ਇਕੋ ਥਾਂ ਤਿੰਨ ਟਰਫਾਂ ਵਾਲਾ ਸਰੀ ਬਣੇਗਾ ਕੈਨੇਡਾ ਦਾ ਪਹਿਲਾ ਸ਼ਹਿਰ-
ਸਰੀ (ਪ੍ਰਭਜੋਤ ਕਾਹਲੋਂ)- ਆਉਂਦੇ ਸੋਮਵਾਰ ਦੀ ਰੈਗੂਲਰ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਲ ਨਿਊਟਨ ਵਿੱਚ 12601 – 64 ਐਵੇਨਿਊ ਵਿਖੇ ਸਥਿਤ ਟਮੈਨਾਵਿਸ ਪਾਰਕ ਵਿੱਚ ਇੱਕ ਨਵੇਂ ਸਿੰਥੈਟਿਕ ਟਰਫ ਦੇ ਨਿਰਮਾਣ ਲਈ $3.9M ਦਾ ਠੇਕਾ ਦੇਣ ਲਈ ਵੋਟ ਕਰੇਗੀ। ਇਹ ਕਮਿਊਨਿਟੀ ਪਾਰਕ, ਸਰੀ ਵਿੱਚ ਫੀਲਡ ਹਾਕੀ ਲਈ ਇੱਕ ਪ੍ਰਮੁੱਖ ਹੱਬ ਵਜੋਂ ਵਿਕਸਤ ਹੋ ਰਿਹਾ ਹੈ। ਇਸ ਪ੍ਰੋਜੈਕਟ ਦਾ ਮਕਸਦ ਫੀਲਡ ਹਾਕੀ ਟੂਰਨਾਮੈਂਟਾਂ ਲਈ ਮੌਜੂਦਾ ਸਹੂਲਤਾਂ ਵਿੱਚ ਵਾਧਾ ਕਰਨਾ ਹੈ।
ਸਰੀ ਦੇ ਮੇਅਰ ਬਰੈਂਡਾ ਲੌਕ ਦਾ ਕਹਿਣਾ ਹੈ ਕਿ , “ਟਮੈਨਾਵਿਸ ਪਾਰਕ ਵਿਖੇ ਤੀਜੇ ਸਿੰਥੈਟਿਕ ਹਾਕੀ ਮੈਦਾਨ ਦਾ ਜੋੜ ਨਾ ਸਿਰਫ਼ ਸਾਡੇ ਭਾਈਚਾਰੇ ਦੇ ਖੇਡ ਢਾਂਚੇ ਵਿੱਚ ਵਾਧਾ ਹੈ, ਸਗੋਂ ਸਰੀ ਨੂੰ ਇੱਕ ਅਜਿਹਾ ਕੈਨੇਡੀਅਨ ਸ਼ਹਿਰ ਵੀ ਬਣਾ ਦੇਵੇਗਾ, ਜਿੱਥੇ ਇੱਕ ਥਾਂ ‘ਤੇ ਤਿੰਨ ਪਾਣੀ-ਅਧਾਰਿਤ ਸਮਰਪਿਤ ਹਾਕੀ ਮੈਦਾਨ ਹੋਣਗੇ। ਨਵੀਆਂ ਸਹੂਲਤਾਂ ਸਥਾਨਕ ਹੁਨਰ ਨੂੰ ਉਤਸ਼ਾਹਤ ਕਰਦੀਆਂ ਹਨ, ਜਿਸ ਕਰਕੇ ਸਾਡੀ ਕਮਿਊਨਟੀ ਵਿੱਚ ਨੌਜਵਾਨਾਂ ਦੀ ਖੇਡਾਂ ‘ਚ ਸ਼ਮੂਲੀਅਤ ਵਧਾਉਣ ਅਤੇ ਸਪੋਰਟਸ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਲਈ ਸਥਾਨਕ ਸਹੂਲਤਾਂ ਵਿਚ ਨਿਵੇਸ਼ ਬਹੁਤ ਜ਼ਰੂਰੀ ਹੈ ।
ਇਸ ਵੇਲੇ, ਟਮੈਨਾਵਿਸ ਪਾਰਕ ਵਿੱਚ ਦੋ ਆਰਟੀਫ਼ੀਸ਼ੀਅਲ ਟਰਫ ਗਰਾਊਂਡ, ਬੇਸਬਾਲ ਅਤੇ ਇੱਕ ਫੁੱਟਬਾਲ ਦਾ ਮੈਦਾਨ ਹੈ, ਜਿਸ ਕਾਰਨ ਇਹ ਸਰੀ ਵਿੱਚ ਖੇਡਾਂ ਦਾ ਮੁੱਖ ਕੇਂਦਰਬਿੰਦੂ ਹੈ।
ਨਵੀਂ ਗਰਾਊਂਡ ਦੀ ਉਸਾਰੀ ਮਾਰਚ ਵਿਚ ਸ਼ੁਰੂ ਕਰ, ਉਮੀਦ ਕੀਤੀ ਜਾ ਰਹੀ ਹੈ ਕਿ ਇਹ 2025 ਦੇ ਅਖੀਰ ਵਿੱਚ ਮੁਕੰਮਲ ਹੋ ਜਾਵੇਗੀ ।
ਸਿਟੀ ਦੇ ਪਾਰਕਸ, ਰੀਕ੍ਰੀਏਸ਼ਨ ਐਂਡ ਸਪੋਰਟ ਟੂਰਿਜ਼ਮ ਕਮੇਟੀ ਦੇ ਚੇਅਰ ਕੌਂਸਲਰ ਗੋਰਡ ਹੈਪਨਰ ਅਨੁਸਾਰ, “ਇਹ ਨਵਾਂ ਮੈਦਾਨ ਖੇਡ ਪ੍ਰੇਮੀਆਂ ਅਤੇ ਸਥਾਨਕ ਕਲੱਬਾਂ ਲਈ ਇੱਕ ਮਹੱਤਵਪੂਰਨ ਸਰੋਤ ਵਜੋਂ ਕੰਮ ਕਰੇਗਾ।” ਕਮਿਊਨਿਟੀ ਲਈ ਇਹ ਇਕ ਬਹੁਤ ਵਧੀਆ ਉਪਰਾਲਾ ਹੈ, ਜਿਸ ਨਾਲ ਸਾਡੇ ਸ਼ਹਿਰ ਵਿਚ ਜਿੱਥੇ ਫੀਲਡ ਹਾਕੀ ਵਿੱਚ ਨੌਜਵਾਨਾਂ ਦੀ ਰੁਚੀ ਵਧੇਗੀ, ਉੱਥੇ ਵੱਡੇ ਪੱਧਰ ਦੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਮੌਕੇ ਵੀ ਵਧਣਗੇ।” ਇਸ ਕੰਨਟਰੈਕਟ ਲਈ ਮੰਨਜ਼ੂਰ ਫੰਡਿੰਗ 2024 ਦੇ ਪਾਰਕ,ਰੀਕ੍ਰੀਏਸ਼ਨ ਐਂਡ ਕਲਚਰ ਵਿਭਾਗ ਦੇ ਕੈਪੀਟਲ ਬਜਟ ਤਹਿਤ ਉਪਲਬਧ ਹੈ ।