ਐਬਸਫੋਰਡ ( ਨਵਰੂਪ ਸਿੰਘ)- ਬੀਤੇ ਐਤਵਾਰ ਨੂੰ ਐਬਸਫੋਰਡ-ਲੈਂਗਲੀ ਸਾਊਥ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਲਈ ਉਮੀਦਵਾਰ ਸਟੀਵ ਫਲੈਸ਼ਰ ਦੇ ਸਮਰਥਨ ਵਿਚ ਜੱਸ ਅਰੋੜਾ ਹਾਈਵੇਅ ਕਿੰਗ ਟਰਾਂਸਟਪੋਰਟ ਕੰਪਨੀ ਤੇ ਸੈਮ ਤੂਰ ਵਲੋਂ ਵਿਸ਼ਾਲ ਇਕੱਤਰਤਾ ਗਿਆਨ ਸਵੀਟਸ ਬੈਂਕੁਇਟ ਹਾਲ ਐਬਸਫੋਰਡ ਵਿਖੇ ਕਰਵਾਈ ਗਈ। ਇਸ ਮੌਕੇ ਸਟੀਵ ਫਲੈਸ਼ਰ ਨੇ ਆਪਣੀ ਜਾਣ ਪਹਿਚਾਣ ਕਰਵਾਉਂਦਿਆਂ ਆਗਾਮੀ ਫੈਡਰਲ ਚੋਣਾਂ ਵਿਚ ਉਹਨਾਂ ਵਲੋਂ ਕੰਸਰਵੇਟਿਵ ਉਮੀਦਵਾਰ ਵਜੋਂ ਚੋਣ ਲੜਨ ਬਾਰੇ ਆਪਣਾ ਮਕਸਦ ਸਾਂਝਾ ਕੀਤਾ। ਉਹਨਾਂ ਇਕ ਮਜ਼ਬੂਤ ਤੇ ਸ਼ਾਨਦਾਰ ਮੁਲਕ ਕੈਨੇਡਾ ਲਈ ਕੰਸਰਵੇਟਿਵ ਪਾਰਟੀ ਦੀਆਂ ਨੀਤੀਆਂ ਨੂੰ ਲੋਕ ਹਿੱਤੂ ਦਸਦਿਆਂ ਲਿਬਰਲ ਦੀਆਂ ਗਲਤ ਨੀਤੀਆਂ ਕਾਰਣ ਮੁਲਕ ਦੇ ਹੋਏ ਨੁਕਸਾਨ ਦਾ ਜ਼ਿਕਰ ਕੀਤਾ। ਉਹਨਾਂ ਕਾਰਬਨ ਟੈਕਸ ਅਤੇ ਹੋਰ ਲੋਕ ਵਿਰੋਧੀਆਂ ਨੀਤੀਆਂ ਦਾ ਖੁਲਾਸਾ ਕੀਤਾ। ਉਹਨਾਂ ਕਿਹਾ ਕਿ ਸਾਡੇ ਹਲਕੇ ਵਿਚ ਸੁਮਾਸ ਅਤੇ ਐਲਡਰਗਰੋਵ ਦੋ ਬਾਰਡਰ ਕਰਾਸਿੰਗ ਹਨ ਜਿਥੋ ਵੱਡੀ ਗਿਣਤੀ ਵਿਚ ਟਰੱਕਾਂ ਦੀ ਆਵਾਜਾਈ ਹੈ। ਇਹਨਾਂ ਬਾਰਡਰ ਕਰਾਸਿੰਗ ਉਪਰ ਸੁਰੱਖਿਆ ਦੇ ਪੁਖਤਾ ਇੰਤਜਾਮ ਇਕ ਵੱਡਾ ਮੁੱਦਾ ਹੈ। ਉਹਨਾਂ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਿਤ ਮੁਸ਼ਕਲਾਂ ਦੇ ਨਾਲ ਪਿਛਲੇ 9 ਸਾਲ ਦੇ ਸਮੇਂ ਦੌਰਾਨ ਅਪਰਾਧ ਦਰ ਵਿਚ ਲਗਾਤਾਰ ਵਾਧੇ ਲਈ ਟਰੂਡੋ ਸਰਕਾਰ ਨੂੰ ਜਿੰਮੇਵਾਰ ਦੱਸਿਆ ਤੇ ਕਿਹਾ ਕਿ ਇਹਨਾਂ ਸਭ ਸਮੱਸ਼ਿਆਵਾਂ ਦੇ ਹੱਲ ਅਤੇ ਲੋਕਾਂ ਦੀਆਂ ਜਿੰਦਗੀਆਂ ਨੂੰ ਸੌਖਾਲਾ ਬਣਾਉਣ ਲਈ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਇਕ ਸਮਰੱਥ ਆਗੂ ਹਨ। ਉਹਨਾਂ ਅੱਜ ਦੀ ਇਸ ਇਕੱਤਰਤਾ ਲਈ ਜੱਸ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕੰਸਰਵੇਟਿਵ ਐਮ ਐਲ ਏ ਕੋਰਕੀ ਤੇ ਹੋਰਾਂ ਨੇ ਸਟੀਵ ਦੀ ਨੌਮੀਨੇਸ਼ਨ ਦਾ ਸਮਰਥਨ ਕੀਤਾ। ਉਹਨਾਂ ਕਿਹਾ ਕਿ ਸਟੀਵ ਅਜਿਹਾ ਉਮੀਦਵਾਰ ਜੋ ਸਚਮੁੱਚ ਕੰਸਰਵੇਟਿਵ ਹੈ। ਉਹ ਉਹਨਾਂ ਚੋ ਨਹੀ ਜੋ ਪਹਿਲਾਂ ਹੋਰ ਪਾਰਟੀਆਂ ਵਿਚ ਸਨ ਤੇ ਫਿਰ ਨੌਮੀਨੇਸ਼ਨ ਲਈ ਕੰਸਰਵੇਟਿਵ ਵਿਚ ਆ ਜਾਂਦੇ ਹਨ। ਕੋਰਕੀ ਨੇ ਕਿਹਾ ਕਿ ਉਹ ਸਟੀਵ ਦਾ ਇਸ ਲਈ ਸਮਰਥਨ ਕਰਦਾ ਹੈ ਕਿ ਉਹ ਇਕ ਸੱਚਾ ਕੰਸਰਵੇਟਿਵ ਹੈ। ਇਸ ਮੌਕੇ ਆਏ ਲੋਕਾਂ ਲਈ ਚਾਹ ਅਤੇ ਸਨੈਕਸ ਦਾ ਖਾਸ ਇੰਤਜ਼ਾਮ ਕੀਤਾ ਗਿਆ ਸੀ। ਪ੍ਰਬੰਧਕਾਂ ਵਲੋਂ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਨੌਮੀਨੇਸ਼ਨ ਚੋਣ ਵਿਚ ਵੱਧ ਤੋਂ ਵੱਧ ਵੋਟਾਂ ਪਾਕੇ ਸਟੀਵ ਨੂੰ ਜਿਤਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਐਬਸਫੋਰਡ-ਲੈਂਗਲੀ ਸਾਉਥ ਹਲਕੇ ਤੋਂ ਕੰਸਰਵੇਟਿਵ ਉਮੀਦਵਾਰ ਲਈ ਨੌਮੀਨੇਸ਼ਨ ਚੋਣ ਵਿਚ ਬੀਸੀ ਦੇ ਸਾਬਕਾ ਮੰਤਰੀ ਮਾਈਕ ਡੀਜੌਂਗ. ਸੁਖਮਨ ਗਿੱਲ ਤੇ ਗੁਰਨੂਰ ਸਿੱਧੂ ਵੀ ਆਪੋ ਆਪਣੀ ਉਮੀਦਵਾਰੀ ਦਾ ਦਾਅਵਾ ਜਿਤਾ ਰਹੇ ਹਨ।