪਰਟੀ ਤੇ ਸ਼ੱਕ ਹੈ ਕਿ ਬਿਨਾਂ ਪਰਮਿਟ ਦੇ ਉਸਾਰੀ ਕੀਤੀ ਗਈ ਹੈ, ਇਸ ਬਾਰੇ ਸ਼ਿਕਾਇਤ bylawcomplaint@surrey.ca ‘ਤੇ ਈਮੇਲ ਕਰਕੇ ਜਾਂ 604-591-4370 ‘ਤੇ ਕਾਲ ਕਰਕੇ ਕਰੋ। ਤੁਸੀਂ ਸ਼ਿਕਾਇਤ ਔਨਲਾਈਨ ਇਸ ਲਿੰਕ ਤੇ ਜਾ ਕੇ ਵੀ ਕਰ ਸਕਦੇ ਹੋ।